ਨਵਾਂਸ਼ਹਿਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਗਰਮੀ ਦੀ ਰੁੱਤ ਵਿੱਚ ਸਦਾਬਹਾਰ ਫ਼ਲਦਾਰ ਬੂਟੇ ਜਿਵੇਂ ਕਿ ਅੰਬ,ਲੀਚੀ, ਪਪੀਤਾ, ਕੇਲਾ ਅਤੇ ਨਿੰਬੂ ਜਾਤੀ ਦੇ ਬੂਟਿਆਂ ’ਤੇ ਵਧਦੇ ਤਾਪਮਾਨ ਦਾ ਅਸਰ ਵਧੇਰੇ ਵੇਖਣ ਨੂੰ ਮਿਲਦਾ ਹੈ। ਇਹ ਜਾਣਕਾਰੀ ਡਾ. ਰਾਜੇਸ਼ ਕੁਮਾਰ ਸਹਾਇਕ ਡਾਇਰੈਕਟਰ ਬਾਗਬਾਨੀ ਸ਼ਹੀਦ ਭਗਤ ਸਿੰਘ ਨਗਰ ਨੇ ਦਿੰਦਿਆ ਦੱਸਿਆ ਕਿ ਵਧਦੇ ਤਾਪਮਾਨ ਕਾਰਨ ਫ਼ਲਾਂ ’ਤੇ ਧੱਬੇ ਪੈ ਜਾਂਦੇ ਹਨ ਅਤੇ ਪੱਤੇ ਝੁਲਸ ਜਾਂਦੇ ਹਨ। ਕਈ ਵਾਰ ਬਾਗਬਾਨ ਇਸ ਝੁਲਸ ਰੋਗ ਨੂੰ ਤੱਤਾਂ ਦੀ ਘਾਟ ਦਾ ਭੁਲੇਖਾ ਪੈ ਜਾਂਦਾ ਹੈ। ਗਰਮੀ ਦਾ ਕਹਿਰ ਦੱਖਣ ਦਿਸ਼ਾ ਵਾਲੇ ਪੱਤਿਆਂ ਉੱਪਰ ਵਧੇਰੇ ਨਜ਼ਰ ਆਉਂਦਾ ਹੈ। ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ ਕਿ ਬੂਟਾ ਲਾਉਣ ਸਮੇਂ ਕਿਸੇ ਕੰਧ ਦੇ ਨੇੜੇ ਨਾ ਲਗਾਇਆ ਜਾਵੇ ਕਿਉਂਕਿ ਕੰਧ ਦੇ ਸੇਕ ਨਾਲ ਬੂਟਾ ਝੂਲਸ ਜਾਂਦਾ ਹੈ ਅਤੇ ਇੱਕ ਪਾਸਿਓਂ ਮਰਨਾ ਸ਼ੁਰੂ ਹੋ ਜਾਂਦਾ ਹੈ। ਗਰਮੀਆਂ ਵਿੱਚ ਬਾਗ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਬੂਟਿਆਂ ਦਾ ਵਾਧਾ ਸਹੀ ਢੰਗ ਨਾਲ ਹੋਵੇ।ਉਨ੍ਹਾਂ ਨੇ ਕਿਹਾ ਕਿ ਹਲਕੀ ਤੇ ਥੋੜ੍ਹੇ ਵਕਫੇ ’ਤੇ ਸਿੰਚਾਈ ਮਿੱਟੀ ਦੀ ਨਮੀ ਬਰਕਰਾਰ ਰੱਖਦੀ ਹੈ, ਪਾਣੀ ਲਗਾਉਣ ਨਾਲ ਤਾਪਮਾਨ ਵਿੱਚ ਘਾਟਾ ਹੁੰਦਾ ਹੈ ਅਤੇ ਮਿੱਟੀ ਤੇ ਹਵਾ ਵਾਸ਼ਪੀਕਰਨ ਨਾਲ ਠੰਢੇ ਹੋ ਜਾਂਦੇ ਹਨ ਅਤੇ ਬੂਟਿਆਂ ਨੂੰ ਠੰਢਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਬੂਟਿਆਂ ਨੂੰ ਪਾਣੀ ਸ਼ਾਮ ਦੇ ਟਾਇਮ ਤੇ ਲਗਾਉਣਾ ਚਾਹੀਦਾ ਹੈ। ਬੂਟਿਆਂ ਦੇ ਤਣਿਆਂ ’ਤੇ ਚਿੱਟੇ ਰੰਗ ਦੀ ਸਫੈਦੀ ਕਰਨ ਨਾਲ ਫਲਦਾਰ ਬੂਟੇ ਗਰਮੀ ਦੇ ਬੁਰੇ ਪ੍ਰਭਾਵ ਤੋਂ ਬਚ ਜਾਂਦੇ ਹਨ। ਜੇ ਚਿੱਟੀ ਸਫੈਦੀ ਵਿੱਚ ਨੀਲਾ ਥੋਥਾ ਮਿਲਾ ਦਿੱਤਾ ਜਾਵੇ ਤਾਂ ਬਿਮਾਰੀਆਂ ਅਤੇ ਕੀੜੇ-ਮਕੌੜਿਆਂ ਤੋਂ ਵੀ ਬਚਾਅ ਹੋ ਜਾਂਦਾ ਹੈ। ਗਰਮੀਆਂ ਸ਼ੁਰੂ ਹੋਣ ’ਤੇ ਹੀ ਸਫੈਦੀ ਕਰ ਦੇਣੀ ਚਾਹੀਦੀ ਹੈ ਅਤੇ ਲੋੜ ਪੈਣ ’ਤੇ ਇਸ ਨੂੰ ਦੋਹਰਾ ਦੇਣਾ ਚਾਹੀਦਾ ਹੈ ਤਾਂ ਜੋ ਇਸ ਦਾ ਅਸਰ ਬਣਿਆ ਰਹੇ ਕਿਉਂਕਿ ਚਿੱਟਾ ਰੰਗ ਰੋਸ਼ਨੀ ਨੂੰ ਜਜਬ ਨਹੀਂ ਹੋਣ ਦਿੰਦਾ। ਸਹਾਇਕ ਡਾਇਰੈਕਟਰ ਬਾਗਬਾਨੀ ਨੇ ਦੱਸਿਆ ਕਿ ਨਵੇਂ ਲਗਾਏ ਹੋਏ ਬੂਟਿਆਂ ਉਪਰ ਸਰਕੰਡਾ ਜਾਂ ਪਰਾਲੀ ਦੀ ਕੁੱਲੀ ਬਣਾ ਦਿੱਤੀ ਜਾਵੇ ਤਾਂ ਗਰਮੀ ਰੁੱਤ ਵਿੱਚ ਸਿੱਧੀ ਧੁੱਪ ਤੋਂ ਬਚਿਆਂ ਜਾ ਸਕਦਾ ਹੈ। ਇਸ ਤਰ੍ਹਾਂ ਕਰਨ ਨਾਲ ਬੂਟਿਆਂ ਨੂੰ ਠੰਢਕ ਵੀ ਮਿਲਦੀ ਹੈ ਅਤੇ ਉਨ੍ਹਾਂ ਦਾ ਵਾਧਾ ਸਹੀ ਹੁੰਦਾ ਹੈ। ਕਾਂਟ-ਛਾਂਟ ਕਰਕੇ ਬੂਟਿਆਂ ਨੂੰ ਨੀਵੇਂ ਰੱਖਿਆਂ ਜਾਵੇ ਤਾਂ ਇਹ ਸੂਰਜ ਦੀਂ ਕਿਰਨਾਂ ਦੇ ਪ੍ਰਕੋਪ ਤੋਂ ਕੁਝ ਹੱਦ ਤੱਕ ਬਚ ਜਾਂਦੇ ਹਨ। ਉੱਚੇ ਬੂਟਿਆਂ ਤੇ ਸੂਰਜ ਦੀ ਗਰਮੀ ਜ਼ਿਆਦਾ ਪੈਣ ਕਰਕੇ ਇਹ ਜਲਦੀ ਝੁਲਸ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਰਾਲੀ, ਸੁੱਕੇ ਘਾਹ ਅਤੇ ਪੱਤਿਆਂ ਨਾਲ ਬੂਟਿਆਂ ਦੇ ਦੌਰਾਂ ਨੂੰ ਢਕਿਆ ਜਾਵੇ ਤਾਂ ਕਾਫੀ ਮਾਤਰਾ ਤੱਕ ਮਿੱਟੀ ਵਿੱਚ ਨਮੀ ਬਰਕਰਾਰ ਰਹਿੰਦੀ ਹੈ। ਇਸ ਵਿਧੀ ਨਾਲ ਬੂਟੇ ਦੇ ਆਲੇ-ਦੁਆਲੇ ਦੇ ਤਾਪਮਾਨ ਵਿੱਚ ਵੀ ਗਿਰਾਵਟ ਆਉਂਦੀ ਹੈ ਅਤੇ ਨਦੀਨਾਂ ਦੀ ਉਪਜਾਉ ਸ਼ਕਤੀ ਵੀ ਘਟਦੀ ਹੈ। ਜੇ ਹਵਾ ਰੋਕੂ ਵਾੜ ਬਾਗ ਦੇ ਪੱਛਮ ਵਾਲੇ ਪਾਸੇ ਲਗਾਈ ਜਾਵੇ ਤਾਂ ਬੂਟਿਆਂ ਨੂੰ ਗਰਮ ਤੇ ਖੁਸ਼ਕ ਹਵਾਵਾਂ ਦੇ ਪ੍ਰਕੋਪ ਤੋਂ ਬਚਾਇਆ ਜਾ ਸਕਦਾ ਹੈ। ਵੱਡੇ ਅਤੇ ਉੱਚੇ ਬੂਟੇ ਜਿਵੇਂ ਜਾਮਣ, ਅੰਬ, ਟਾਹਲੀ,ਬਿੱਲ ਆਦਿ ਬੂਟੇ ਬਾਗ ਦੇ ਦੁਆਲੇ ਲਾ ਕੇ ਵੀ ਹਵਾ ਰੋਕੂ ਵਾੜ ਬਣਾਈ ਜਾ ਸਕਦੀ ਹੈ। ਅਜਿਹੇ ਬੂਟੇ ਹਨੇਰੀਆਂ ਦੇ ਨੁਕਸਾਨ ਤੋਂ ਬਾਗ ਨੂੰ ਬਚਾਉਂਦੇ ਹਨ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



