ਨਵੀਂ ਦਿੱਲੀ (ਸਮਾਜ ਵੀਕਲੀ): ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਤੋਂ ਬਾਅਦ ਪਾਰਟੀ ਦਾ ਅੰਦਰੂਨੀ ਕਲੇਸ਼ ਸਾਹਮਣੇ ਆਉਣਾ ਜਾਰੀ ਹੈ। ਸੀਨੀਅਰ ਕਾਂਗਰਸੀ ਆਗੂ ਕਪਿਲ ਸਿੱਬਲ ਨੇ ਅੱਜ ਕਿਹਾ ਹੈ ਕਿ ਗਾਂਧੀ ਪਰਿਵਾਰ ਨੂੰ ਪਾਸੇ ਹੋ ਜਾਣਾ ਚਾਹੀਦਾ ਹੈ ਤੇ ਕਾਂਗਰਸ ਦੀ ਅਗਵਾਈ ਕਰਨਾ ਦਾ ਮੌਕਾ ਕਿਸੇ ਹੋਰ ਆਗੂ ਨੂੰ ਦੇਣਾ ਚਾਹੀਦਾ ਹੈ। ‘ਇੰਡੀਅਨ ਐਕਸਪ੍ਰੈੱਸ’ ਨਾਲ ਇਕ ਇੰਟਰਵਿਊ ਵਿਚ ਸਿੱਬਲ ਨੇ ਕਿਹਾ, ‘ਮੈਂ ਸਭ ਦੀ ਕਾਂਗਰਸ ਚਾਹੁੰਦਾ ਹਾਂ। ਕੁਝ ਲੋਕ ਘਰ ਦੀ ਕਾਂਗਰਸ ਚਾਹੁੰਦੇ ਹਨ।’ ਸਿੱਬਲ ਨੇ ਕਿਹਾ ਕਿ 2014 ਦੀਆਂ ਚੋਣਾਂ ਮਗਰੋਂ ਸਿਰਫ਼ ਕੁਝ ਮੌਕਿਆਂ ਨੂੰ ਛੱਡ ਕੇ ਕਾਂਗਰਸ ਲਗਾਤਾਰ ਹਾਰੀ ਹੈ।
ਉਨ੍ਹਾਂ ਕਿਹਾ, ‘ਸੀਡਬਲਿਊਸੀ ਨੇ ਪਾਰਟੀ ਦੀ ਅਗਵਾਈ ਵਿਚ ਭਰੋਸਾ ਜ਼ਾਹਿਰ ਕੀਤਾ ਹੈ, ਪਰ ਜੋ ਕਮੇਟੀ ਤੋਂ ਬਾਹਰ ਹਨ ਉਹ ਹੋਰ ਤਰ੍ਹਾਂ ਮਹਿਸੂਸ ਕਰਦੇ ਹਨ, ਬਹੁਤੇ ਪਾਰਟੀ ਛੱਡ ਗਏ ਹਨ ਤੇ ਹੁਣ ਨਵੇਂ ਆਗੂਆਂ ਨੂੰ ਪਾਰਟੀ ਦੀ ਅਗਵਾਈ ਦਾ ਮੌਕਾ ਦੇਣਾ ਚਾਹੀਦਾ ਹੈ।’ ਦੱਸਣਯੋਗ ਹੈ ਕਿ ਸਿੱਬਲ ਉਨ੍ਹਾਂ ਆਗੂਆਂ ਵਿਚ ਵੀ ਸ਼ਾਮਲ ਸਨ ਜਿਨ੍ਹਾਂ ਸੋਨੀਆ ਗਾਂਧੀ ਨੂੰ ਪੱਤਰ ਲਿਖ ਕੇ ਪਾਰਟੀ ਅੰਦਰ ਸੁਧਾਰ ਲਿਆਉਣ ਦੀ ਬੇਨਤੀ ਕੀਤੀ ਸੀ, ਪਰ ਐਤਵਾਰ ਹੋਈ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਗ਼ੁਲਾਮ ਨਬੀ ਆਜ਼ਾਦ ਤੇ ਆਨੰਦ ਸ਼ਰਮਾ ਨੇ ਹਾਲਾਂਕਿ ਅਗਵਾਈ ਵਿਚ ਬਦਲਾਅ ਦਾ ਮੁੱਦਾ ਨਹੀਂ ਉਠਾਇਆ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਹੋਈ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿਚ ਸੋਨੀਆ ਗਾਂਧੀ ਨੂੰ ਹੀ ਪਾਰਟੀ ਦੀ ਅਗਵਾਈ ਕਰਨ ਦੀ ਬੇਨਤੀ ਕੀਤੀ ਗਈ ਸੀ ਤੇ ਨਾਲ ਹੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਲੋੜੀਂਦੇ ਕਦਮ ਚੁੱਕਣ ਦੀ ਅਪੀਲ ਕਮੇਟੀ ਮੈਂਬਰਾਂ ਨੇ ਕੀਤੀ ਸੀ।
ਇਸ ਤੋਂ ਪਹਿਲਾਂ ਸੋਨੀਆ ਗਾਂਧੀ ਨੇ ਰਾਹੁਲ ਤੇ ਪ੍ਰਿਯੰਕਾ ਗਾਂਧੀ ਸਣੇ ਅਸਤੀਫ਼ਾ ਦੇਣ ਦੀ ਪੇਸ਼ਕਸ਼ ਵੀ ਕੀਤੀ ਸੀ ਜਿਸ ਨੂੰ ਵਰਕਿੰਗ ਕਮੇਟੀ ਨੇ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਸਾਬਕਾ ਸੰਸਦ ਮੈਂਬਰ ਸੰਦੀਪ ਦੀਕਸ਼ਿਤ ਨੇ ਵੀ ਕਿਹਾ ਕਿ, ‘ਕਾਂਗਰਸ ਪ੍ਰਧਾਨ ਨੂੰ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ, ਪਹੁੰਚ ਖੁੱਲ੍ਹੀ ਰੱਖਣੀ ਚਾਹੀਦੀ ਹੈ ਤੇ ਚੀਜ਼ਾਂ ਨੂੰ ਸਵੀਕਾਰਨਾ ਚਾਹੀਦਾ ਹੈ।’ ਉਨ੍ਹਾਂ ਕਿਹਾ ਕਿ ਲੀਡਰਸ਼ਿਪ ਦਾ ਲੋਕਾਂ ਤੇ ਪਾਰਟੀ ਆਗੂਆਂ ਨਾਲ ਰਾਬਤਾ, ਪਾਰਟੀ ਨੂੰ ਲੋਕਾਂ ਵੱਲੋਂ ਸਵੀਕਾਰਨਾ ਤੇ ਹਾਰ ਵੇਲੇ ਜ਼ਿੰਮੇਵਾਰੀ ਕਬੂਲਣੀ ਜ਼ਰੂਰੀ ਪੱਖ ਹਨ। ਦੀਕਸ਼ਿਤ ਨੇ ਕਿਹਾ ਕਿ ਪਰਿਵਾਰ ਲੋਕਾਂ ਨੂੰ ਕਬੂਲ ਨਹੀਂ ਹੈ ਤੇ ਇਹ ਲਗਾਤਾਰ ਮਿਲ ਰਹੀਆਂ ਹਾਰਾਂ ਤੋਂ ਵੀ ਨਜ਼ਰ ਆਉਂਦਾ ਹੈ। ਪਾਰਟੀ ਆਗੂਆਂ ਤੱਕ ਲੋਕਾਂ ਦੀ ਪਹੁੰਚ ਨਹੀਂ ਹੈ। ਦੀਕਸ਼ਿਤ ਨੇ ਦੋਸ਼ ਲਾਇਆ ਕਿ ਚਾਪਲੂਸਾਂ ਨੇ ਪਾਰਟੀ ਨੂੰ ਖ਼ਤਮ ਹੋਣ ਦੀ ਕਗਾਰ ਉਤੇ ਪਹੁੰਚ ਦਿੱਤਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly