ਹੜ੍ਹ ਪੀੜਤ ਅਤੇ ਮਣੀਪੁਰ ਪੀੜਤ ਪਰਿਵਾਰਾਂ ਨੂੰ ਸਮਰਪਿਤ ‘ਸਾਉਣ ਕਵੀ ਦਰਬਾਰ ਕਰਵਾਇਆ

ਬਰਨਾਲਾ  (ਚੰਡਿਹੋਕ ):-–  ਪੰਜਾਬੀ ਸਾਹਿਤ ਸਭਾ (ਰਜਿ) ਬਰਨਾਲਾ ਵੱਲੋਂ ਇੱਥੋਂ ਥੋੜ੍ਹੀ ਦੂਰ ਪੈਂਦੇ ਪਿੰਡ ਸੰਘੇੜਾ ਵਿੱਚ ਡੇਰਾ ਬਾਬਾ ਟੇਕ ਦਾਸ (ਬਾਬਾ ਮਾਧਵਾਨੰਦ ਦੇ ਸਥਾਨ) ਵਿਖੇ ਹੜ੍ਹ ਪੀੜਤ ਅਤੇ ਮਣੀਪੁਰ ਪੀੜਤ ਪਰਿਵਾਰਾਂ ਨੂੰ ਸਮਰਪਿਤ “ਸਾਉਣ ਕਵੀ ਦਰਬਾਰ” ਸਿਰਜਣਾ ਅਤੇ ਸੰਵਾਦ ਸਾਹਿਤ ਸਭਾ (ਰਜਿ)ਬਰਨਾਲਾ,ਲੇਖਕ ਪਾਠਕ ਸਭਾ (ਰਜਿ)ਬਰਨਾਲਾ,ਗ਼ਜ਼ਲ ਮੰਚ ਬਰਨਾਲਾ,ਮਾਲਵਾ ਸਾਹਿਤ ਸਭਾ (ਰਜਿ) ਬਰਨਾਲਾ ਆਦਿ ਦੇ ਸਹਿਯੋਗ ਨਾਲ਼ ਕਰਵਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਬਾਬਾ ਸੁਖਦੇਵ ਮੁਨੀ ਨੇ ਕੀਤੀ ਅਤੇ ਵਾਤਾਵਰਨ ਪ੍ਰੇਮੀ ਖੰਮੂ ਰਾਮ ਬਿਸ਼ਨੋਈ (ਰਾਜਸਥਾਨ) ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਸ਼ਾਮਲ ਹੋਏ। ਇਨ੍ਹਾਂ ਨਾਲ਼ ਪ੍ਰਧਾਨਗੀ ਮੰਡਲ ਵਿੱਚ ਵਾਤਾਵਰਨ ਪ੍ਰੇਮੀ ਮਹਿੰਦਰ ਸਿੰਘ ਰਾਹੀ,ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ, ਕਵਿਤਰੀ ਅੰਜਨਾ ਮੈਨਨ,ਲੋਕ ਕਵੀ ਸੁਰਜੀਤ ਸਿੰਘ ਦਿਹੜ,ਗ਼ਜ਼ਲਗੋ ਜਗਜੀਤ ਸਿੰਘ ਗੁਰਮ ਸ਼ਾਮਲ ਸਨ।ਡਾ. ਭੁਪਿੰਦਰ ਸਿੰਘ ਬੇਦੀ ਨੇ ਸਾਉਣ ਮਹੀਨੇ ਦਾ ਸਾਡੇ ਨਾਲ਼ ਪੰਜਾਬੀ ਸਭਿਆਚਾਰ ਅਤੇ ਲੋਕਧਰਾਈ ਪਰਿਪੇਖ ਤੋਂ ਸਬੰਧ ਹੋਣ ‘ਤੇ ਚਾਨਣਾ ਪਾਇਆ।ਬਾਬਾ ਸੁਖਦੇਵ ਮੁਨੀ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਅਜਿਹੇ ਸਮਾਗਮ ਸਾਡੇ ਪ੍ਰੰਪਰਾ ਨੂੰ ਜਿੰਦਾ ਰੱਖਣ ਲਈ ਸਹਾਈ ਸਿੱਧ ਹੁੰਦੇ ਹਨ।
ਉਨ੍ਹਾਂ ਹੜ੍ਹ ਪੀੜਤਾਂ ਅਤੇ ਮਣੀਪੁਰ ਵਿਖੇ ਹੋਏ ਘਿਣਾਉਣੇ ਕਾਰਨਾਮਿਆਂ ‘ਤੇ ਚਿੰਤਾ ਜ਼ਾਹਿਰ ਕੀਤੀ। ਵਾਤਾਵਰਣ ਪ੍ਰੇਮੀ ਖੰਮੂ ਰਾਮ ਬਿਸ਼ਨੋਈ ਨੇ ਵਾਤਾਵਰਨ ਵਿੱਚ ਵੱਧ ਰਹੇ ਪ੍ਰਦੂਸ਼ਨ ਨੂੰ ਕਾਬੂ ਕਰਨ ਲਈ ਵੱਧ ਤੋਂ ਵੱਧ ਰੁੱਖ ਲਗਾਉਣ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਇਸ ਸਬੰਧੀ ਲੋਕਾਂ ਨੂੰ ਜਨ-ਜਨ ਤੱਕ ਪਹੁੰਚ ਕਰਕੇ ਜਾਗਰੂਕ ਕੀਤਾ ਜਾਣਾ ਚਾਹੀਦਾ ਹੈ। ਇਸ ਸਮੇਂ ਮਾਲਵਿੰਦਰ ਸ਼ਾਇਰ ਨੇ ਮੰਚ ਸੰਚਾਲਨ ਦੇ ਨਾਲ਼-ਨਾਲ਼ ਰਾਗ ਮੀਆਂ ਕੀ ਮਲਹਾਰ ਬੰਦਿਸ਼ ਵਿੱਚ ਰਚਿੱਤ ਆਪਣਾ ਗੀਤ ਵੀ ਸੁਣਾਇਆ।
ਇਸ ਮੌਕੇ ਹਾਜ਼ਰ ਕਵੀਆਂ/ਕਵਿੱਤਰੀਆਂ ਨੇ ਸਾਉਣ ਮਹੀਨੇ ਨਾਲ਼ ਸਬੰਧਤ ਆਪੋ ਆਪਣੀਆਂ ਰਚਨਾਵਾਂ ਸੁਣਾਈਆਂ ਜਿਨ੍ਹਾਂ ਵਿੱਚ ਪਾਲ ਸਿੰਘ ਲਹਿਰੀ, ਡਾ ਰਾਮਪਾਲ, ਰਾਮ ਸਰੂਪ ਸ਼ਰਮਾ, ਸਿਮਰਜੀਤ ਕੌਰ ਬਰਾੜ,ਗਮਦੂਰ ਸਿੰਘ ਰੰਗੀਲਾ, ਮਨਦੀਪ ਕੁਮਾਰ,ਮਨਜੀਤ ਸਿੰਘ ਸਾਗਰ,ਲਖਵਿੰਦਰ ਠੀਕਰੀਵਾਲ, ਨਰਿੰਦਰ ਕੌਰ,ਰਜ਼ਨੀਸ਼ ਬਬਲੀ, ਮਨਦੀਪ ਕੌਰ ਭਦੌੜ,ਲਛਮਣ ਦਾਸ ਮੁਸਾਫ਼ਿਰ,ਲਖਵੀਰ ਠੀਕਰੀਵਾਲ,ਨਾਟਕਕਾਰ ਸੁਰਜੀਤ ਸਿੰਘ ਸੰਧੂ ਆਦਿ ਹਾਜ਼ਰ ਸਨ। ਪਾਠਕ ਭਰਾਵਾਂ ਮਿੱਠੂ ਪਾਠਕ,ਪ੍ਰੀਤ ਪਾਠਕ,ਸਤਿਨਾਮ ਪਾਠਕ ਅਤੇ ਗੁਰਜੰਟ ਸਿੰਘ ਸੋਹਲ, ਸਰੂਪ ਚੰਦ ਹਰੀਗੜ੍ਹ,ਪ੍ਰੇਮਜੀਤ ਧਨੌਲਾ ਨੇ ਕਵੀਸ਼ਰੀ ਗਾਇਨ ਕਰਕੇ ਖ਼ੂਬ ਰੰਗ ਬੰਨ੍ਹਿਆ।ਅੰਤ ਵਿੱਚ ਰਘਵੀਰ ਗਿੱਲ ਕੱਟੂ ਨੇ ਸਾਉਣ ਮਹੀਨੇ ਨਾਲ਼ ਸਬੰਧਤ ਬੋਲੀਆਂ ਸੁਣਾਈਆਂ ਜਿਨ੍ਹਾਂ ਨੇ ਸਰੋਤਿਆਂ ਨੂੰ ਝੂਮਣ ਲਈ ਮਜ਼ਬੂਰ ਕਰ ਦਿੱਤਾ।ਇਸ ਸਮਾਗਮ ਵਿੱਚ ਚਰਨ ਸਿੰਘ ਭੋਲਾ ਜਾਗਲ, ਸੁਦਰਸ਼ਨ ਗੁੱਡੂ, ਚਰਨ ਸਿੰਘ, ਸੰਦੀਪ ਸਿੰਘ ਅਤੇ ਬੇਅੰਤ ਸਿੰਘ ਤੋਂ ਇਲਾਵਾ ਲਿਖਾਰੀ ਸਭਾ ਧਨੌਲਾ,ਲਾਇਬ੍ਰੇਰੀ ਕੱਟੂ ਅਤੇ ਸੰਘੇੜਾ ਪਿੰਡ ਦੇ ਪਤਵੰਤੇ ਸੱਜਣ ਵੀ ਹਾਜ਼ਰ ਸਨ। ਅੰਤ ਵਿੱਚ ਆਏ ਸਾਹਿਤਕਾਰਾਂ ਅਤੇ ਸਰੋਤੇ ਜਨਾਂ ਨੇ ਖੀਰ ਨਾਲ਼ ਮਾਲ ਪੂੜਿਆਂ ਦਾ ਅਨੰਦ ਲਿਆ। ਇਸ ਦੀ ਜਾਣਕਾਰੀ ਸਭਾ ਦੇ ਪ੍ਰੈਸ ਸਕੱਤਰ ਤੇਜਿੰਦਰ ਚੰਡਿਹੋਕ ਨੇ ਦਿੱਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article17 dead due to heat wave in S.Korea
Next articleਕਾਵਿ ਸੰਗ੍ਰਹਿ “ਦੁਨਿਆਵੀ ਰੰਗ” ਚੋਂ   -(ਬਚਪਨ ਦੀ ਬਰਸਾਤ)-