ਗ਼ਜ਼ਲ

(ਸਮਾਜ ਵੀਕਲੀ)

 

ਹਰ ਜਗ੍ਹਾ ਤੇ ਜ਼ਿਕਰ ਸਾਡੀ ਦੋਸਤੀ ਦਾ।
ਹਰ ਜਗ੍ਹਾ ਚਰਚਾ ਤੁਹਾਡੀ ਦੁਸ਼ਮਣੀ ਦਾ।

ਇਹ ਕਦੋਂ ਮਨਜ਼ੂਰ ਹੁੰਦੈ ਮਾਲਕਾਂ ਨੂੰ,
ਕੋਈ ਕਾਮਾ ਖ਼ਾਬ ਦੇਖੇ ਮਾਲਕੀ ਦਾ।

ਰੰਗ ਬਦਲੇ ਵੇਖ ਪਲ-ਪਲ ਬੰਦਿਆਂ ਦੇ,
ਕਹਿਣ ਗਿਰਗਿਟ,’ਕੀ ਭਰੋਸਾ ਆਦਮੀ ਦਾ’।

‘ਆਉਣ ਵਾਲ਼ੇ ਅੱਛੇ ਦਿਨ ਹਨ’, ਜਿਸ ਕਿਹਾ ਸੀ,
ਨਿੱਕਲਿਆ ਝੂਠਾ ਉਹ ਬੰਦਾ ਇਸ ਸਦੀ ਦਾ।

ਖ਼ੁਦਕੁਸ਼ੀ ਰਾਹੇ ਕਿਸਾਨੀ ਪੈ ਗਈ ਕਿਉਂ,
ਹੱਲ ਕੋਈ ਸੋਚੀਏ ਬਿਪਤਾ ਬਣੀ ਦਾ।

ਜਦ ਨਦੀ ਅਪਣੇ ਕਿਨਾਰੇ ਤੋੜਦੀ ਹੈ,
ਝੱਲਣਾ ਮੁਸ਼ਕਿਲ ਹੈ ਫਿਰ ਗੁੱਸਾ ਨਦੀ ਦਾ।

ਇਹ ਹਵਾ ਕਿੱਦਾਂ ਦੀ ਚੱਲੀ ਐ ਖ਼ੁਦਾਇਆ!
ਆਦਮੀ ਹੋਇਆ ਹੈ ਦੁਸ਼ਮਣ ਆਦਮੀ ਦਾ।

ਪੀਣ ਵੇਲ਼ੇ ਵੀ ਖ਼ੁਦਾ ਨੂੰ ਯਾਦ ਕਰੀਏ,
ਵੱਖਰਾ ਅੰਦਾਜ਼ ਸਾਡੀ ਬੰਦਗੀ ਦਾ।

ਦੇ ਰਹੇ ਹਨ ਸਭ ਵਧਾਈ ਜਨਮ ਦਿਨ ਦੀ,
ਸਾਲ ਘਟਿਆ ਜਦ ਕਿ ਹੈ ਇੱਕ ਜ਼ਿੰਦਗੀ ਦਾ।

ਉਹ ਖ਼ਜ਼ਾਨਾ ਭਰ ਰਿਹੈ ਲਾ ਕਰ ਨਵੇਂ ਨਿੱਤ,
ਚੁੱਕਦਾ ਲਾਹਾ ਹੈ ਸਾਡੀ ਬੇਬਸੀ ਦਾ।

ਸੁਬਹ ਸ਼ਾਮੀਂ ਮਾੜੇ ਹਾਲੀਂ ਰੱਬ-ਧਿਆਵੇਂ,
ਲਾਭ ਕੀ ਦੱਸ ਲਾਭ ਕੀ ਇਸ ਬੰਦਗੀ ਦਾ?

ਬਾਗ਼ਬਾਂ ਜਦ ਖ਼ੁਦ ਉਜਾੜਨ ਬਾਗ਼ ਰਾਣੇ,
ਕੌਣ ਸੁਣਦਾ ਰੋਣ ਫੁੱਲਾਂ ਦਾ ਕਲੀ ਦਾ।

ਜਗਦੀਸ਼ ਰਾਣਾ

ਸੰਪਰਕ – 9872630635

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਭ ਤੋਂ ਵੱਡਾ ਵੈਦ
Next articleਬੱਚਿਆਂ ਵਿਚ ਵਧ ਰਹੀ ਹਮਲਾਵਰਤਾ ਇਕ ਵੱਡੀ ਚੁਣੌਤੀ