(ਸਮਾਜ ਵੀਕਲੀ)
ਵੰਡ ਸਮੇਂ ਜੋ ਤਾਂਡਵ ਹੋਇਆ,ਚੁਪ ਵੇਂਹਦੀ ਕਾਇਨਾਤ ਰਹੀ।
ਧਰਮ ਮਜ਼ਬ ਦੇ ਨਾਂ ਤੇ ਖੌਰੂ, ਪਾਉਂਦੀ ਆਦਮ ਜਾਤ ਰਹੀ।
ਵਿਹਲੜ ਏਥੇ ਐਸ਼ਾਂ ਕਰਦੇ,ਅਜ਼ਲਾਂ ਤੋਂ ਇਹ ਬਾਤ ਰਹੀ।
ਕਾਮੇ ਮਜ਼ਦੂਰਾਂ ਦੇ ਹਿੱਸੇ,ਦੁੱਖਾਂ ਦੀ ਬਹੁਤਾਤ ਰਹੀ।
ਜਦ ਕਿਰਤੀ ਨੇ ਏਕਾ ਕੀਤਾ, ਪਰਚਮ ਉੱਚਾ ਹੋਇਆ ਤਦ,
ਚੜ੍ਹਦਾ ਆਸਾਂ ਵਾਲਾ ਸੂਰਜ , ਛਟਦੀ ਕਾਲ਼ੀ ਰਾਤ ਰਹੀ।
ਪਾੜਾ ਵਧਦਾ ਜਾਵੇ ਨਿਸ ਦਿਨ, ਏਥੇ ਜੋਕਾਂ ਲੋਕਾਂ ਵਿਚ,
ਪੂੰਜੀਪਤੀਆਂ ਦੇ ਪੁੜ ਹੇਠਾਂ, ਪਿਸ ਮਜ਼ਦੂਰ ਜਮਾਤ ਰਹੀ।
ਮਜ਼ਦੂਰਾਂ ਦੇ ਢਾਰੇ ਢਹਿ ਗਏ, ਭੁੱਖਣ ਭਾਣੇ ਬਾਲ ਰਹੇ,
ਸਾਉਣ ਮਹੀਨੇ ਹਫ਼ਤਾ ਭਰ ਜਦ, ਹੁੰਦੀ ਸੀ ਬਰਸਾਤ ਰਹੀ।
ਬਚਪਨ ਵਿੱਚ ਜਦੋਂ ਵੀ ਵਿਚਰਾਂ, ਦਿਸਦੀ ਲੋਰੀ ਦਿੰਦੀ ਮਾਂ,
ਮਾਂ ਦੇ ਹੱਥ ਦੀ ਕੁੱਟੀ ਚੂਰੀ, ਸਭ ਤੋਂ ਵੱਡੀ ਦਾਤ ਰਹੀ।
ਸਾਡੇ ਕੋਲੋਂ ਚੁਣੇ ਗਏ ਨਾ, ਨੇਤਾ ਚੰਗੇ ਇਸ ਕਰਕੇ,
ਵੰਨ-ਸਵੰਨੀ ਮਿਲਦੀ ਸਾਨੂੰ, ਉਹਨਾਂ ਤੋਂ ਸੌਗਾਤ ਰਹੀ।
ਦਲਜੀਤ ਰਾਏ ਕਾਲੀਆ
ਮੋਬਾਇਲ 97812-0016 8
ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ।



