ਗ਼ਜ਼ਲ

ਮੇਜਰ ਸਿੰਘ ਰਾਜਗੜ੍ਹ

(ਸਮਾਜ ਵੀਕਲੀ)

ਮਨ ਦੀ ਵੀਣਾ ਲੋਚ ਰਹੀ ਏ,ਤੇਰਾ ਯਾਰ ਦਿਦਾਰ ਮਿਲੇ।
ਤਪਦੇ ਮਾਰੂਥਲ ਵਿਚ ਭਾਵੇਂ,ਓਸ ਝਨਾਂ ਤੋਂ ਪਾਰ ਮਿਲੇ।

ਛਲਕਣ ਨੈਣ ਸਮੁੰਦਰ ਵਾਂਗੂੰ,ਤੈਨੂੰ ਕੀ ਜਦ ਖਬਰ ਨਹੀਂ,
ਖੜ੍ਹ ਖੜ੍ਹ ਰਾਹਾਂ ਦੇ ਵਿਚ ਤੱਕਾਂ,ਦਿਲ ਨੂੰ ਆਉਂਦਾ ਸਬਰ ਨਹੀਂ,
ਤੜਫ ਰਹੇ ਇਹ ਦਿਲ ਚੰਦਰੇ ਨੂੰ,ਜਿੰਦੜੀ ਦਾ ਉਪਹਾਰ ਮਿਲੇ।
ਮਨ ਦੀ ਵੀਣਾ ਲੋਚ ਰਹੀ ਏ——————

ਪਰਦੇਸ ਗਏ ਨੂੰ ਯੁੱਗ ਬੀਤ ਗਏ,ਕੋਈ ਸੁਨੇਹਾਂ ਆਇਆ ਨਾ,
ਔਸੀਆਂ ਪਾ ਨਾ ਤੱਕ ਗਏ ਹਾਂ,ਕਾਗ ਕੋਈ ਕੁਰਲਾਇਆ ਨਾ।
ਮਸਤੀ ਦੇ ਵਿਚ ਬੇਸੁਧ ਹੋਵਾਂ ,ਜੇ ਮੇਰਾ ਗ਼ਮਖ਼ਾਰ ਮਿਲੇ,
ਮਨ ਵੀਣਾ ਲੋਚ ਰਹੀ ਏ———–

ਨੈਣ ਉਦਾਸੇ ਦੀਦ ਤੇਰੀ ਦੇ ਕੱਖਾਂ ਵਾਂਗੂੰ ਰੁਲ ਦੇ ਹਾਂ,
ਕੱਖਾਂ ਵਾਂਗੂੰ ਰੁਲ ਗਏ ਹਾਂ ਜਦ,ਲਾਲ ਇਹ ਕਿਹੜੇ ਮੁੱਲ ਦੇ ਹਾਂ।
ਤੜਫ ਮੇਰੀ ਸੁਣ ਪਿਆਰੇ ਮਹਿਰਮ,ਕਿਧਰੋਂ ਤਾਂ ਇਤਬਾਰ ਮਿਲੇ,
ਮਨ ਦੀ ਵੀਣਾ ਲੋਚ ਰਹੀ ਏ——————

ਸਖੀਆਂ ਨੇ ਸੁੱਭ ਈਦ ਦੀਵਾਲੀ ਕਰਵਾ ਚੌਥ ਮਨਾਇਆ ਏ,
ਬਿਰਹੇ ਦਾ ਇਹ ਸਾਉਣ ਮਹੀਨਾ ਸਾਡੇ ਹਿੱਸੇ ਆਇਆ ਏ,
ਡੋਬੇ ਸੋਕੇ ਮਨ ਮੇਰੇ ਨੂੰ,ਕਿਸ ਤੋਂ ਦੱਸ ਸਤਿਕਾਰ ਮਿਲੇ,
ਮਨ ਦੀ ਵੀਣਾ ਲੋਚ ਰਹੀ ਏ——————

ਆਪ ਜਾ ਚੰਨ ਪੁੰਨਿਆਂ ਦਾ ਬਣ ਕੇ,ਦਿਲ ਨੂੰ ਹੋਰ ਸਤਾਵੀਂ ਨਾ,
ਲੋਭ ਦਮਾਂ ਦੀ ਖਾਤਰ ਕਿਰਤੀ,ਪਾਰ ਸਮੁੰਦਰੋਂ ਜਾਵੀਂ ਨਾ,
ਦੁਖ ਸੁਖ ਮਿਲ ਕੇ ਕੱਟ ਲੈਣੇ ਨੇ,ਆਪਸ ਦੇ ਵਿਚ ਪਿਆਰ ਮਿਲੇ,
ਮਨ ਦੀ ਵੀਣਾ ਲੋਚ ਰਹੀ ਏ——————

ਮੇਜਰ ਸਿੰਘ ਰਾਜਗੜ੍ਹ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੀ – 20 ਜਨ ਭਾਗੀਦਾਰੀ ਪ੍ਰੋਗਰਾਮ ਅਧੀਨ ਸਿੱਖਿਆ ਅਧਿਕਾਰੀਆਂ ਤੇ ਅਧਿਆਪਕਾਂ ਦੀ ਮੀਟਿੰਗ ਆਯੋਜਿਤ
Next articleਗੀਤ