ਹਰਪ੍ਰੀਤ ਕੌਰ ਸੰਧੂ
(ਸਮਾਜ ਵੀਕਲੀ) ਇੱਕ ਬਜ਼ੁਰਗ ਜੋੜਾ ਆਪਣੇ ਪੋਤਿਆਂ ਪੋਤ ਨੂੰਹਾਂ ਦੇ ਭਰੇ ਪੂਰੇ ਪਰਿਵਾਰ ਵਿੱਚ ਰਹਿੰਦਾ ਸੀ। ਬਜ਼ੁਰਗ ਬਾਬਾ ਹਰ ਵੇਲੇ ਸ਼ੁਕਰਾਨਾ ਕਰਦਾ ਰਹਿੰਦਾ। ਉਸ ਦੀ ਜ਼ੁਬਾਨ ਤੇ ਹਮੇਸ਼ਾ ਇਹੀ ਸ਼ਬਦ ਹੁੰਦੇ ਧਨ ਦਾਤਿਆ ਤੂੰ ਇਹ ਦਿਨ ਦਿਖਾਇਆ। ਸਾਰੇ ਪਰਿਵਾਰ ਨੂੰ ਉਸ ਦੀ ਇਸ ਆਦਤ ਦਾ ਪਤਾ ਸੀ। ਉਸਦੇ ਛੋਟੇ ਪੋਤੇ ਦਾ ਵਿਆਹ ਹੋਇਆ ਤਾਂ ਨਵੀਂ ਆਈ ਪੋਤ ਨੂੰਹ ਨੂੰ ਬਾਰ ਬਾਰ ਇਹ ਸੁਣ ਬੜੀ ਹੈਰਾਨੀ ਹੋਈ।
ਉਸ ਤੋਂ ਰਿਹਾ ਨਾ ਗਿਆ ਤੇ ਇੱਕ ਦਿਨ ਉਸਨੇ ਬਾਬੇ ਨੂੰ ਪੁੱਛ ਹੀ ਲਿਆ। ਆਖਣ ਲੱਗੀ ਬਾਪੂ ਜੀ ਏਡੀ ਕਿਹੜੀ ਸ਼ੁਕਰਾਨੇ ਵਾਲੀ ਗੱਲ ਹੈ ਜੋ ਤੁਸੀਂ ਹਰ ਘੜੀ ਹਰ ਪਲ ਸ਼ੁਕਰਾਨਾ ਹੀ ਕਰਦੇ ਰਹਿੰਦੇ ਹੋ। ਸਾਰੇ ਲੋਕ ਹੀ ਤਾਂ ਆਪਣੇ ਭਰੇ ਪੂਰੇ ਪਰਿਵਾਰਾਂ ਨਾਲ ਰਹਿੰਦੇ ਹਨ। ਬਾਬੇ ਨੇ ਕਿਹਾ ਧੀਏ ਤੂੰ ਨਹੀਂ ਜਾਣਦੀ ਇਹ ਤਾਂ ਉਸ ਦਾਤੇ ਦੀ ਮਿਹਰ ਹੈ ਜਿਸਨੇ ਇਹ ਦਿਨ ਦਿਖਾਏ। ਪੋਤ ਨੂੰਹ ਫਿਰ ਬੋਲੀ ਕਿ ਇਹ ਤਾਂ ਸਾਰੇ ਪਿੰਡ ਦੇ ਹਰ ਪਰਿਵਾਰ ਵਿੱਚ ਹੀ ਹੈ ਤੁਹਾਡਾ ਕੀ ਵੱਖਰਾ ਹੈ ਜੋ ਤੁਸੀਂ ਇਨਾ ਸ਼ੁਕਰਾਨਾ ਕਰਦੇ ਹੋ। ਬਾਬੇ ਨੇ ਕਿਹਾ ਕੁਝ ਨਾ ਪੁੱਛ। ਬਸ ਉਸ ਦਾਤੇ ਦਾ ਸ਼ੁਕਰ ਹੈ। ਹੁਣ ਤਾਂ ਪੋਤ ਨੂੰਹ ਆਪਣੀ ਗੱਲ ਤੇ ਅੜ ਹੀ ਗਈ। ਉਸਨੇ ਕਿਹਾ ਕੁਝ ਵੀ ਹੋ ਜਾਵੇ ਬਾਬਾ ਜੀ ਅੱਜ ਮੈਂ ਪੁੱਛ ਕੇ ਹੀ ਜਾਣਾ ਹੈ।
ਉਸਦੀ ਜ਼ਿੱਦ ਦੇਖ ਬਾਬੇ ਨੇ ਕਿਹਾ ਚੰਗਾ ਇਹ ਗੱਲ ਮੈਂ ਅੱਜ ਤੈਨੂੰ ਪਹਿਲੀ ਵਾਰ ਦੱਸਣ ਲੱਗਾ ਹਾਂ ਪਰ ਇਹ ਕਿਸੇ ਨਾਲ ਨਾ ਕਰੀ। ਤੇਰੀ ਬੇਬੇ ਬੜੀ ਸੋਹਣੀ ਸੁਨੱਖੀ ਸੀ। ਤੂੰ ਆਪ ਵੇਖਿਆ ਹੈ ਕਿ ਉਸਦਾ ਰੰਗ ਕਿੰਨਾ ਗੋਰਾ ਹੈ। ਮੈਂ ਤਾਂ ਪੱਕੇ ਜਿਹੇ ਰੰਗ ਦਾ ਹਾਂ। ਮੇਰੀ ਸ਼ਕਲ ਸੂਰਤ ਵੀ ਠੀਕ ਠਾਕ ਹੀ ਹੈ। ਗੱਲ ਇਹ ਹੈ ਕਿ ਤੇਰੀ ਦਾਦੀ ਨੇ ਜਦ ਮੈਨੂੰ ਪਹਿਲੀ ਵਾਰ ਦੇਖਿਆ ਤਾਂ ਉਸਨੂੰ ਮੈਂ ਪਸੰਦ ਨਹੀਂ ਆਇਆ। ਜਦੋਂ ਮੈਂ ਮੁਕਲਾਵਾ ਲੈ ਕੇ ਆ ਰਿਹਾ ਸੀ ਤਾਂ ਤੇਰੀ ਬੇਬੇ ਨੇ ਪਾਣੀ ਲੈਣ ਦੇ ਬਹਾਨੇ ਮੈਨੂੰ ਖੂਹ ਕੋਲ ਭੇਜਿਆ। ਉਸਨੇ ਪਿੱਛੋਂ ਮੈਨੂੰ ਖੂਹ ਵਿੱਚ ਧੱਕਾ ਦੇ ਦਿੱਤਾ। ਮੈਂ ਬਥੇਰਾ ਚੀਕਿਆ। ਪਰ ਉਹ ਕਿਸੇ ਵੀ ਹੀਲੇ ਮੇਰੇ ਨਾਲ ਨਹੀਂ ਰਹਿਣਾ ਚਾਹੁੰਦੀ ਸੀ। ਉਹ ਵਾਪਸ ਆਪਣੇ ਪਿੰਡ ਮੁੜ ਗਈ।
ਉਸ ਪਿੰਡ ਜਾ ਕੇ ਆਪਣੇ ਮਾਪਿਆਂ ਨੂੰ ਕਹਿ ਦਿੱਤਾ ਕਿ ਉਹ ਤਾਂ ਮੈਨੂੰ ਰਾਹ ਵਿੱਚ ਹੀ ਛੱਡ ਕੇ ਚਲਾ ਗਿਆ। ਮੈਂ ਵਾਪਸ ਪਿੰਡ ਮੁੜ ਆਈ। ਘਰਦਿਆਂ ਨੇ ਦੋ ਕੁ ਦਿਨ ਉਡੀਕਿਆ ਤੇ ਸੋਚਿਆ ਕਿਉਂ ਨਾ ਪੰਚਾਇਤ ਲੈ ਕੇ ਮੁੰਡੇ ਦੇ ਪਿੰਡ ਜਾਇਆ ਜਾਵੇ। ਉਧਰ ਮੈਂ ਖੂਹ ਵਿੱਚ ਚੀਕਾਂ ਮਾਰਾਂ ਕਿ ਕੋਈ ਮੈਨੂੰ ਬਚਾਓ। ਕੋਲੋਂ ਲੰਘਦੇ ਆਜੜੀਆਂ ਨੇ ਮੇਰੀ ਆਵਾਜ਼ ਸੁਣੀ ਤੇ ਮੈਨੂੰ ਖੂਹ ਵਿੱਚੋਂ ਕੱਢ ਲਿਆ। ਜਦੋਂ ਤੁਹਾਡੀ ਬੇਬੇ ਦੇ ਮਾਪੇ ਮੇਰੇ ਪਿੰਡ ਜਾਣ ਨੂੰ ਤਿਆਰ ਸਨ ਉਸ ਵੇਲੇ ਮੈਂ ਪਿੰਡ ਪਹੁੰਚ ਗਿਆ। ਉਹ ਮੈਨੂੰ ਵੇਖ ਕੇ ਖੁਸ਼ ਹੋ ਗਏ ਉਹਨਾਂ ਕੁਝ ਨਾ ਪੁੱਛਿਆ ਤੇ ਨਾ ਹੀ ਮੈਂ ਕੁਝ ਦੱਸਿਆ। ਮੈਂ ਤੁਹਾਡੀ ਬੇਬੇ ਨੂੰ ਵੀ ਇਸ ਬਾਬਤ ਕੁਝ ਨਾ ਕਿਹਾ। ਉਸ ਨੂੰ ਨਾਲ ਲੈ ਕੇ ਪਿੰਡ ਪਰਤ ਆਇਆ।
ਉਸ ਦਿਨ ਤੋਂ ਅੱਜ ਤੱਕ ਮੈਂ ਤੁਹਾਡੀ ਬੇਬੇ ਨਾਲ ਇਸ ਬਾਰੇ ਕਦੀ ਗੱਲ ਨਹੀਂ ਕੀਤੀ ਤੇ ਨਾ ਹੀ ਕਿਸੇ ਹੋਰ ਨਾਲ। ਜੇ ਮੈਂ ਉਸ ਦਿਨ ਮਰ ਗਿਆ ਹੁੰਦਾ ਤਾਂ ਕੀ ਮੈਂ ਇਹ ਦਿਨ ਦੇਖਣੇ ਸੀ। ਇਸੇ ਲਈ ਮੈਂ ਹਰ ਵੇਲੇ ਰੱਬ ਦਾ ਸ਼ੁਕਰਾਨਾ ਕਰਦਾ ਹਾਂ। ਮੈਂ ਨਹੀਂ ਚਾਹੁੰਦਾ ਸੀ ਕਿ ਤੁਹਾਡੀ ਬੇਬੇ ਨੂੰ ਕੋਈ ਇਸ ਗੱਲ ਦਾ ਮਿਹਣਾ ਮਾਰੇ। ਤੂੰ ਵੀ ਹੁਣ ਇਹ ਗੱਲ ਕਿਸੇ ਕੋਲ ਨਾ ਕਰੀ। ਪੋਤ ਨੂੰਹ ਇਹ ਗੱਲ ਸੁਣ ਕੇ ਹੈਰਾਨ ਰਹਿ ਗਈ। ਉਸਨੇ ਬਾਬੇ ਨਾਲ ਵਾਅਦਾ ਕੀਤਾ ਕਿ ਇਹ ਗੱਲ ਅੱਗੇ ਨਹੀਂ ਕਰੇਗੀ।
ਪਰ ਐਡੀ ਵੱਡੀ ਗੱਲ ਪੱਚ ਵੀ ਕਿਵੇਂ ਜਾਂਦੀ। ਘਰ ਜਾਂਦਿਆਂ ਹੀ ਉਹ ਬੇਬੇ ਕੋਲ ਗਈ। ਤਲਖ ਅੰਦਾਜ਼ ਵਿੱਚ ਬੇਬੇ ਨੂੰ ਉਸਨੇ ਕਿਹਾ ਕਿ ਮੈਨੂੰ ਸਭ ਪਤਾ ਚੱਲ ਗਿਆ ਹੈ ਕਿਵੇਂ ਤੂੰ ਮੁਕਲਾਵੇ ਆਉਂਦੀ ਨੇ ਬਾਬੇ ਨੂੰ ਖੂਹ ਵਿੱਚ ਧੱਕਾ ਦੇ ਦਿੱਤਾ ਸੀ। ਉਹ ਤਾਂ ਸਾਡਾ ਬਾਬਾ ਹੀ ਚੰਗਾ ਹੈ ਜਿਸਨੇ ਤੈਨੂੰ ਰੱਖ ਲਿਆ। ਤੂੰ ਤਾਂ ਸਾਡੇ ਬਾਬੇ ਨੂੰ ਮਾਰਨ ਵਿੱਚ ਕੋਈ ਕਸਰ ਨਹੀਂ ਸੀ ਛੱਡੀ। ਬੇਬੇ ਇਹ ਗੱਲ ਸੁਣ ਕੇ ਹੈਰਾਨ ਪਰੇਸ਼ਾਨ ਰਹਿ ਗਈ। ਜੋ ਗੱਲ ਉਸਦੇ ਪਤੀ ਨੇ ਆਪ ਕਦੇ ਨਹੀਂ ਸੀ ਕਹੀ ਉਹ ਗੱਲ ਪੋਤ ਨੂੰਹ ਦੇ ਮੂੰਹੋਂ ਸੁਣ ਕੇ ਉਸ ਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ।
ਬੇਬੇ ਤੋਂ ਇਹ ਗੱਲ ਸਹਾਰੀ ਨਾ ਗਈ ਤੇ ਉਹਨੇ ਦਰਵਾਜ਼ਾ ਬੰਦ ਕਰਕੇ ਅੰਦਰ ਫਾਹਾ ਲੈ ਲਿਆ। ਪੋਤ ਨੂੰਹ ਨੇ ਜਦੋਂ ਦਰਵਾਜ਼ਾ ਬੰਦ ਦੇਖਿਆ ਤਾਂ ਉਸਨੇ ਖਿੜਕੀ ਚੋਂ ਦੇਖਿਆ ਕਿ ਬੇਬੇ ਨੇ ਫਾਹਾ ਲੈ ਲਿਆ ਹੈ। ਉਹ ਭੱਜੀ ਭੱਜੀ ਬਾਬੇ ਕੋਲ ਗਈ। ਹਫਤੇ ਨੇ ਬਾਬੇ ਨੂੰ ਕਿਹਾ ਕਿ ਬੇਬੇ ਨੇ ਫਾਹਾ ਲੈ ਲਿਆ ਹੈ। ਬਾਬੇ ਨੇ ਹੌਕਾ ਲੈ ਕੇ ਕਿਹਾ ਤੁਹਾਡੀ ਬੇਬੇ ਤਾਂ ਉਦੋਂ ਹੀ ਮਰ ਗਈ ਸੀ ਜਦੋਂ ਇਹ ਗੱਲ ਮੈਂ ਤੈਨੂੰ ਦੱਸੀ। ਜਿਹੜੀ ਗੱਲ ਮੈਂ ਸਾਰੀ ਜ਼ਿੰਦਗੀ ਰਾਜ਼ ਰੱਖੀ ਉਹ ਮੈਨੂੰ ਨਹੀਂ ਦੱਸਣੀ ਚਾਹੀਦੀ ਸੀ ਤੈਨੂੰ। ਰਾਜ਼ ਉਦੋਂ ਤੱਕ ਹੀ ਰਾਜ਼ ਰਹਿੰਦਾ ਹੈ ਜਦ ਤੱਕ ਉਹ ਬੰਦੇ ਦੇ ਦਿਲ ਵਿੱਚ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly