(ਸਮਾਜ ਵੀਕਲੀ)
ਦੋਸਤਾਂ ਤਾਈਂ ਕਦੇ ਨਾ ਕਰੀਏ,
ਬੇਈਮਾਨੀ ਦਾ ਧੰਦਾ।
ਬਾਕੀ ਕੰਮ ਤਾਂ ਚਲਦਾ ਰਹਿਣਾ,
ਕਦੇ ਚੰਗਾ ਕਦੇ ਮੰਦਾ।
ਦੋਸਤ ਤਾਈਂ…..
ਰੱਬ ਵੀ ਉਹਨੂੰ ਮਾਫ਼ ਨੀ ਕਰਦਾ,
ਜਿਹੜਾ ਦੋਸਤ ਨਾਲ਼ ਦਗ਼ਾ ਕਮਾਵੇ।
ਮੁੜ ਮੁੜ ਨਹੀਂ ਭਰੋਸਾ ਬਣਦਾ,
ਇੱਕ ਵਾਰੀ ਜੋ ਵਫ਼ਾ ਗਵਾਵੇ।
ਕਾਹਦਾ ਉਹ ਦੋਸਤ ਹੈ ਜੇ,
ਦੋਸਤ ਗਲ਼ ਹੀ ਪਾਵੇ ਫੰਦਾ।
ਦੋਸਤ ਤਾਈਂ……
ਬੜੇ ਹੁੰਦੇ ਨੇ ਐਹੋ ਜਿਹੇ ਵੀ,
ਜੋ ਦੋਸਤਾਂ ਦੇ ਲਈ ਹਰਦੇ।
ਦੁੱਖ ਸੁੱਖ ਦੇ ਵਿੱਚ ਹਰ ਥਾਂ ਓਹੋ,
ਹਿੱਕ ਤਾਣ ਬਰਾਬਰ ਖੜਦੇ।
ਪਰ ਪਿੱਠ ਵਿੱਚ ਛੁਰਾ ਮਾਰੇ ਜੋ,
ਓਹਦੇ ਜਿਹਾ ਨਹੀਂ ਗੰਦਾ।
ਦੋਸਤ ਤਾਈਂ……
ਦਰਦ ਦਿਲਾਂ ਦੇ ਲੰਬੇ ਚੌੜੇ,
ਦੋਸਤ ਆਣ ਵੰਡਾਵੇ।
ਪੀੜ ਦੋਸਤ ਦੀ ਆਪ ਮਨਜੀਤ,
ਤਨ ਮਨ ਤਾਈਂ ਹੰਢਾਵੇ।
ਟੁੱਟ ਜਾਵਣ ਜੇ ਸਾਹ ਤਾਹੀਓਂ,
ਟੁੱਟਣ ਮੋਹ ਦੀਆਂ ਤੰਦਾਂ।
ਦੋਸਤ ਤਾਈਂ ਕਦੇ ਨਾ ਕਰੀਏ,
ਬੇਈਮਾਨੀ ਦਾ ਧੰਦਾ।
ਮਨਜੀਤ ਕੌਰ ਲੁਧਿਆਣਵੀ, ਸ਼ੇਰਪੁਰ, ਲੁਧਿਆਣਾ। ਸੰ:9464633059
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ https://play.google.com/store/apps/details?id=in.yourhost.samajweekly