ਰਸਾਇਣਿਕ ਖਾਦਾਂ ਤੇ ਕੀਟ ਨਾਸ਼ਕ ਦਵਾਈਆਂ ਤੋਂ ਬਗੈਰ ਘਰੇਲੂ ਬਗੀਚੀਆਂ ’ਚ ਪੈਦਾ ਕੀਤੀਆਂ ਜਾਣ ਫ਼ਲ ਤੇ ਸਬਜੀਆਂ- ਡਾ.ਸਤਬੀਰ ਸਿੰਘ

ਕੌਮੀ ਪੌਸ਼ਣ ਮਹੀਨੇ ਤਹਿਤ ਲਗਾਇਆ ਜਾਗਰੂਕਤਾ ਕੈਂਪ

ਕਪੂਰਥਲ (ਸਮਾਜ ਵੀਕਲੀ) (ਕੌੜਾ)-ਘਰ ਵਿੱਚ ਹੀ ਰਸਾਇਣਿਕ ਖਾਦਾਂ ਅਤੇ ਕੀਟ ਨਾਸ਼ਕ ਦਵਾਈਆਂ ਤੋਂ ਰਹਿਤ ਪੌਸ਼ਟਿਕ ਫ਼ਲ ਅਤੇ ਸਬਜ਼ੀਆਂ ਲਈ ਘਰੇਲੂ ਫ਼ਲ ਅਤੇ ਸਬਜ਼ੀਆਂ ਦੀਆਂ ਬਗੀਚੀਆਂ ਲਗਾਉਣਾ ਬਹੁਤ ਹੀ ਲਾਹੇਵੰਦ ਸਾਬਿਤ ਹੋ ਸਕਦੀਆਂ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਡਿਪਟੀ ਡਾਇਰੈਕਟਰ ਡਾ.ਸਤਬੀਰ ਸਿੰਘ ਵਲੋਂ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਵਲੋਂ ਨਿਰਦੇਸ਼ਕ ਅਟਾਰੀ ,ਲੁਧਿਆਣਾ ਦੇ ਨਿਰਦੇਸ਼ਾਂ ਹੇਠ ਇਫ਼ਕੋ ਅਤੇ ਬਾਲ ਵਕਾਸ ਵਿਭਾਗ ਦੇ ਸਹਿਯੋਗ ਨਾਲ ਪੌਸ਼ਕ ਅਨਾਜ ਅਤੇ ਪੌਸ਼ਟਿਕ ਬਗੀਚੀ ’ਤੇ ਬੂਟੇ ਲਗਾਉਣ ਦੀ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਜਾਗਰੂਕਤਾ ਕੈਂਪ ਦੌਰਾਨ ਕਿਸਾਨ ਵੀਰਾਂ,ਆਂਗਨਵਾੜੀ ਵਰਕਰ ਅਤੇ ਸਕੂਲੀ ਲੜਕੀਆਂ ਨੂੰ ਘਰੇਲੂ ਫ਼ਲ ਤੇ ਸਬਜ਼ੀਆਂ ਦੀ ਬਗੀਚੀ ਲਗਾਉਣ ਲਈ ਪ੍ਰੇਰਿਤ ਕਰਦਿਆਂ ਕੀਤਾ।

ਡਾ.ਸਤਬੀਰ ਸਿੰਘ ਨੇ ਦੱਸਿਆ ਕਿ ਘਰੇਲੂ ਬਗੀਚੀਆਂ ਵਿੱਚ ਪੈਦਾ ਕੀਤੇ ਫ਼ਲ ਅਤੇ ਸਬਜ਼ੀਆਂ ਜਿਥੇ ਪੂਰੀ ਤਰ੍ਹਾਂ ਪੌਸ਼ਟਿਕ ਹੁੰਦੇ ਹਨ ਉਥੇ ਹੀ ਇਹ ਮਨੁੱਖੀ ਸਿਹਤ ਲਈ ਵੀ ਬਹੁਤ ਗੁਣਕਾਰੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਬਾਗਬਾਨੀ ਵਿਭਾਗ ਵਲੋਂ ਲੋਕਾਂ ਨੂੰ ਘਰੇਲੂ ਫ਼ਲ ਤੇ ਸਬਜ਼ੀਆਂ ਦੀ ਬਗੀਚੀ ਲਗਾਉਣ ਲਈ ਪ੍ਰੇਰਿਤ ਕਰਨ ਲਈ ਹੋਰਨਾਂ ਵਿਭਾਗਾਂ ਦੇ ਸਹਿਯੋਗ ਨਾਲ ਸੰਜੀਦਾ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਬਾਗਬਾਨੀ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਦਾ ਲਾਭ ਉਠਾਉਂਦੇ ਹੋਏ ਘਰਾਂ ਵਿੱਚ ਹੀ ਪੌਸ਼ਟਿਕ ਫ਼ਲ ਅਤੇ ਸਬਜ਼ੀਆਂ ਦੇ ਪੈਦਾਵਾਰ ਨੂੰ ਯਕੀਨੀ ਬਣਾਉਣ।

ਇਸ ਮੌਕੇ ਡਾ.ਅਮਨਦੀਪ ਕੌਰ ਸਹਾਇਕ ਪ੍ਰੋਫੈਸਰ ਬਾਗਬਾਨੀ ਨੇ ਆਏ ਪਤਵੰਤਿਆਂ ਨੂੰ ਵਾਤਾਵਰਣ ਦੀ ਸੰਭਾਲ ਵਿੱਚ ਬੂਟਿਆਂ ਦੇ ਯੋਗਦਾਨ ਬਾਰੇ ਦੱਸਿਆ ਅਤੇ ਫਲਦਾਰ ਬੂਟੇ ਲਗਾਉਣ ਸਬੰਧੀ ਤਕਨੀਕੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਸੁਹੰਜਨਾ,ਨਿੰਮ ਵਰਗੇ ਗੁਣਕਾਰੀ ਪੌਦਿਆਂ ਦੀ ਮਹੱਤਤਾ ਉਪਰ ਵੀ ਚਾਨਣਾ ਪਾਇਆ। ਸ੍ਰੀਮਤੀ ਅਵਨੀਤ ਕੌਰ ਅਹੂਜਾ ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਭੋਜਨ ਵਿੱਚ ਪੌਸ਼ਕ ਅਨਾਜ ਜਿਵੇਂ ਬਾਜਰਾ, ਜਵਾਰ, ਕੰਗਨੀ, ਜਵੀ ਆਦਿ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਇਸ ਤੋਂ ਇਲਾਵਾ ਉਨ੍ਹਾ ਨੇ ਇਨਾਂ ਤੋਂ ਬਣਨ ਵਾਲੇ ਵੱਖ-ਵੱਖ ਪੌਸ਼ਟਿਕ ਭੋਜਨ ਪਦਾਰਥਾਂ ਨੂੰ ਤਿਆਰ ਕਰਨ ਦਾ ਤਰੀਕਾ ਵੀ ਦੱਸਿਆ ਗਿਆ। ਇਸ ਮੌਕੇ ਬਾਜਰੇ ਦੀ ਖਿਚੜੀ, ਮਲਟੀਗ੍ਰੇਨ ਚੀਲਾ, ਜਵੀ ਤੋਂ ਬਣਾਏ ਬਿਸਕੁਟ, ਮਲਟੀਗ੍ਰੇਟ ਸੇਵੀਆਂ ਅਤੇ ਇਨਾਂ ਅਨਾਜਾਂ ਦੇ ਬੀਜ ਵੀ ਪ੍ਰਦਰਸ਼ਿਤ ਕੀਤੇ ਗਏ।

ਡਾ.ਮਨਜੀਤ ਕੌਰ ਬਾਗਬਾਨੀ ਮਾਹਿਰ ਵਲੋਂ ਬਾਗਬਾਨੀ ਵਿਭਾਗ ਦੀਆਂ ਵੱਖ-ਵੱਖ ਸਕੀਮਾਂ ਵਿਸਥਾਰ ਪੂਰਵਕ ਦੱਸਿਆ ਗਿਆ ਤਾਂ ਜੋ ਲੋਕ ਇਨਾਂ ਸਕੀਮਾਂ ਦਾ ਲਾਭ ਲੈ ਕੇ ਆਪਣਾ ਰੋਜਗਾਰ ਸ਼ੁਰੂ ਕਰ ਸਕਣ। ਮੈਡਮ ਸਨੇਹ ਲਤਾ ਬਾਲ ਵਿਕਾਸ ਪ੍ਰਾਜੈਕਟ ਅਫ਼ਸਰ, ਕਪੂਰਥਲਾ ਨੇ ਅੱਜ ਦੇ ਯੁੱਗ ਵਿੱਚ ਪੌਸ਼ਟਿਕ ਅਤੇ ਸਾਫ਼ ਸੁਥਰੇ ਭੋਜਨ ਦੀ ਵਰਤੋਂ ’ਤੇ ਜੋਰ ਦਿੱਤਾ ਤਾਂ ਕਿ ਬਿਮਾਰੀਆਂ ਤੋਂ ਬਚਿਆ ਜਾ ਸਕੇ। ਸ੍ਰੀ ਬਲਵਿੰਦਰ ਸਿੰਘ ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਨਡਾਲਾ ਨੇ ਵੀ ਘਰ ਵਿੱਚ ਹੀ ਸਬਜ਼ੀਆਂ ਉਗਾਉਣ ਅਤੇ ਲੜਕੀਆਂ ਨੂੰ ਪੌਸ਼ਟਿਕ ਭੋਜਣ ਦੇਣ ਬਾਰੇ ਪ੍ਰੇਰਿਤ ਕੀਤਾ ਗਿਆ ਤਾਂ ਜੋ ਸਿਹਤਮੰਦ ਸਮਾਜ ਦੀ ਸਿਰਜਣਾ ਹੋ ਸਕੇ। ਸ੍ਰੀ ਗੁਰਜੀਤ ਸਿੰਘ ਫੀਲਡ ਅਫ਼ਸਰ ਇਫ਼ਕੋ ਨੇ ਆਪਣੇ ਵਿਭਾਗ ਵਲੋਂ ਕਰਵਾਈਆਂ ਜਾਂਦੀਆਂ ਗਤੀਵਿਧੀਆਂ ’ਤੇ ਚਾਨਣਾ ਪਾਇਆ ।

ਇਸ ਮੌਕੇ ਪਹੁੰਚੇ ਹੋਏ 100 ਤੋਂ ਵੱਧ ਲੋਕਾਂ ਨੂੰ ਘਰੇਲੂ ਬਗੀਚੀ ਲਈ ਸਬਜ਼ੀ-ਬੀਜਾਂ ਦੀਆਂ ਕਿੱਟਾਂ, ਅੰਬ, ਨਿੱਬੂ,ਕਿੰਨੂ,ਨਿਮ,ਸੁਹੰਜਨਾ ਆਦਿ ਬੂਟੇ ਮੁਫ਼ਤ ਵੰਡੇ ਗਏ ਅਤੇ ਆਖੀਰ ਵਿੱਚ ਗੁਰਜੀਤ ਸਿੰਘ ਵਲੋਂ ਆਏ ਹੋਏ ਮਾਹਿਰਾਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ ਅਤੇ ਕੇ.ਵੀ.ਕੇ.ਕੈਂਪਸ ਵਿਖੇ ਫਲਦਾਰ ਬੂਟੇ ਲਗਾਏ ਗਏ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article7ਵੇਂ ਰਾਜ ਪੱਧਰੀ ਮੈਗਾ ਜੌਬ ਮੇਲੇ ਦੌਰਾਨ ਸਵੀਪ ਕੈਂਪ ਲਗਾਇਆ
Next articleਗਿੱਲ ਆਟੋ ਮੋਬਾਇਲਜ ਵੱਲੋਂ ਆਯੋਜਿਤ ਕਿਸਾਨ ਮਹਾਂਉਤਸਵ ‘ਚ ਗਿੱਲ ਆਟੋਜ ਨੇ ਮਹਿੰਦਰਾ ਕੰਪਨੀ ਦੇ ਵੇਚੇ 11 ਟਰੈਕਟਰ