ਨਾਨੀ ਦੀਆਂ ਬਾਤਾਂ ਚੋਂ

ਹਰਪ੍ਰੀਤ ਕੌਰ ਸੰਧੂ

(ਸਮਾਜ ਵੀਕਲੀ)-ਇਕ ਪਿੰਡ ਵਿੱਚ ਇਕ ਖਾਂਦਾ ਪੀਂਦਾ ਪਰਿਵਾਰ ਸੀ। ਹਰ ਪੱਖੋਂ ਰੱਜੇ ਹੋਏ ਲੋਕ। ਘਰ ਵਿੱਚ ਬਹੁਤ ਕੁਝ ਹੋਣ ਦੇ ਬਾਵਜੂਦ ਵੀ ਜ਼ਮੀਨ ਨਾਲ ਜੁੜੇ ਹੋਏ ਸੀ। ਇੱਕ ਪੁੱਤ ਤੇ ਅੱਗੋਂ ਇੱਕ ਪੋਤਾ। ਉਹ ਤਾਂ ਸਾਰੇ ਪਰਿਵਾਰ ਦੀਆਂ ਅੱਖਾਂ ਦਾ ਤਾਰਾ। ਬਹੁਤ ਲਾਡ ਪਿਆਰ ਨਾਲ ਪਾਲਿਆ ਹੋਇਆ ਸੀ। ਥੋੜਾ ਵੱਡਾ ਹੋਇਆ ਤਾਂ ਪਰਿਵਾਰ ਨੇ ਉਸਨੂੰ ਕੰਮ ਕਾਜ ਵਿੱਚ ਲਾਇਆ। ਕਿਰਤ ਵਿੱਚ ਯਕੀਨ ਰੱਖਣ ਵਾਲਾ ਪਰਿਵਾਰ ਸੀ।

ਨੌਜਵਾਨ ਮੁੰਡਾ ਸੀ ਨੌਜਵਾਨਾਂ ਵਰਗੀਆਂ ਖਾਹਿਸ਼ਾਂ ਵੀ ਸੀ। ਪਿਤਾ ਨੇ ਉਸ ਨੂੰ ਕਿਹਾ ਕਿ ਕੁਝ ਆਪਣੇ ਆਪ ਕਮਾ। ਮੁੰਡੇ ਨੇ ਆਪਣੇ ਬਲਬੂਤੇ ਤੇ ਕੰਮ ਸ਼ੁਰੂ ਕੀਤਾ। ਕਮਾਈ ਬਹੁਤ ਹੀ ਨਾ ਹੋਈ ਪਰ ਜਿੰਨੀ ਹੋਈ ਉਸ ਤੋਂ ਵੀ ਪਰਿਵਾਰ ਸੰਤੁਸ਼ਟ ਸੀ। ਉਹ ਸਿਰਫ ਬੱਚੇ ਨੂੰ ਸਿਖਾਉਣਾ ਚਾਹੁੰਦੇ ਸਨ ਕਿ ਕਿਰਤ ਕਿੰਨੀ ਜਰੂਰੀ ਹੈ।
ਲਾਡਲਾ ਤੇ ਇਕਲੌਤਾ ਪੁੱਤ ਸੀ। ਦਾਦੇ ਕੋਲ ਇੱਕ ਬੇਸ਼ਕੀਮਤੀ ਦੁਸ਼ਾਲਾ ਸੀ। ਪੋਤੇ ਨੂੰ ਇਹ ਦੁਸ਼ਾਲਾ ਬਹੁਤ ਪਸੰਦ ਸੀ। ਉਹ ਜਦੋਂ ਵੀ ਕਿਤੇ ਬਾਹਰ ਜਾਣਾ ਹੁੰਦਾ ਤਾਂ ਉਹ ਦੁਸ਼ਾਲਾ ਲੈ ਜਾਂਦਾ। ਜਦੋਂ ਪੋਤੇ ਨੇ ਆਪਣੀ ਪਹਿਲੀ ਕਮਾਈ ਦਾਦੇ ਦੇ ਹੱਥ ਤੇ ਰੱਖੀ ਤਾਂ ਦਾਦਾ ਬੜਾ ਖੁਸ਼ ਹੋਇਆ। ਉਸਨੇ ਪੁੱਤ ਨੂੰ ਕਿਹਾ ਕਿ ਇਸ ਨਾਲ ਆਪਣੇ ਆਪ ਲਈ ਕੁਝ ਲੈ ਲੈ। ਥੋੜੇ ਜਿਹੇ ਪੈਸੇ ਸੀ ਬਹੁਤਾ ਕੁਝ ਤਾਂ ਆਉਣਾ ਨਹੀਂ ਸੀ ਪੋਤੇ ਨੇ ਇੱਕ ਜੁੱਤੀ ਖਰੀਦ ਲਈ।
ਆਪਣੀ ਕਮਾਈ ਦੀ ਖਰੀਦੀ ਇਹ ਜੁੱਤੀ ਉਸਨੂੰ ਜਾਣ ਤੋਂ ਵੀ ਪਿਆਰੀ ਸੀ। ਉਸ ਨੂੰ ਸੰਭਾਲ ਸੰਭਾਲ ਰੱਖਦਾ। ਇੱਕ ਦਿਨ ਉਹ ਕਿਸੇ ਵਿਆਹ ਸਮਾਗਮ ਵਿੱਚ ਜਾਣ ਲਈ ਤਿਆਰ ਹੋਇਆ ਤੇ ਦਾਦੇ ਦਾ ਦਿੱਤਾ ਦੁਸ਼ਾਲਾ ਲੈ ਲਿਆ। ਰਾਹ ਵਿੱਚ ਤੁਰੇ ਜਾਂਦੇ ਦੇ ਜੁੱਤੀ ਤੇ ਮਿੱਟੀ ਪੈ ਗਈ। ਮੁੰਡੇ ਨੇ ਜਦੋਂ ਜੁੱਤੀ ਤੇ ਮਿੱਟੀ ਪਈ ਦੇਖੀ ਤਾਂ ਉਸਨੇ ਫਟਾਫਟ ਦੁਸ਼ਾਲੇ ਨਾਲੋਂ ਮਿੱਟੀ ਸਾਫ ਕਰ ਦਿੱਤੀ।
ਉਸ ਸਮੇਂ ਕੋਈ ਬਜ਼ੁਰਗ ਕੋਲੋਂ ਨਿਕਲ ਰਿਹਾ ਸੀ। ਉਹ ਵੇਖ ਕੇ ਬੜਾ ਹੈਰਾਨ ਹੋਇਆ ਕਿ ਇੰਨੇ ਕੀਮਤੀ ਦੁਸ਼ਾਲੇ ਨਾਲ ਜੁੱਤੀ ਸਾਫ ਕਰ ਰਿਹਾ ਹੈ। ਉਸਨੇ ਪੁੱਛ ਹੀ ਲਿਆ ਕਿਉਂ ਬਈ ਜਵਾਨਾ ਇਹਨੇ ਮਹਿੰਗੇ ਦੁਸ਼ਾਲੇ ਨਾਲ ਜੁੱਤੀ ਸਾਫ ਕਰ ਰਿਹਾ। ਮੁੰਡੇ ਨੇ ਅੱਗਿਓਂ ਜਵਾਬ ਦਿੱਤਾ ਮੇਰੀ ਮਿਹਨਤ ਦੀ ਕਮਾਈ ਦੀ ਜੁੱਤੀ ਹੈ। ਬਜ਼ੁਰਗ ਨੇ ਕਿਹਾ ਤੇ ਜਿਹੜਾ ਕੀਮਤੀ ਦੁਸ਼ਾਲਾ ਉਹ ਤਾਂ ਤੈਨੂੰ ਖਿਆਲ ਨਹੀਂ ਕਿ ਉਹ ਗੰਦਾ ਹੋ ਜਾਵੇਗਾ। ਮੁੰਡਾ ਅੱਗੋਂ ਬੋਲਿਆ ਇਹ ਤਾਂ ਮੇਰੇ ਬਾਬੇ ਦਾ ਹੈ।
ਬਜ਼ੁਰਗ ਨੇ ਠੰਡਾ ਹੋਕਾ ਲਿਆ ਤੇ ਮੁੰਡੇ ਨੂੰ ਸਮਝਾਇਆ। ਆਪਣੀ ਕਮਾਈ ਨਾਲ ਹੀ ਪੁੱਤ ਚੀਜ਼ਾਂ ਦੀ ਸਮਝ ਆਉਂਦੀ ਹੈ। ਇਸ ਬੇਸ਼ਕੀਮਤੀ ਦੁਸ਼ਾਲੇ ਦੀ ਕਦਰ ਤੈਨੂੰ ਨਹੀਂ ਹੈ ਕਿਉਂਕਿ ਤੂੰ ਇਹ ਆਪ ਨਹੀਂ ਕਮਾਇਆ। ਪਰ ਜੁੱਤੀ ਤਾਂ ਤੈਨੂੰ ਖਿਆਲ ਹੈ ਕਿਉਂਕਿ ਇਹ ਤੇਰੀ ਮਿਹਨਤ ਦੀ ਹੈ। ਇਸੇ ਲਈ ਕਹਿੰਦੇ ਨੇ ਹਰ ਬੰਦੇ ਨੂੰ ਮਿਹਨਤ ਕਰਨੀ ਚਾਹੀਦੀ ਹੈ ਤੇ ਆਪ ਕਮਾਉਣਾ ਚਾਹੀਦਾ ਹੈ ਤਾਂ ਹੀ ਉਸਨੂੰ ਚੀਜ਼ ਦੀ ਕਦਰ ਕਰਨੀ ਆਉਂਦੀ ਹੈ।
ਹਰਪ੍ਰੀਤ ਕੌਰ ਸੰਧੂ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਸੱਚੋ ਸੱਚ / ਕਵੀ ਦੀ ਸੋਚ
Next articleਤਰਕਸ਼ੀਲ ਆਗੂ ਆਤਮਾ ਸਿੰਘ ਦਾ ਮ੍ਰਿਤਕ ਸਰੀਰ ਮੈਡੀਕਲ ਖੋਜ ਕਾਰਜਾਂ ਲਈ ਸੀ ਐਮ ਸੀ ਹਸਪਤਾਲ ਲੁਧਿਆਣਾ ਨੂੰ ਭੇਂਟ ਕੀਤਾ