(ਸਮਾਜ ਵੀਕਲੀ)
ਬਾਰਿਸ਼ ਪਿੱਛੋਂ ਅੰਬਰ ਵਿੱਚ, ਅਠਖੇਲੀਆਂ ਕਰਦੇ ਪੰਛੀ।
ਰੁੱਖਾਂ ਉੱਤੇ ਆਲ੍ਹਣਿਆਂ ਵਿੱਚ, ਅੰਤ ਉਤਰਦੇ ਪੰਛੀ।
ਅੰਬਰ ਵਿੱਚ ਸ਼ਿਕਾਰੀ ਵੀ ਹੈ,ਇਸ ਗੱਲੋਂ ਅਣਜਾਣੇ,
ਕੁਝ ਇਕ ਵਾਰੀ ਤਾਂ ਅਣਆਈ ਮੌਤੇ ਮਰਦੇ ਪੰਛੀ।
ਏ.ਸੀ. ਕਮਰੇ ਵਿੱਚ ਬੈਠਾ ਮੈਂ,ਸੋਚ ਰਿਹਾ ਹਾਂ ਏਹੋ,
ਤਪਦੇ-ਠਰਦੇ ਮੌਸਮ ਖ਼ੌਰੇ,ਕਿੱਦਾਂ ਜਰਦੇ ਪੰਛੀ।
ਮੰਦਿਰ ਤੇ ਮਸਜਿਦ ਦੀ ਛੱਤ ਹੈ, ਇੱਕ ਜਿਹੀ ਇਹਨਾਂ ਨੂੰ,
ਮਜ਼੍ਹਬਾਂ ਕਰਕੇ ਸਾਡੇ ਵਾਂਗ ਨਾ ਲੜਦੇ-ਮਰਦੇ ਪੰਛੀ।
ਇਹਨਾਂ ਨੂੰ ਸਰਹੱਦ ਨਾ ਕੋਈ, ਜਿੱਧਰ ਮਰਜ਼ੀ ਜਾਵਣ,
ਉੱਡਦੇ ਨੇ ਇਸਲਾਮਾਬਾਦ ‘ਚ, ਅੰਮ੍ਰਿਤਸਰ ਦੇ ਪੰਛੀ।
ਐ ਬੰਦੇ! ਅੱਜ ਲੋੜ ਬੜੀ ਹੈ, ਸਿੱਖ ਤੂੰ ਇਹਨਾਂ ਕੋਲੋਂ,
ਲੋੜ ਤੋਂ ਵਾਧੂ ਕੁਝ ਵੀ ਤਾਂ ਨਾ ‘ਕੱਠਾ ਕਰਦੇ ਪੰਛੀ।
ਸੂਰਜ ਚੜ੍ਹਦੇ ਸਾਰ ਟਿਕਾਣਾ ਛੱਡ ਦਿੰਦੇ ਇਹ ਰਾਣੇ,
ਚੋਗ ਚੁਗੇਂਦੇ, ਅਰਸ਼ਾਂ ਤੀਕ ਉਡਾਰੀ ਭਰਦੇ ਪੰਛੀ।
ਜਗਦੀਸ਼ ਰਾਣਾ
ਸੰਪਰਕ – 7986207849
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly