‘ ਸੇਵਾ ਦਾ ਫਲ ਮੇਵਾ’

ਸਰਿਤਾ ਦੇਵੀ

(ਸਮਾਜ ਵੀਕਲੀ)

ਸੁਰਜੀਤ ਇੱਕ ਪੜ੍ਹੀ-ਲਿਖੀ ਤੇ ਮਿਲਣ ਸਾਰ ਲੜਕੀ ਸੀ। ਉਸ ਦਾ ਵਿਆਹ ਹੋਇਆ ਪੰਜ ਕੁ ਵਰ੍ਹੇ ਹੋ ਗਏ ਸਨ ਪਰ ਉਸ ਦੇ ਘਰ ਔਲਾਦ ਨੇ ਜਨਮ ਨਹੀਂ ਲਿਆ। ਅੱਜ ਉਸਦੀ ਦਿਓਰ ਦਾ ਵਿਆਹ ਸੀ ਤੇ ਬੜੇ ਚਾਈਂ-ਚਾਈਂ ਨਾਲ ਪ੍ਰਹੁਣਿਆ ਦੀ ਆਓ ਭਗਤ ਕਰ ਰਹੀ ਸੀ। ਸਾਰੇ ਰਿਸ਼ਤੇਦਾਰ ਉਸ ਨੂੰ ਬਹੁਤ ਹੀ ਪਿਆਰ ਦਿੰਦੇ ਇਹ ਅਸ਼ੀਰਵਾਦ ਦਿੰਦੇ ਕਿ ਰੱਬ ਇਸ ਦੇ ਘਰ ਵੀ ਨੰਨਾ ਮੁੰਨਾ ਕੋਈ ਬੱਚਾ ਦੇ ਦੇਵੇ। ਜਦੋਂ ਉਹ ਅਸੀਰਵਾਦ ਸੁਣਦੀ ਤਾਂ ਉਦਾਸ ਹੋ ਜਾਂਦੀ ਪਰ ਫੇਰ ਵੀ ਉਹ ਪਰਮਾਤਮਾ ਦੀ ਰਜ਼ਾ ਵਿੱਚ ਰਾਜ਼ੀ ਰਹਿ ਕੇ ਆਪਣੇ ਕੰਮ ਵਿਚ ਮਸਤ ਰਹਿੰਦੀ । ਘਰ ਪਰਿਵਾਰ ਦੀ ਸੇਵਾ ਕਰਦੀ।

ਉਸਦੀਆਂ ਨਣਦਾਂ ਆਪਣੀ ਭਾਬੀ ਤੋਂ ਬਹੁਤ ਖੁਸ਼ ਹਨ ਪਰ ਉਹ ਉਦਾਸ ਵੀ ਹੋ ਜਾਂਦੀਆਂ ਜਦੋਂ ਬਾਬਲ ਦੇ ਵਿਹੜੇ ਨੂੰ ਸੁੰਨਾ ਦੇਖਦੀਆਂ। ਉਸਦੇ ਦਿਉਰ ਦਾ ਵਿਆਹ ਬੜਾ ਹੀ ਵਧੀਆ ਢੰਗ ਨਾਲ ਹੋਇਆ। ਸੁਰਜੀਤ ਦੀ ਦਰਾਣੀ ਸਿਮਰਨ ਵੀ ਬੜੀ ਹੀ ਹਸੂੰ-ਹਸੂੰ ਤੇ ਮਿਲਣਸਾਰ ਸੀ। ਉਹ ਸਰਕਾਰੀ ਸਕੂਲ ਵਿੱਚ ਅਧਿਆਪਕਾ ਵਜੋਂ ਨੌਕਰੀ ਕਰ ਰਹੀ ਸੀ। ਉਸ ਦੇ ਵਿਆਹ ਨੂੰ ਹੋਏ ਮਹੀਨਾ ਹੋ ਗਿਆ ਸੀ ਪਰ ਉਸ ਨੂੰ ਇਹ ਲੱਗ ਰਿਹਾ ਸੀ ਜਿਵੇਂ ਉਹ ਆਪਣੇ ਪੇਕੇ ਘਰ ਹੀ ਹੋਵੇ । ਸੁਰਜੀਤ ਉਸ ਦੀ ਰੋਟੀ ਸਕੂਲ ਲਈ ਪੈਕ ਕਰਕੇ ਦਿੰਦੀ। ਜਦੋਂ ਉਹ ਘਰ ਆਉਂਦੀ ਉਸ ਨੂੰ ਚਾਹ ਪਾਣੀ ਬਾਰੇ ਪੁੱਛਦੀ ਤੇ ਰਾਤ ਨੂੰ ਦੋਵੇਂ ਭੈਣਾਂ ਇਕੱਠੀਆਂ ਰਸੋਈ ਵਿੱਚ ਕੰਮ ਕਰਦੀਆਂ।

ਇੰਜ ਉਸ ਦੇ ਘਰ ਦਾ ਮਾਹੌਲ ਬਹੁਤ ਹੀ ਵਧੀਆ ਗੁਜ਼ਰ ਰਿਹਾ ਸੀ। ਉਸਦੇ ਦਿਓਰ ਦੇ ਵਿਆਹ ਨੂੰ ਤਿੰਨ ਮਹੀਨੇ ਹੀ ਹੋਏ ਉਸਦੀ ਦਰਾਣੀ ਗਰਭਵਤੀ ਹੋ ਗਈ। ਸੁਰਜੀਤ ਦੀ ਖੁਸ਼ੀ ਦਾ ਠਿਕਾਣਾਂ ਨਾ ਰਿਹਾ। ਕਿ ਜਿਵੇਂ ਉਹ ਹੀ ਮਾਂ ਬਣਨ ਜਾ ਰਹੀ ਹੈ। ਜੇਕਰ ਸਿਮਰ ਮਾੜਾ ਮੋਟਾ ਕੋਈ ਘਰ ਦਾ ਕੰਮ ਕਰਦੀ, ਸੁਰਜੀਤ ਉਸ ਨੂੰ ਕੰਮ ਕਰਨ ਤੋਂ ਹਟਾ ਦਿੰਦੀ। ਹਮੇਸ਼ਾਂ ਉਸਨੂੰ ਅਰਾਮ ਕਰਨ ਤੇ ਪਰਮਾਤਮਾ ਦਾ ਪਾਠ ਕਰਨ ਲਈ ਪ੍ਰੇਰਦੀ। ਸਿਮਰਨ ਦੇ ਘਰ ਦੋ ਜੁੜਵਾ ਬੱਚਿਆਂ ਨੇ ਜਨਮ ਲਿਆ। ਇਕ ਬੇਟਾ ਅਤੇ ਬੇਟੀ। ਘਰ ਵਿਚ ਬਹੁਤ ਹੀ ਖੁਸ਼ੀ ਦਾ ਮਾਹੌਲ ਸੀ ਸਾਰੇ ਹੀ ਲੋਕ ਵਧਾਈਆਂ ਦੇ ਰਹੇ ਸਨ ਸਿਮਰਨ ਬਹੁਤ ਖੁਸ਼ ਸੀ । ਸਮਾਂ ਬੀਤਦਾ ਗਿਆ। ਸੁਰਜੀਤ ਘਰ ਦੇ ਕੰਮ ਦੇ ਨਾਲ ਨਾਲ ਸਿਮਰ ਦੇ ਬੱਚਿਆ ਦੀ ਦੇਖ-ਰੇਖ ਇਕ ਮਾਂ ਵਾਂਗ ਕਰਦੀ। ਸਿਮਰ ਨੂੰ ਕੋਈ ਵੀ ਦੁੱਖ-ਤਕਲੀਫ਼ ਨਹੀਂ ਹੋਣ ਦਿੰਦੀ । ਉਹ ਹਮੇਸ਼ਾਂ ਸੁਰਜੀਤ ਨੂੰ ਵੱਡੀ ਭੈਣ ਵਾਂਗ ਵਿਹਾਰ ਕਰਦੀ।

ਬੱਚੇ ਤਿੰਨ ਸਾਲ ਦੇ ਹੋ ਗਏ, ਹੁਣ ਬੱਚੇ ਵੀ ਸਕੂਲ ਜਾਣ ਲੱਗ ਪਏ। ਸੁਰਜੀਤ ਬਹੁਤ ਹੀ ਖ਼ੁਸ਼ ਸੀ ਕਿ ਕਿ ਜੇਕਰ ਮੇਰੀ ਕੁੱਖ਼ ਖ਼ਾਲੀ ਰਹੀ ਪਰ ਮੈਨੂੰ ਇਸ ਦਾ ਕਦੀ ਵੀ ਅਹਿਸਾਸ ਨਹੀਂ ਹੋਇਆ ਬੱਚੇ ਵੀ ਉਸ ਨੂੰ ਵੱਡੀ ਮਾਂ ਕਹਿ ਕੇ ਪੁਕਾਰਦੇ। ਇਕ ਦਿਨ ਅਚਾਨਕ ਸੁਰਜੀਤ ਦੇ ਪੇਟ ਵਿਚ ਦਰਦ ਜਿਹੀ ਮਹਿਸੂਸ ਹੋਣ ਲੱਗੀ ਤੇ ਉਹ ਉਲਟੀਆਂ ਕਰਨ ਲੱਗੀ। ਉਸ ਦੇ ਘਰ ਵਾਲਿਆਂ ਨੂੰ ਉਸਦੀ ਚਿੰਤਾ ਹੋਣ ਲੱਗੀ। ਉਸਦਾ ਪਤੀ ਸੁਖਦੇਵ ਉਸ ਨੂੰ ਡਾਕਟਰ ਕੋਲ ਲੈ ਕੇ ਗਿਆ।

ਚੈੱਕ-ਅੱਪ ਕਰਨ ਤੋਂ ਬਾਅਦ ਡਾਕਟਰ ਨੇ ਸੁਖਦੇਵ ਨੂੰ ਬੁਲਾਇਆ ਤੇ ਕਿਹਾ, “ਵੀਰ ਜੀ, ਤੁਹਾਨੂੰ ਬਹੁਤ ਬਹੁਤ ਮੁਬਾਰਕ । ਤੁਸੀਂ ਪਿਤਾ ਬਣਨ ਵਾਲੇ ਹੋ।”ਸੁਖਦੇਵ ਨੂੰ ਜਿਵੇਂ ਯਕੀਨ ਜਿਹਾ ਨਹੀਂ ਹੋਇਆ ਉਸਨੇ ਆਪਣਾ ਸਿਰ ਹਿਲਾਇਆ ਤੇ ਫਿਰ ਡਾਕਟਰ ਨੂੰ ਪੁੱਛਿਆ ਤਾਂ ਡਾਕਟਰ ਨੇ ‘ਹਾਂ’ ਵਿੱਚ ਜਵਾਬ ਦਿਤਾ। ਇਹ ਖੁਸ਼ਖਬਰੀ ਉਸ ਨੇ ਸੁਰਜੀਤ ਨੂੰ ਵੀ ਦਿੱਤੀ। ਸੁਰਜੀਤ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ। ਪਰਿਵਾਰ ਦੇ ਸਾਰੇ ਜੀਅ ਵੀ ਬਹੁਤ ਖੁਸ਼ ਹੈ ਸਿਮਰ ਦੀ ਵੀ ਖੁਸ਼ੀ ਦਾ ਠਿਕਾਣਾਂ ਨਾ ਰਿਹਾ। ਉਹ ਤੇ ਬੱਸ ਇਹੀ ਕਹਿ ਰਹੀ ਸੀ, “ਦੀਦੀ ਜੀ, ਇਹ ਤੁਹਾਡੀ ਸੇਵਾ ਦਾ ਫਲ ਹੈ।”

ਸੁਰਜੀਤ ਦੇ ਕੋਲ ਖੜੇ ਉਸ ਦੇ ਸਹੁਰਾ ਸਾਹਿਬ ਬੋਲੇ ,”ਬੇਟਾ ,ਉਹ ਪਰਮਾਤਮਾ ਸਭ ਕੁਝ ਦੇਖਦਾ ਹੈ। ਸੇਵਾ ਦਾ ਫਲ ਮਿੱਠਾ ਹੁੰਦਾ ਹੈ ਭਾਵੇਂ ਇਹ ਫਲ ਸਾਨੂੰ ਦੇਰੀ ਨਾਲ ਵੀ ਕਿਉਂ ਨਾ ਮਿਲੇ? ਪਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀਂ। ” ਇੰਝ ਸਭ ਪਰਿਵਾਰ ਦੇ ਸਾਰੇ ਜੀਆਂ ਨੇ ਹਾਂ ਵਿਚ ਹਾਂ ਮਿਲਾਈ। ਸੁਰਜੀਤ ਅਤੇ ਉਸਦੇ ਪਰਿਵਾਰ ਦੀਆਂ ਅੱਖਾਂ ਵਿੱਚ ਖ਼ੁਸ਼ੀ ਦੇ ਹੰਝੂ ਸਨ ਤੇ ਉਹ ਪਰਮਾਤਮਾ ਦਾ ਸ਼ੁਕਰ ਕਰ ਰਹੇ ਸਨ।

ਸਰਿਤਾ ਦੇਵੀ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਧਾਇਕ ਚੀਮਾ ਵੱਲੋਂ ਸੜਕ ਦਾ ਨੀਂਹ ਪੱਥਰ ਰੱਖਿਆ ਗਿਆ
Next articleਸੁਵਿਧਾ ਕੈਂਪ ਦੇ ਨਾਮ ਤੇ ਸਰਕਾਰ ਲੋਕਾਂ ਨੂੰ ਮੂਰਖ ਬਣਾ ਰਹੀ ਹੈ-ਜਥੇਦਾਰ ਖੋਜੇਵਾਲ