(ਸਮਾਜ ਵੀਕਲੀ)
ਹਰ ਇੱਕ ਇਨਸਾਨ ਨੂੰ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ, ਆਪਣੀ ਸਮਝ ਅਨੁਸਾਰ, ਆਪਣੀ ਵਿਊਂਤਬੰਦੀ ਮੁਤਾਬਕ, ਆਪਣੇ ਅਸੂਲਾਂ ਨਾਲ ਅਤੇ ਆਪਣੀ ਮਰਜ਼ੀ ਨਾਲ ਜਿਉਣ ਦਾ ਹੱਕ ਹੈ, ਬਸ਼ਰਤੇ ਕਿ ਉਸ ਦੀ ਆਪਣੀ ਮਰਜ਼ੀ ਨਾਲ ਜਿਉਣ ਦੀ ਆਜ਼ਾਦੀ ਦੂਸਰਿਆਂ ਲਈ ਬਖੇੜੇ, ਉਲਝਣਾਂ, ਪ੍ਰੇਸ਼ਾਨੀਆਂ ਅਤੇ ਦੁੱਖ ਤਕਲੀਫਾਂ ਦਾ ਕਾਰਨ ਨਾ ਬਣੇ। ਦੂਜਿਆਂ ਨੂੰ ਲਤਾੜ ਕੇ ਨਹੀਂ ਸਗੋਂ ਦੂਜਿਆਂ ਦੇ ਹਿਤਾਂ ਦਾ ਧਿਆਨ ਰੱਖਦਿਆਂ ਅੱਗੇ ਵਧਦੇ ਰਹਿਣਾ ਚਾਹੀਦਾ ਹੈ। ਇੱਕ ਦੂਜੇ ਦੀ ਲਾਈਫ਼ ਵਿੱਚ ਬੇਲੋੜੀ ਦਖ਼ਲ-ਅੰਦਾਜ਼ੀ ਨਹੀਂ ਕਰਨੀ ਚਾਹੀਦੀ ਅਤੇ ਬਿਨਾਂ ਮੰਗਿਆਂ ਕਿਸੇ ਨੂੰ ਸਲਾਹ ਵੀ ਨਹੀਂ ਦੇਣੀ ਚਾਹੀਦੀ। ਨਿੱਕੀਆਂ-ਨਿੱਕੀਆਂ ਗੱਲਾਂ ਤੇ ਟੋਕਾ ਟਾਕੀ ਤੋਂ ਗੁਰੇਜ਼ ਕਰਨ ਵਿੱਚ ਭਲਾ ਹੀ ਭਲਾ ਹੈ।
ਕੁੜੀ ਹੋਵੇ ਜਾਂ ਮੁੰਡਾ, ਭੈਣ ਭਾਈ ਹੋਵਣ,ਪਤੀ ਪਤਨੀ ਹੋਵਣ ਜਾਂ ਸੱਸ ਨੂੰਹ, ਭਾਵੇਂ ਹੋਣ ਨਣਦ ਭਰਜਾਈ ਭਾਵੇਂ ਹੋਣ ਸੱਸ ਸਹੁਰਾ,ਦਿਓਰ ਜੇਠ ਹੋਣ ਜਾਂ ਦਰਾਣੀ ਜਠਾਣੀ, ਪਿਓ ਪੁੱਤ ਹੋਣ ਜਾਂ ਮਾਂ ਧੀ,ਆਂਢੀ ਗੁਆਂਢੀ ਹੋਣ ਜਾਂ ਸਮਾਜ ਦਾ ਹੋਰ ਕੋਈ ਵੀ ਅੰਗ ਹੋਵੇ, ਕੋਈ ਵੀ ਰਿਸ਼ਤਾ ਹੋਵੇ, ਉਸ ਨੂੰ ਆਪਣੇ ਢੰਗ ਨਾਲ ਜਿਉਣ ਦੇਣਾ ਚਾਹੀਦਾ ਹੈ। ਕਿਸੇ ਵੀ ਕਿਸਮ ਦਾ ਵਿਤਕਰਾ ਨਹੀਂ ਰੱਖਣਾ ਚਾਹੀਦਾ।
*”ਜੀਓ ਅਤੇ ਜਿਊਣ ਦਿਓ” *LIVE & LET LIVE* ਦਾ ਫਾਰਮੂਲਾ ਚੇਤਿਆਂ ‘ਚ ਵੱਸਿਆ ਰਹਿਣਾ ਚਾਹੀਦਾ ਹੈ। ਜੇਕਰ ਸੰਭਵ ਹੋ ਸਕੇ ਤਾਂ ਕਿਸੇ ਤਪਦੇ ਹਿਰਦੇ ਨੂੰ ਸ਼ਾਂਤ ਕਰਨ ਲਈ ਠੰਢੇ ਪਾਣੀ ਦੇ ਛਿੱਟੇ ਜ਼ਰੂਰ ਮਾਰਨ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦੈ। ਕਿਸੇ ਡਿੱਗੇ ਹੋਏ ਨੂੰ ਉਠਾਉਣ ਵਿੱਚ ਆਪਣੀ ਸਮਰੱਥਾ ਮੁਤਾਬਕ ਉਸ ਦੀ ਮਦਦ ਵੀ ਕਰ ਦੇਣੀ ਚੰਗੀ ਇਨਸਾਨੀਅਤ ਦੀ ਨਿਸ਼ਾਨੀ ਹੁੰਦੀ ਹੈ। ਮਾੜੇ ਵਕਤ ਦਾ ਕੋਈ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਸਾਨੂੰ ਦੱਬ ਲਵੇ। ਆਖ਼ਰ ਬੰਦੇ ਦੀ ਬੰਦਾ ਹੀ ਦਾਰੂ ਹੁੰਦੈ ਨਾ ਕਿ ਕੋਈ ਗ਼ੈਬੀ ਸ਼ਕਤੀ।
“ਇਹ ਜੀਵਨ ਮੋਇਆਂ ਮੁੱਕਦਾ ਨਹੀਂ,
ਜੇ ਲੋਕਾਂ ਲੇਖੇ ਲਾ ਛੱਡੀਏ”।
ਵੱਲੋਂ:
ਅਜੀਤ ਪ੍ਰਦੇਸੀ ਰੋਪੜ।
ਮੋਬਾ: 94633.66546.
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly