(ਸਮਾਜ ਵੀਕਲੀ)
ਅਕਸਰ ਗਲਤੀ ਹੋ ਜਾਂਦੀ ਹੈ
ਕੈਸੀ ਸ਼ੈਅ ਜੋ ਮੋਹ ਜਾਂਦੀ ਹੈ
ਜਿਸ ਦਾ ਜੀਵਨ ਨੇਰ੍ਹਾ ਢੋਵੇ
ਉਸ ਦੀ ਘਟਦੀ ਲੋਅ ਜਾਂਦੀ ਹੈ
ਬਿਨ ਦਿਲਬਰ ਰੂਹ ਬਿਰਹਾ ਮਾਰੀ
ਗ਼ਮ ਤ੍ਰਿਹਾਈ ਢੋਅ ਜਾਂਦੀ ਹੈ
ਅਮੀਰੀ ਮੀਂਹ ਦਾ ਜਸ਼ਨ ਮੰਨਾਵੇ
ਗ਼ੁਰਬਤ ਦੀ ਛੱਤ ਚੋਅ ਜਾਂਦੀ ਹੈ
ਚੇਤਾ ਆਉਂਦਾ ਲੰਘ ਜਾਵਣ ‘ਤੇ
ਜਦੋਂ ਜਵਾਨੀ ਖੋ ਜਾਂਦੀ ਹੈ
ਜੋ ਮਸਕੀਨਾਂ ਦਾ ਹੱਕ ਖਾਵਨ
ਦੁੱਖੀਆਂ ਦੀ ਆਹ ਪੋਹ ਜਾਂਦੀ ਹੈ
ਤੋੜ ਮਰੋੜ ਕੇ ਦਿਲ ਫੁੱਲ ਵਰਗਾ
‘ਪ੍ਰੀਤ’ ਦੇਖ ਲੈ ਉਹ ਜਾਂਦੀ ਹੈ
ਪਰਮ ‘ਪ੍ਰੀਤ’ ਬਠਿੰਡਾ