ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ

 ਡਾ. ਪ੍ਰਿਤਪਾਲ ਸਿੰਘ ਮਹਿਰੋਕ

(ਸਮਾਜ ਵੀਕਲੀ) ਮਨੁੱਖੀ ਸਮਾਜ ਅਤੇ ਪਸ਼ੂਆਂ ਦੀ ਦੁਨੀਆਂ ਦਾ ਬਹੁਤ ਨੇੜਲਾ ਸਬੰਧ ਰਿਹਾ ਹੈ। ਲੋਕ ਮਨ ਪਸ਼ੂ ਸੰਸਾਰ ਨੂੰ ਆਪਣੇ ਸਮਾਜਚਾਰੇ ਦਾ ਹਿੱਸਾ ਸਮਝ ਕੇ ਉਸ ਦੇ ਮਹੱਤਵ ਨੂੰ ਪਛਾਣਦਾ ਆਇਆ ਹੈ ਤੇ ਉਸ ਦੀ ਕਦਰ ਵੀ ਕਰਦਾ ਆਇਆ ਹੈ। ਪਸ਼ੂਆਂ ਦੀ ਦੁਨੀਆਂ ਵਿੱਚ ਵਿਚਰਨਾ, ਉਸ ਦੁਨੀਆਂ ਨਾਲ ਸਾਂਝ ਸਥਾਪਤ ਕਰਨੀ, ਉਨ੍ਹਾਂ ਕੋਲੋਂ ਕੰਮ ਲੈਣੇ, ਉਨ੍ਹਾਂ ਦੇ ਕੰਮ ਆਉਣਾ ਮਨੁੱਖ ਦੀ ਲੋੜ ਵੀ ਰਹੀ ਹੈ ਤੇ ਇਹ ਪਹਿਲੂ ਉਸ ਦੇ ਸੁਭਾਅ ਦਾ ਹਿੱਸਾ ਵੀ ਬਣਦਾ ਆਇਆ ਹੈ।   ਇਸੇ ਕਰਕੇ ਮਨੁੱਖ ਜਨੌਰਾਂ ਨਾਲ ਸਬੰਧਤ ਸਾਹਿਤ ਦੀ ਰਚਨਾ ਕਰਦਾ ਆਇਆ ਹੈ,ਉਨ੍ਹਾਂ ਦੇ ਰਹਿਣ ਸਹਿਣ ਦੇ ਢੰਗ ਤਰੀਕਿਆਂ, ਆਦਤਾਂ, ਗੁਣਾਂ-ਔਗੁਣਾਂ,ਖਾਣ-ਪੀਣ ਆਦਿ ਬਾਰੇ ਜਾਣਕਾਰੀਆਂ ਹਾਸਲ ਕਰਦਾ ਆਇਆ ਹੈ ਅਤੇ ਵਿਸ਼ੇਸ਼ ਕਰਕੇ ਜਨੌਰ ਕਥਾਵਾਂ ਦੀ ਸਿਰਜਣਾ ਕਰਦਾ ਆਇਆ ਹੈ। ਜਨੌਰ ਕਥਾਵਾਂ ਵਿੱਚ ਮਨੁੱਖ ਦੀ ਵਿਸ਼ੇਸ਼ ਦਿਲਚਸਪੀ ਹਮੇਸ਼ਾਂ ਤੋਂ ਬਣੀ ਰਹੀ ਹੈ। ਜਨੌਰ ਕਥਾਵਾਂ ਵਿਚਲੇ ਪਸ਼ੂ-ਪੰਛੀ ਪਾਤਰ ਮਨੁੱਖਾਂ ਵਾਂਗ ਬੋਲਦੇ ਹਨ, ਕਾਰ-ਵਿਹਾਰ ਕਰਦੇ ਹਨ, ਦੁੱਖ-ਸੁਖ ਮਹਿਸੂਸ ਕਰਦੇ ਹਨ, ਕਠਿਨ ਹਾਲਤਾਂ ਵਿੱਚ ਵੀ ਇਕ-ਦੂਜੇ ਦਾ ਸਾਥ ਨਿਭਾਉਂਦੇ ਹਨ। ਇਸੇ ਕਰਕੇ ਉਹ ਮਨੁੱਖ ਨੂੰ ਚੰਗੇ ਲੱਗਦੇ ਹਨ। ਜਨੌਰ ਕਥਾਵਾਂ ਮਨੁੱਖ ਦਾ ਭਰਪੂਰ ਮਨੋਰੰਜਨ ਤਾਂ ਕਰਦੀਆਂ ਹੀ ਹਨ, ਉਸ ਦੀਆਂ ਭਾਵਨਾਵਾਂ ਨੂੰ ਉਤੇਜਿਤ ਵੀ ਕਰਦੀਆਂ ਹਨ ਤੇ ਨਾਲ ਹੀ ਨੈਤਿਕ ਮੁੱਲਾਂ ਨਾਲ ਜੁੜਦਾ ਕੋਈ ਖਾਸ ਸੁਨੇਹਾ ਵੀ ਦਿੰਦੀਆਂ ਹਨ। ਬੱਚੇ ਜਨੌਰ ਕਥਾਵਾਂ ਨੂੰ ਸੁਣਨ,ਪੜ੍ਹਨ ਤੇ ਵੇਖਣ ਵਿੱਚ ਵਿਸ਼ੇਸ਼ ਦਿਲਚਸਪੀ ਰੱਖਦੇ ਹਨ।
ਪੁਰਾਣੇ ਸਮਿਆਂ ਤੋਂ ਮਨੁੱਖੀ ਮਨ ਤੇ ਬਾਲ ਮਨ ਉਪਰ ਪਸ਼ੂ ਜਗਤ ਦਾ ਬਹੁਤ ਗਹਿਰਾ ਤੇ ਪ੍ਰਬਲ ਪ੍ਰਭਾਵ ਰਿਹਾ ਹੈ। ਇਸੇ ਕਰਕੇ ਮਨੁੱਖ ਉਨ੍ਹਾਂ ਨਾਲ ਸਬੰਧਤ ਕਥਾਵਾਂ ਵਿੱਚੋਂ ਮਿਲਣ ਵਾਲੇ ਕਿਸੇ ਸੁਨੇਹੇ ਜਾਂ ਸੇਧ ਨੂੰ ਸਵੀਕਾਰ ਕਰਨ ਵਿੱਚ ਕੋਈ ਝਿਜਕ ਮਹਿਸੂਸ ਨਹੀਂ ਕਰਦਾ। ਜਨੌਰ ਕਥਾਵਾਂ ਦਾ ਵੱਡਾ ਹਿੱਸਾ ਨੀਤੀ ਕਥਾਵਾਂ ਨਾਲ ਜੁੜਦਾ ਹੈ। ਕਈ ਜਨੌਰ ਕਥਾਵਾਂ ਵਿੱਚ ਕੋਈ ਪਾਤਰ ਉਸ ਕਥਾ ਦੇ ਨਾਇਕ/ਨਾਇਕਾ ਦੀ ਭੂਮਿਕਾ ਅਦਾ ਕਰ ਰਿਹਾ ਹੁੰਦਾ ਹੈ ਤੇ ਸਾਰੀ ਕਥਾ ਉਸ ਦੇ ਜੀਵਨ ਬਿਰਤਾਂਤ ਦੁਆਲੇ ਹੀ ਘੁੰਮਦੀ ਹੈ। ਪਸ਼ੂ-ਪੰਛੀ ਨਾਇਕ/ਨਾਇਕਾ ਦਾ ਕਿਰਦਾਰ/ਸੁਭਾਅ ਵਿਲੱਖਣ ਕਿਸਮ ਦਾ ਤੇ ਰੌਚਕਤਾ ਭਰਪੂਰ ਹੁੰਦਾ ਹੈ। ਜਨੌਰ ਕਥਾਵਾਂ ਵਿਚਲਾ ਸੰਸਾਰ ਅਜਿਹੀ ਬਿਰਤਾਂਤਕ ਜੁਗਤ ਨਾਲ ਸਿਰਜਿਆ ਜਾਂਦਾ ਹੈ, ਜਿਵੇਂ ਕਿਸੇ ਅਲੌਕਾਰੀ ਸੰਸਾਰ ਦੀ ਰਚਨਾ ਕੀਤੀ ਜਾ ਰਹੀ ਹੋਵੇ ਜਾਂ ਕਿਸੇ ਪਰੀ-ਲੋਕ ਵਿੱਚ ਵਾਪਰਦੀ ਕਿਸੇ ਲੋਕ ਕਥਾ ਦੇ ਦ੍ਰਿਸ਼ ਸਾਕਾਰ ਕੀਤੇ ਜਾ ਰਹੇ ਹੋਣ। ਕਈ ਜਨੌਰ ਕਥਾਵਾਂ ਵਿੱਚ ਪਸ਼ੂ-ਪੰਛੀ ਸਹਾਇਕ ਪਾਤਰਾਂ ਦੇ ਰੂਪ ਵਿਚ ਭੂਮਿਕਾ ਨਿਭਾਉਂਦੇ ਨਜ਼ਰ ਆਉਂਦੇ ਹਨ। ਉਹ ਕਥਾ ਦੇ ਨਾਇਕ ਦੇ ਸਹਿਯੋਗੀ ਬਣ ਕੇ ਉਭਰਦੇ ਹਨ। ਨਾਇਕ ਜਦੋਂ ਕਿਸੇ ਸੰਕਟ ਦੀ ਸਥਿਤੀ ਵਿੱਚ ਫਸਦਾ ਹੈ ਤਾਂ ਉਹ ਉਸ ਦੀ ਮਦਦ ਕਰਕੇ ਉਸ ਨੂੰ ਸੰਕਟ ਦੀ ਉਸ ਸਥਿਤੀ ਤੋਂ ਪਾਰ ਲੰਘਾਉਂਦੇ ਹਨ। ਕਿਸੇ ਉਦੇਸ਼/ਟੀਚੇ ਦੀ ਭਾਲ ਵਿੱਚ ਨਿਕਲੇ ਨਾਇਕ ਦੀ ਉਹ  ਹਰੇਕ ਹੀਲੇ ਥਾਂ-ਪਰ-ਥਾਂ ਮਦਦ ਕਰਦੇ ਹਨ ਤੇ ਉਸ ਨੂੰ ਉਸ ਦੇ ਉਦੇਸ਼ ਤੱਕ ਪਹੁੰਚਾਉਣ ਜਾਂ ਸਬੰਧਤ ਚੀਜ਼ ਦੀ ਭਾਲ ਕਰਨ ਵਿੱਚ ਉਸ ਦੀ ਮਦਦ ਕਰਦੇ ਹਨ।
ਕਈ ਜਨੌਰ ਕਥਾਵਾਂ ਸਿਰਫ ਮਨੋਰੰਜਨ ਕਰਨ ਦੇ ਮੰਤਵ ਨਾਲ ਘੜੀਆਂ, ਲਿਖੀਆਂ, ਪੜ੍ਹੀਆਂ, ਸੁਣਾਈਆਂ ਤੇ ਵਿਖਾਈਆਂ ਜਾਂਦੀਆਂ ਹਨ। ਉਨ੍ਹਾਂ ਵਿੱਚ ਪਸ਼ੂ-ਪੰਛੀ ਪਾਤਰ ਕਥਾ ਦੇ ਮੁੱਖ ਪਾਤਰ ਵਜੋਂ ਪੇਸ਼ ਹੁੰਦੇ ਹਨ ਤੇ ਕਥਾ ਦਾ ਸਾਰਾ ਤਾਣਾ-ਬਾਣਾ ਉਨ੍ਹਾਂ ਦੁਆਲੇ ਹੀ ਉਸਰਦਾ ਹੈ। ਨਿਰੋਲ ਕਲਪਨਾ ‘ਤੇ ਆਧਾਰਿਤ ਜਨੌਰ ਕਥਾਵਾਂ ਵਿੱਚ ਪਸ਼ੂਆਂ ਦੀ ਬਹਾਦਰੀ, ਉਨ੍ਹਾਂ ਦੀਆਂ ਮਨੁੱਖ ਨਾਲੋਂ ਵੱਖਰੀ ਕਿਸਮ ਦੀਆਂ ਸਮਰਥਾਵਾਂ/ਗੁਣਾਂ, ਉਨ੍ਹਾਂ ਦੇ ਅਦਭੁੱਤ ਕਾਰਜਾਂ, ਉਨ੍ਹਾਂ ਦੇ ਪਿਆਰ, ਉਨ੍ਹਾਂ ਦੀਆਂ ਦੁਸ਼ਮਣੀਆਂ, ਉਨ੍ਹਾਂ ਦੀ ਵਫਾਦਾਰੀ ਆਦਿ ਦੁਆਲੇ ਉਸਰਦੀਆਂ ਹਨ। ਵਿਰੋਧੀ ਲੱਛਣਾਂ ਵਾਲੇ ਪਸ਼ੂਆਂ (ਜਿਵੇਂ ਸ਼ੇਰ ਤੇ ਬੱਕਰੀ) ਨਾਲ ਸਬੰਧਤ ਲੋਕ ਕਥਾਵਾਂ ਵੀ ਅਹਿਮ ਸੁਨੇਹਾ ਦਿੰਦੀਆਂ ਹਨ। ਕਈ ਜਨੌਰ ਕਥਾਵਾਂ ਨਾਲ ਕਈ ਲੋਕ-ਵਿਸ਼ਵਾਸ ਵੀ ਜੁੜਦੇ ਜਾਂਦੇ ਹਨ।
ਜਨੌਰ ਕਥਾਵਾਂ ਅਸਲ ਵਿੱਚ ਲੋਕ ਮਨ ਦੀ ਤਰਜਮਾਨੀ ਕਰਦੀਆਂ ਹਨ। ਉਹ ਪਰੰਪਰਾ ਨਾਲ ਜੁੜੀਆਂ ਹੁੰਦੀਆਂ ਹਨ ਤੇ ਉਨ੍ਹਾਂ ਵਿਚਲੇ ਬਿਰਤਾਂਤਕ ਤੱਤ ਉਨ੍ਹਾਂ ਦੀ ਉਸਾਰੀ ਦਾ ਮੂਲ ਧੁਰਾ ਬਣਦੇ ਹਨ। ਜਨੌਰ ਕਥਾਵਾਂ ਇਕ ਤਰ੍ਹਾਂ ਨਾਲ ਪੜ੍ਹਨ-ਸੁਣਨ ਵਾਲਿਆਂ ਨੂੰ ਕਿਸੇ ਸੁਪਨ ਜਗਤ ਦੀ ਸੈਰ ਕਰਵਾ ਦਿੰਦੀਆਂ ਹਨ। ਉਹ ਮਨੁੱਖੀ ਜੀਵਨ ਦੀਆਂ ਸੱਧਰਾਂ ਦੀ ਤਰਜਮਾਨੀ ਕਰਦੀਆਂ ਹਨ। ਜਨੌਰ ਕਥਾਵਾਂ ਦੀਆਂ ਰੂਪ ਵੰਨਗੀਆਂ ਦਾ ਖੇਤਰ ਏਨਾ ਵਿਸ਼ਾਲ ਹੈ ਕਿ ਉਨ੍ਹਾਂ ਨੂੰ ਕਿਸੇ ਨਿਸਚਿਤ ਇਕਾਈ ਵਿੱਚ ਬੰਨ੍ਹ ਸਕਣਾ ਕਠਿਨ ਹੈ। ਜਨੌਰ ਕਥਾਵਾਂ ਸੁਣਨ-ਸੁਣਾਉਣ ਦੇ ਸਮੇਂ ਬੇਸ਼ੱਕ ਬੀਤੇ ਦੀ ਬਾਤ ਬਣ ਕੇ ਰਹਿ ਗਏ ਹਨ, ਪਰ ਇਕ ਗੱਲ ਨਿਸਚਿਤ ਹੈ ਕਿ ਹੁਣ ਦੇ ਅਤੀ ਵਿਕਸਤ ਤਕਨੀਕ ਵਾਲੇ ਤੇ ਡਿਜੀਟਲ ਯੁੱਗ ਵਿੱਚ ਵੀ ਉਨ੍ਹਾਂ ਦੇ ਮਹੱਤਵ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ। ਹੁਣ ਦੇ ਬੱਚੇ ਅਖਬਾਰਾਂ, ਮੈਗਜ਼ੀਨਾਂ, ਕਿਤਾਬਾਂ ‘ਚੋਂ ਜੰਗਲੀ ਜੀਵ ਸੰਸਾਰ ਨਾਲ ਜੁੜੀਆਂ ਕਹਾਣੀਆਂ ਪੜ੍ਹਨੀਆਂ, ਕੌਮਿਕਸ ਪੜ੍ਹਨੀਆਂ, ਵੀਡੀਓ ਗੇਮਾਂ ਵੇਖਣੀਆਂ, ਕਾਰਟੂਨ ਵੇਖਣੇ/ਪੜ੍ਹਨੇ ਤੇ ਟੀ. ਵੀ. ਤੋਂ ਕਾਰਟੂਨ ਫਿਲਮਾਂ ਵੇਖਣੀਆਂ ਇਸੇ ਕਰਕੇ ਪਸੰਦ ਕਰਦੇ ਹਨ ਕਿ ਉਹ ਮਨੋਰੰਜਨ ਨਾਲ ਭਰਪੂਰ ਵੀ ਹੁੰਦੀਆਂ ਹਨ, ਸਿੱਖਿਆਦਾਇਕ ਵੀ ਹੁੰਦੀਆਂ ਹਨ ਤੇ ਪ੍ਰੇਰਨਾਦਾਇਕ ਵੀ ਹੁੰਦੀਆਂ ਹਨ। ਬੱਚਿਆਂ ਦੇ ਜੀਵਨ ਵਿੱਚ ਜਨੌਰ ਕਥਾਵਾਂ ਦੇ ਮਹੱਤਵ ਨੇ ਕਿਸੇ ਨਾ ਕਿਸੇ ਰੂਪ ਵਿੱਚ ਆਪਣਾ ਸਥਾਨ ਬਣਾਈ ਰੱਖਿਆ ਹੈ।

ਡਾ. ਪ੍ਰਿਤਪਾਲ ਸਿੰਘ ਮਹਿਰੋਕ

98885-10185

185-ਵਸੰਤ ਵਿਹਾਰ, ਡੀ.ਸੀ. ਰੈਜ਼ੀਡੈਂਸ ਰੋਡ, ਹੁਸ਼ਿਆਰਪੁਰ – 146 001

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleनालंदा महाविहार: क्या बख्तियार खिलजी ने इसे नष्ट किया?
Next articleਪਰਿਵਾਰਿਕ ਸਮੱਸਿਆਵਾਂ ਵੱਲ ਝਾਕਦਾ ਨਾਵਲ ‘ਡੁੱਲ੍ਹੇ ਬੇਰ’