(ਸਮਾਜ ਵੀਕਲੀ)
ਯਾਦ ਆਉਂਦੀ ਬੜੀ ਮੈਨੂੰ ਬਚਪਨ ਦੀ ਕਹਾਣੀ
ਉਹੋ ਸਾਉਣ ਦਾ ਮਹੀਨਾ ਉੱਤੋਂ ਰੁੱਤ ਉਹ ਸੁਹਾਣੀ
ਹੋਣਾ ਬਾਰਿਸ਼ਾਂ ਦਾ ‘ਕੱਠਾ ਹੋਇਆ, ਟੋਭਿਆਂ ‘ਚ ਪਾਣੀ
ਰਲ਼ ਕਰਦੇ ਸੀ ਮਸਤੀ ਬੜੀ ਹੀ ਸੱਭ ਹਾਣੀ
ਬੜੇ ਲੈਂਦੇ ਸੀ ਨਜ਼ਾਰੇ ਸਾਰੇ ਜੱਲ -ਥੱਲ ਦੇ
ਕਦੇ ਪਾਣੀਆਂ ‘ਚ ਸਾਡੇ ਸੀ ਜਹਾਜ਼ ਚੱਲਦੇ…
ਆਉਣਾ ਮੋਢਿਆਂ ‘ਚ ਪਾ ਕੇ ਸਕੂਲੋਂ ਬਸਤੇ
ਪਾਣੀ ਨਾਲ ਭਰੇ ਹੋਣੇ ਟੋਇਆਂ ਵਾਲੇ ਰਸਤੇ
ਕਦੇ ਪਾਣੀ ਉੱਤੇ ਠੀਕਰੀ ਨਾ ਤਾਰੀਆਂ ਲਵਾਉਂਦੇ
ਕਦੇ ਮਾਰ ਕੇ ਛੜੱਪਾ ਛਿੱਟੇ ਦੂਜਿਆਂ ‘ਤੇ ਪਾਉਂਦੇ
ਰੋਕੇ ਲੱਖ ਭਾਵੇਂ ਕੋਈ, ਪਰ ਨਹੀਂ ਸੀ ਟਲਦੇ…
ਕਦੇ ਪਾਣੀਆਂ ‘ਚ ਸਾਡੇ ਸੀ ਜਹਾਜ਼ ਚੱਲਦੇ…
ਪਾੜ ਕਾਪੀ ਵਿੱਚੋਂ ਵਰਕੇ, ਤੇ ਕਿਸ਼ਤੀ ਬਣਾਉਣੀ
ਫਿਰ ਪਾਣੀ ਉੱਤੇ ਰੱਖ ਫ਼ੂਕਾਂ ਮਾਰ ਕੇ ਤੈਰਾਉਣੀ
ਕਦੇ ਕਦੇ ਕਿਸ਼ਤੀ ਤੇ ਥੋੜ੍ਹਾ ਭਾਰ ਵੀ ਸੀ ਪਾਉਂਦੇ
ਜੀਹਦੀ ਡੁੱਬ ਜਾਂਦੀ ਉਹਨੂੰ ਤਾੜੀ ਮਾਰ ਸੀ ਚਿੜਾਉਂਦੇ
ਵਾਂਝੇ ਹੋ ਗਏ ਬਚਪਨ ਤੋਂ, ਬੱਚੇ ਅੱਜਕੱਲ੍ਹ ਦੇ…
ਕਦੇ ਪਾਣੀਆਂ ‘ਚ ਸਾਡੇ ਸੀ ਜਹਾਜ਼ ਚੱਲਦੇ…
ਜਦੋਂ ਭਿੱਜਦੇ ਭਿਜਾਉਂਦਿਆਂ ਨੇ ਘਰ “ਖੁਸ਼ੀ” ਆਉਂਣਾ
ਝੱਟ ਬੇਬੇ ਨੇ ਕਲ਼ਾਵਾ ਭਰ ਹਿੱਕ ਨਾਲ ਲਾਉਣਾ
ਫੇਰ ਚੁੰਨੀ ਨਾਲ ਹੱਥ ਮੂੰਹ ਤੇ ਵਾਲ਼ਾਂ ਨੂੰ ਸੁਕਾਉਣਾ
ਗਿੱਲੇ ਕੱਪੜੇ ਲਹਾ ਕੇ, ਸੁੱਕਿਆਂ ਨੂੰ ਗਲ਼ ਪਾਉਂਣਾ
ਆਉਂਦੇ ਅੱਜ ਵੀ ਉਹ ਯਾਦ ਪਲ ਨਹੀਂਓਂ ਭੁੱਲਦੇ…..
ਕਦੇ ਪਾਣੀਆਂ ‘ਚ ਸਾਡੇ ਸੀ ਜਹਾਜ਼ ਚੱਲਦੇ…
ਮੀਂਹ ‘ਚ ਗੰਡ-ਗੰਡੋਇਆਂ ਨਾਲ ਖੇਡਦੇ-ਖਿਡਾਉਂਦੇ
ਉੱਤੇ ਭੁੱਕ-ਭੁੱਕ ਲੂਣ , ਅੱਗੇ ਪਿੱਛੇ ਸੀ ਘੁਮਾਉਂਦੇ
ਮਨ ਵਿੱਚ ਹੁੰਦੀਆਂ ਸੀ ਭਰੀਆਂ ਸ਼ੈਤਾਨੀਆਂ
ਕੁੱਟ ਕਈ ਵਾਰੀ ਖਾਧੀ, ਕੋਲੋਂ ਦਾਦੀ ਨਾਨੀ ਆਂ
ਵੱਜੀ ਜੋਰ ਨਾਲ ਹੁੰਦੀ, ਰਹਿੰਦੇ ਥਾਂ ਮਲ਼ਦੇ
ਕਦੇ ਪਾਣੀਆਂ ‘ਚ ਸਾਡੇ ਸੀ ਜਹਾਜ਼ ਚੱਲਦੇ…
ਖੁਸ਼ੀ ਮੁਹੰਮਦ “ਚੱਠਾ”
ਮੋਬਾ/ਵਟਸਐਪ: 97790-25356
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly