(ਸਮਾਜ ਵੀਕਲੀ)
ਕੌਣ ਭਰੋਸਾ ਕਰ ਸਕਦਾ ਹੈ,ਕੌਣ ਇਹ ਗੱਲ ਵਿਚਾਰੇ।
ਖ਼ੁਸ਼ਬੂਆਂ ਨੇ ਮਾਰ ਮੁਕਾਏ,ਮਹਿਕਾਂ ਦੇ ਵਣਜਾਰੇ।
ਲੰਮਾ ਪੈਂਡਾ,ਸੱਪਾਂ ਦੇ ਸਿਰ ਮਿਧ ਜੋ ਏਥੇ ਪਹੁੰਚੇ,
ਸਰਕਾਰੀ ਸੱਪ ਉਨ੍ਹਾਂ ਅੱਗੇ ਬੈਠਾ ਫੰਨ ਖਿਲਾਰੇ।
ਅੱਖਾਂ ਦੇ ਵਿਚ ਸਾਗਰ ਭਰ ਕੇ, ਗਲ਼ ਲਾ ਕਿਰਨਾਂ ਤਾਈਂ,
ਚੁੱਪ ਚੁਪੀਤੇ ਰਾਵੀ ਤੈਨੂੰ ਸਤਲੁਜ ਰੋਜ਼ ਪੁਕਾਰੇ।
ਜਦ ਬਰਫ਼ਾਂ ਦੇ ਦੇਸ਼ ਹਾਂ ਜਾਂਦਾ,ਯਾਦ ਉਦ੍ਹੀ ਅੱਗ ਲਾਉਂਦੀ,
ਭੁੱਲੇ ਦਿਨ ਸਭ ਚੇਤੇ ਆਉਂਦੇ ਜੋ ਉਸ ਨਾਲ਼ ਗੁਜਾਰੇ।
ਸਾਵਣ ਦੀ ਬਦਲੋਟੀ ਆ ਕੇ ਮੈਨੂੰ ਇਕ ਦਿਨ ਕਹਿੰਦੀ,
ਤੇਰੇ ਵਰਗੇ ਮੱਚਦੇ ਮੌਸਮ ਮੈਂ ਬੁੱਕਲ ਲੈ ਠਾਰੇ।
ਜੰਗਲ ਦੀ ਅੱਗ ਵਾਂਗੂੰ ਗੱਲ ਇਹ, ਚਾਰ ਚੁਫ਼ੇਰੇ ਫ਼ੈਲੀ,
ਮੇਰੀ ਯਾਦ ‘ਚ ਮੇਲਾ ਲਾਉਂਦੇ ਮੇਰੇ ਹੀ ਹਤਿਆਰੇ।
ਖ਼ੁਦ ਹੀ ਅਪਣੇ ਹੱਕਾਂ ਖ਼ਾਤਿਰ,ਲੜਨਾ ਸਿੱਖ ਗਏ ਜਦ ਤੋਂ,
ਅਪਣਾ ਆਸਰਾ ਆਪ ਹੀ ਹੋਏ ਜੋ,ਲੋਕ ਸੀ ਬੇਸਹਾਰੇ।
ਜਦ ਭੁੱਖੇ ਨੇ ਰੋਟੀ ਮੰਗੀ ਤਾਂ ਕਿਉਂ ਜ਼ਾਲਿਮ ਲੋਕਾਂ ?
ਉਸ ਦੇ ਹੱਥਾਂ ਤੇ ਧਰ ਦਿੱਤੇ ਸੀ ਮੱਚਦੇ ਅੰਗਾਰੇ।
ਇਸ਼ਕ ਦਿਮਾਗ਼ੀ ਹੋਇਆ ਹੈ ਹੁਣ, ਦੇਖੇ ਘਾਟਾ-ਵਾਧਾ,
ਹੁਣ ਧੀਦੋ ਰਾਂਝਾ ਹੋਵੇ ਨਾ ਛੱਡੇ ਤਖ਼ਤ ਹਜਾਰੇ।
ਮਹਿਲਾਂ ਵਾਲ਼ੇ ਕਰਨ ਦੁਆਵਾਂ, ਮੀਂਹ ਵਰਸਾ ਦੇ ਰੱਬਾ !
ਰਾਣਾ ਡਰਦੈ ਢਹਿ ਨਾ ਜਾਵਣ,ਉਸ ਦੇ ਕੱਚੇ ਢਾਰੇ।
ਸੰਪਰਕ -7986207849
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly