(ਸਮਾਜ ਵੀਕਲੀ)
ਖੌਲਿਆ ਜੇ ਖੂਨ ਸਾਡਾ, ਤੂੰ ਤਮਾਸ਼ਾ ਫੇਰ ਦੇਖੀਂ
ਤੂੰ ਮਸੀਹੇ ਪਰਖ਼ ਇਹ ਵੀ, ਲੈ ਸਲੀਬਾਂ ਘੇਰ ਦੇਖੀਂ
ਹਾਂ ਨਿਹੱਥੇ ਦੇਖ ਜਿਗਰਾ , ਤਣ ਗਏ ਹਾਂ ਤੋਪ ਅੱਗੇ
ਵਾਰ ਸਾਨੂੰ ਕਰਨ ਦੇ ਇਕ, ਫਿਰ ਝੜੇ ਤੂੰ ਬੇਰ ਦੇਖੀਂ
ਦੇਖਦੇ ਹਾਂ ਚਾਲ ਤੇਰੀ, ਸੋਚ, ਨੀਯਤ ਅੱਖ ਤੇਰੀ
ਵਾਰ ਸਾਡੇ ਨਾਲ਼ ਪੈਂਦੀ , ਰੂਸ ਤੀਕਰ ਲ਼ੇਰ ਦੇਖੀਂ
ਜ਼ਾਬਤੇ ਵਿੱਚ ਸਿੱਖ ਰਹਿਣਾ, ਪਰਖ਼ ਨਾ ਪੰਜਾਬ ਸੁੱਤਾ
ਖੌਲਿਆ ਜੇ ਨੀਰ ਇਸਦਾ, ਕਰ ਦਿਊ ਸਭ ਢੇਰ ਦੇਖੀਂ
ਪਾੜ ਬੰਜ਼ਰ ਬੀਜ਼ ਦਿੰਦੈ, ਇਹ ਕਿਸਾਨਾਂ ਦਾ ਹੈ ਜਿਗਰਾ
ਏਸ ਜਿਗਰੇ ਚੋਂ ਦਹਾੜਾਂ, ਮਾਰਦੇ ਵੀ ਸ਼ੇਰ ਦੇਖੀਂ
ਪੁਰਖ਼ਿਆਂ ਤੋਂ ਹਰ ਕਹਾਣੀ, ਹੱਡਬੀਤੀ ਵਿਚ ਸੁਣੀ ਹੈ
ਜ਼ਖ਼ਮ ਰਿਸਦੇ ਲੈ ਖੜੇ ਹਾਂ, ਨਾਲ਼ ਮਿੱਟੀ ਸੇਰ ਦੇਖੀਂ
ਜੇ ਅਜੇ ਖਾਮੋਸ਼ ਤਾਂ ਕੀ, ਕਰ ਤਬਾਹੀ ਦੇਣਗੇ ੳਠ
ਭਗਤ, ਊਧਮ, ਬੋਸ, ਸਰਾਭੇ, ਗਦਰ ਦੀ ਚੰਗ਼ੇਰ ਦੇਖੀਂ
ਪੁੱਤ ਮਿੱਟੀ ਦੇ ਜੁੜੇ ਜਦ, ਨਾਲ਼ ਮਿੱਟੀ ਨਸਲ ਖਾਤਰ
ਪੱਗ ਬੁੱਢੇ ਬਾਪ ਸਿਰ ਤੋਂ, ਜਾਬਰਾ ਤੂੰ ਗ਼ੇਰ ਦੇਖੀਂ
ਮੁੜਕਿਆਂ ਦੀ ਗੰਧ ਸਾਡੀ, ਮਹਿਕ ਬਣ ਚੁੱਕੀ ਫਿਜ਼ਾਵੀਂ
ਅੱਤ ਤੇਰੀ ਨੇ ਮਚਾ ਦੇਣੀ, “ਰੇਤਗੜੵ ” ਅੰਧੇਰ ਦੇਖੀਂ।
ਬਲਜਿੰਦਰ ਸਿੰਘ ਬਾਲੀ ਰੇਤਗੜੵ
9465129168
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly