ਹਰਪ੍ਰੀਤ ਕੌਰ ਸੰਧੂ
(ਸਮਾਜ ਵੀਕਲੀ) ਇੱਕ ਰਾਜਾ ਸੀ। ਇੱਕ ਦਿਨ ਉਹ ਆਪਣੇ ਰਾਜ ਦਾ ਕੰਮ ਕਾਜ ਦੇਖਣ ਲਈ ਸ਼ਹਿਰ ਵਿੱਚੋਂ ਲੰਘਿਆ। ਅਚਾਨਕ ਉਸਦੀ ਨਜ਼ਰ ਸੜਕ ਦੇ ਕਿਨਾਰੇ ਬੈਠੀ ਇੱਕ ਭਿਖਾਰਨ ਤੇ ਪਈ। ਭਿਖਾਰਨ ਬੇਹਦ ਖੂਬਸੂਰਤ ਸੀ। ਹਾਲਾਂਕਿ ਉਸਦੇ ਹਾਲਾਤ ਚੰਗੇ ਨਹੀਂ ਸਨ ਪਰ ਫਿਰ ਵੀ ਉਸਦੀ ਖੂਬਸੂਰਤੀ ਡੁੱਲ ਡੁੱਲ ਪੈਂਦੀ ਸੀ। ਰਾਜੇ ਦਾ ਉਸ ਤੇ ਦਿਲ ਆ ਗਿਆ।
ਰਾਜ ਦਰਬਾਰ ਪਹੁੰਚ ਕੇ ਉਸਨੇ ਆਪਣੇ ਦਰਬਾਰੀਆਂ ਨੂੰ ਹੁਕਮ ਦਿੱਤਾ ਕਿ ਮੈਂ ਉਸ ਭਿਖਾਰਨ ਨੂੰ ਆਪਣੀ ਰਾਣੀ ਬਣਾਉਣਾ ਚਾਹੁੰਦਾ ਹਾਂ। ਵਜ਼ੀਰਾਂ ਨੇ ਉਸ ਨੂੰ ਬਹੁਤ ਸਮਝਾਇਆ ਕਿ ਅਜਿਹਾ ਨਾ ਕਰੇ। ਪਰ ਰਾਜਾ ਕਿਸ ਦੀ ਸੁਣਦਾ। ਉਹ ਆਪਣੀ ਇੱਛਾ ਤੇ ਬਜਿਦ ਰਿਹਾ। ਇੱਕ ਸਿਆਣੇ ਵਜ਼ੀਰ ਨੇ ਉਸਨੂੰ ਕਿਹਾ ਕਿ ਮਹਾਰਾਜ ਇਹ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਹੋਵੇਗੀ। ਬੇਸ਼ੱਕ ਤੁਸੀਂ ਉਸਨੂੰ ਮਹਾਰਾਣੀ ਬਣਾ ਦਓ ਪਰ ਉਹ ਆਪਣੀਆਂ ਆਦਤਾਂ ਕਦੀ ਨਹੀਂ ਛੱਡੇਗੀ। ਰਾਜੇ ਨੇ ਉਸ ਦੀ ਗੱਲ ਦੀ ਕੋਈ ਪਰਵਾਹ ਨਾ ਕੀਤੀ।
ਦੂਸਰੇ ਦਿਨ ਭਿਖਾਰਨ ਨੂੰ ਰਾਜ ਮਹਿਲ ਵਿੱਚ ਲਿਆਂਦਾ ਗਿਆ। ਰਾਜੇ ਨੇ ਗੋਲੀਆਂ ਨੂੰ ਹੁਕਮ ਦਿੱਤਾ ਕਿ ਇਸ ਦਾ ਹਾਰ ਸ਼ਿੰਗਾਰ ਕੀਤਾ ਜਾਵੇ। ਸੋਹਣੀ ਤਾਂ ਉਹ ਹੈ ਹੀ ਸੀ। ਜਦੋਂ ਸਾਫ ਸਫਾਈ ਤੋਂ ਬਾਅਦ ਉਸਦਾ ਹਾਰ ਸ਼ਿੰਗਾਰ ਕੀਤਾ ਗਿਆ ਤਾਂ ਉਹ ਪਰੀਆਂ ਵਾਂਗ ਜਾਪਣ ਲੱਗੀ। ਰਾਜੇ ਨੇ ਉਸਦੇ ਸਾਹਮਣੇ ਆਪਣੇ ਵਿਆਹ ਦਾ ਪ੍ਰਸਤਾਵ ਰੱਖਿਆ। ਉਹ ਕੁਝ ਦੇਰ ਚੁੱਪ ਰਹੀ ਫਿਰ ਉਸਨੇ ਕਿਹਾ ਕਿ ਮੇਰੀ ਇੱਕ ਸ਼ਰਤ ਹੈ। ਰਾਜਾ ਹੈਰਾਨ ਰਹਿ ਗਿਆ। ਭਲਾ ਰਾਜੇ ਨਾਲ ਵਿਆਹ ਕਰਾਉਣ ਵਿੱਚ ਵੀ ਕੋਈ ਸ਼ਰਤ ਹੁੰਦੀ ਹੈ। ਪਰ ਉਸਨੇ ਕਿਹਾ ਮੈਨੂੰ ਹਰ ਸ਼ਰਤ ਮਨਜ਼ੂਰ ਹੈ।
ਭਿਖਾਰਨ ਨੇ ਕਿਹਾ ਇੱਕ ਵਾਰ ਮੇਰੀ ਸ਼ਰਤ ਸੁਣ ਜਰੂਰ ਲਵੋ।ਮੇਰੀ ਸ਼ਰਤ ਹੈ ਕਿ ਮੈਂ ਰੋਟੀ ਇਕੱਲਿਆਂ ਖਾਵਾਂਗੀ ਤੇ ਕੋਈ ਵੀ ਮੈਨੂੰ ਰੋਟੀ ਖਾਂਦੇ ਵੇਖੇਗਾ ਨਹੀਂ। ਰਾਜੇ ਨੂੰ ਇਹ ਮਾਮੂਲੀ ਜਿਹੀ ਸ਼ਰਤ ਮਨਜ਼ੂਰ ਸੀ। ਭਿਖਾਰਨ ਦਾ ਸੁਹੱਪਣ ਰਾਜੇ ਦੇ ਸਿਰ ਚੜ ਬੋਲ ਰਿਹਾ ਸੀ। ਦੋਹਾਂ ਦਾ ਵਿਆਹ ਹੋ ਗਿਆ। ਭਿਖਾਰਨ ਮਹਾਰਾਣੀ ਬਣ ਗਈ।
ਦੋਵੇਂ ਖੁਸ਼ੀ ਖੁਸ਼ੀ ਰਹਿਣ ਲੱਗੇ। ਬਸ ਖਾਣਾ ਖਾਣ ਦੇ ਸਮੇਂ ਭਿਖਾਰਨ ਇੱਕ ਕਮਰੇ ਵਿੱਚ ਆਪਣੇ ਆਪ ਨੂੰ ਬੰਦ ਕਰ ਲੈਂਦੀ ਤੇ ਖਾਣਾ ਖਾਂਦੀ। ਕੁਝ ਦਿਨ ਇੰਝ ਹੀ ਚਲਦਾ ਰਿਹਾ। ਰਾਜੇ ਦੇ ਮਨ ਵਿੱਚ ਜਗਿਆਸਾ ਜਾਗਣ ਲੱਗੀ ਕਿ ਇਹ ਬੰਦ ਕਮਰੇ ਵਿੱਚ ਖਾਣਾ ਕਿਉਂ ਖਾਂਦੀ ਹੈ? ਜਦ ਤੱਕ ਕੋਈ ਗੱਲ ਮਹਿਸੂਸ ਨਾ ਹੋਵੇ ਕੋਈ ਫਰਕ ਨਹੀਂ ਪੈਂਦਾ ਪਰ ਜਦੋਂ ਮਨ ਵਿੱਚ ਸਵਾਲ ਆ ਜਾਵੇ ਤਾਂ ਉਸਦਾ ਜਵਾਬ ਲੱਭਣ ਲੱਗਦਾ ਹੈ।
ਰਾਜੇ ਨੇ ਵਜ਼ੀਰ ਨੂੰ ਕਿਹਾ ਕਿ ਮੈਨੂੰ ਕੋਈ ਵਿਉਂਤਬੰਦੀ ਕਰਕੇ ਦੇ ਜੋ ਮੈਨੂੰ ਪਤਾ ਲੱਗ ਸਕੇ ਕਿ ਇਕੱਲੇ ਵਿੱਚ ਖਾਣਾ ਕਿਉਂ ਖਾਂਦੀ ਹੈ। ਵਜ਼ੀਰ ਨੇ ਕਿਹਾ ਮਹਾਰਾਜ ਕਮਰੇ ਵਿੱਚ ਇੱਕ ਗੁਪਤ ਰੋਸ਼ਨਦਾਨ ਹੈ। ਜਿਸ ਵਿੱਚੋਂ ਤੁਸੀਂ ਅੰਦਰ ਦੇਖ ਸਕਦੇ ਹੋ ਪਰ ਅੰਦਰੋਂ ਕੁਝ ਵੀ ਪਤਾ ਨਹੀਂ ਲੱਗਦਾ ਕਿ ਬਾਹਰੋਂ ਕੋਈ ਦੇਖ ਰਿਹਾ ਹੈ। ਰਾਜੇ ਨੇ ਹੁਕਮ ਦਿੱਤਾ ਕਿ ਉਸ ਰੋਸ਼ਨ ਦਾ ਨਾਲ ਬਾਰ ਵਾਰ ਪੌੜੀ ਲਾ ਦਿੱਤੀ ਜਾਵੇ।
ਰਾਤ ਦੇ ਸਮੇਂ ਜਦੋਂ ਮਹਾਰਾਣੀ ਆਪਣਾ ਖਾਣਾ ਲੈ ਕੇ ਕਮਰੇ ਵਿੱਚ ਗਈ ਤਾਂ ਰਾਜਾ ਪੌੜੀ ਤੇ ਚੜ ਕੇ ਰੌਸ਼ਨਦਾਨ ਥਾਣੀ ਦੇਖਣ ਲੱਗਾ। ਉਸਨੇ ਦੇਖਿਆ ਮਹਾਰਾਣੀ ਨੇ ਆਪਣੇ ਖਾਣੇ ਨੂੰ ਚਾਰ ਪੰਜ ਥਾਂ ਤੇ ਵੰਡ ਲਿਆ। ਹੁਣ ਉਹ ਇੱਕ ਹਿੱਸਾ ਚੱਕਦੀ ਉਸਨੂੰ ਖਾਂਦੀ ਤੇ ਕਹਿੰਦੀ ਫਲਾਨੀ ਦੇ ਘਰ ਦਾ ਖਾਣਾ ਤਾਂ ਬੜਾ ਸਵਾਦ ਹੈ। ਫਿਰ ਦੂਜਾ ਹਿੱਸਾ ਚੱਕਦੀ ਤੇ ਕਹਿੰਦੀ ਇਹਨੇ ਅੱਜ ਵਧੀਆ ਭੀਖ ਦਿੱਤੀ ਹੈ। ਇਸ ਤਰ੍ਹਾਂ ਉਹ ਹਰ ਹਿੱਸਾ ਚੱਖਦੀ ਤੇ ਉਸਦੀ ਤਾਰੀਫ ਕਰਦੀ।
ਰਾਜੇ ਨੇ ਜਦੋਂ ਇਹ ਸਭ ਦੇਖਿਆ ਤਾਂ ਉਸਦੇ ਮਨ ਵਿੱਚ ਬਹੁਤ ਪਛਤਾਵਾ ਆਇਆ। ਕਿੱਥੇ ਉਸਨੇ ਭਿਖਾਰਨ ਨੂੰ ਮਹਾਰਾਣੀ ਦਾ ਦਰਜਾ ਦਿੱਤਾ ਪਰ ਉਹ ਮਨ ਵਿੱਚੋਂ ਭਿਖਾਰਨ ਹੀ ਰਹੀ। ਸਭ ਕੁਝ ਬਦਲ ਜਾਣ ਦੇ ਬਾਵਜੂਦ ਵੀ ਉਸਦੇ ਅੰਦਰ ਦੀ ਭਿਖਾਰਨ ਜਿੰਦਾ ਸੀ। ਰਾਜੇ ਨੂੰ ਬਹੁਤ ਅਫਸੋਸ ਹੋਇਆ। ਉਸ ਨੂੰ ਆਪਣੇ ਵਜ਼ੀਰ ਦੇ ਕਹੇ ਸ਼ਬਦ ਯਾਦ ਆਏ ਕਿ ਮਨੁੱਖ ਦਾ ਅਸਲਾ ਕਦੇ ਨਹੀਂ ਬਦਲਦਾ।
ਕਈ ਵਾਰ ਅਸੀਂ ਕਿਸੇ ਤੇ ਭਰੋਸਾ ਕਰਦੇ ਆਂ ਇਹ ਸੋਚ ਲੈਂਦੇ ਹਾਂ ਕਿ ਇਹ ਆਪਣੇ ਅਸਲ ਤੋਂ ਬਦਲ ਗਿਆ ਹੈ। ਪਰ ਇਹ ਸਭ ਕੁਝ ਪਲਾਂ ਲਈ ਜਾਂ ਦਿਨਾਂ ਲਈ ਹੋ ਸਕਦਾ ਹੈ। ਮਨੁੱਖ ਆਪਣਾ ਅਸਲੀ ਸੁਭਾਅ ਕਦੇ ਨਹੀਂ ਬਦਲ ਸਕਦਾ। ਇਹ ਗੱਲ ਸਾਨੂੰ ਜ਼ਿੰਦਗੀ ਵਿੱਚ ਹਮੇਸ਼ਾ ਯਾਦ ਰੱਖਣੀ ਚਾਹੀਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly