ਗ਼ਜ਼ਲ

ਜਗਦੀਸ਼ ਰਾਣਾ

(ਸਮਾਜ ਵੀਕਲੀ)

ਹੁਣ ਦੁਸ਼ਮਣਾਂ ਦੇ ਨਾਲ਼ ਵੀ ਨਫ਼ਰਤ ਨਹੀਂ ਰਹੀ।
ਤੇ ਦਿਲ ‘ਚ ਦੋਸਤਾਂ ਦੀ ਵੀ ਚਾਹਤ ਨਹੀਂ ਰਹੀ।
ਇਕ ਉਮਰ ਹੋ ਗਈ ਹੈ ਜੁਦਾ ਹੋਏ ਓਸ ਨੂੰ,
ਉਸ ਨੂੰ ਪਲਟ ਕੇ ਆਉਣ ਦੀ ਫ਼ੁਰਸਤ ਨਹੀਂ ਰਹੀ।
ਚੁੱਪ ਚਾਪ ਵੇਖਦੇ ਨੇ ਜੋ,ਇਹ ਜ਼ੁਲਮ ਹੋ ਰਿਹੈ,
ਲਗਦੈ ਇਨ੍ਹਾਂ ਦੇ ਖ਼ੂਨ ‘ਚ ਗ਼ੈਰਤ ਨਹੀਂ ਰਹੀ।
ਨਾ ਜ਼ੁਲਮ ਹਨ ਸਹਾਰਦੇ ਜੰਮੇਂ ਪੰਜਾਬ ਦੇ,
ਇਹਨਾਂ ਨੂੰ ਜ਼ੁਲਮ ਸਹਿਣ ਦੀ ਆਦਤ ਨਹੀਂ ਰਹੀ।
ਮਾੜੇ ਸਮੇਂ ਤੋਂ ਬਾਅਦ ਸਮਾਂ ਆਏਗਾ ਭਲਾ,
ਇੱਕੋ ਜਿਹੀ ਕਿਸੇ ਦੀ ਵੀ ਹਾਲਤ ਨਹੀਂ ਰਹੀ।
ਸਰਕਾਰ ਹੈ ਅਮੀਰ ਉਵੇਂ ਲੋਕ ਹਨ ਗ਼ਰੀਬ,
ਪ੍ਰਧਾਨ ਕਹਿ ਰਿਹਾ ਹੈ ਕਿ ਗ਼ੁਰਬਤ ਨਹੀਂ ਰਹੀ।
ਝੀਲਾਂ,ਪਹਾੜ,ਨਦੀਆਂ,ਜੰਗਲ ‘ਚ ਘੁੰਮਣਾਂ,
ਦਿਲ ਨੂੰ ਕਿਸੇ ਤਰ੍ਹਾਂ ਦੀ ਵੀ ਚਾਹਤ ਨਹੀਂ ਰਹੀ।
ਜੰਨਤ ਸੀ ਓਸ ਨਾਲ਼ ਉਦ੍ਹੇ ਜਾਣ ਬਾਅਦ ਪਰ,
ਲਗਦਾ ਹੈ ਇਹ ਜਗ੍ਹਾ ਜਿਵੇਂ ਜੰਨਤ ਨਹੀਂ ਰਹੀ।
ਆ ਵੀ ਗਿਓਂ ਜੇ ਪਰਤ ਕੇ ਤਾਂ ਕੀ ਹੈ ਰਾਣਿਆ,
ਹੁਣ ਦਿਲ ਨੂੰ ਤੇਰੇ ਨਾਲ਼ ਮੁਹੱਬਤ ਨਹੀਂ ਰਹੀ।
ਜਗਦੀਸ਼ ਰਾਣਾ
ਸੰਪਰਕ 
7986207849

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੋਹਿਰਾ
Next articleਇੱਕ ਹੋਰ ਕਿੱਸਾ