
ਲੈਸਟਰ (ਇੰਗਲੈਂਡ), (ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)– ਗੁਰਦੁਆਰਾ ਬਾਬਾ ਵਡਭਾਗ ਸਿੰਘ ਕੁਵੈਂਟਰੀ (ਬੀ.ਵੀ.ਐਸ. ਚੈਰੀਟੇਬਲ ਟਰਸਟ) ਚਾਰ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਅਤੇ ਸਮੂਹ ਸ਼ਹੀਦਾਂ ਦੀ ਯਾਦ ਚ ਸਮਾਜਿਕ ਸੇਵਾ ਦੇ ਖੇਤਰ ਵਿੱਚ ਚਲਾਇਆ ਜਾ ਰਿਹਾ ‘ਕ੍ਰਿਸਮਸ ਪ੍ਰੋਜੈਕਟ’ ਅੱਜ ਲੋੜਵੰਦ ਪਰਿਵਾਰਾਂ ਲਈ ਆਸ ਦੀ ਇੱਕ ਵੱਡੀ ਕਿਰਣ ਬਣ ਚੁੱਕਾ ਹੈ। ਇਸ ਪ੍ਰੋਜੈਕਟ ਦੀ ਸ਼ੁਰੂਆਤ ਸਾਲ 2019 ਵਿੱਚ ਬੜੀ ਹੀ ਸਾਦਗੀ ਨਾਲ ਸਿਰਫ਼ ਇੱਕ ਸਕੂਲ ਦੀ ਮਦਦ ਕਰਕੇ ਕੀਤੀ ਗਈ ਸੀ, ਪਰ ਸੇਵਾ ਭਾਵਨਾ ਅਤੇ ਸਮਰਪਣ ਦੇ ਕਾਰਨ ਇਹ ਉਪਰਾਲਾ ਹਰ ਸਾਲ ਵਧਦਾ ਗਿਆ ਅਤੇ ਅੱਜ ਕਈ ਸਕੂਲਾਂ ਤੇ ਸੰਸਥਾਵਾਂ ਤੱਕ ਆਪਣੀ ਪਹੁੰਚ ਬਣਾਉਣ ਵਿੱਚ ਸਫ਼ਲ ਹੋਇਆ ਹੈ। ਸੰਸਥਾ ਦੇ ਮੁਖੀ ਸੇਵਾਦਾਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਟਰਸਟ ਦੀ ਸੋਚ ਸਦਾ ਤੋਂ ਹੀ ਇਹ ਰਹੀ ਹੈ ਕਿ ਵੱਧ ਤੋਂ ਵੱਧ ਲੋਕਾਂ ਦੀ ਨਿਸ਼ਕਾਮ ਸੇਵਾ ਕੀਤੀ ਜਾਵੇ। ਉਨ੍ਹਾਂ ਦੱਸਿਆ ਕਿ ਜਦ ਉਨ੍ਹਾਂ ਨੂੰ ਇਕ ਸੇਵਾਦਾਰ ਵੱਲੋਂ ਦੱਸਿਆ ਗਿਆ ਕਿ ਉਸਦੇ ਸਕੂਲ ਵਿੱਚ ਕਈ ਅਜਿਹੇ ਬੱਚੇ ਹਨ ਜੋ ਦੁਪਹਿਰ ਦੇ ਖਾਣੇ ਲਈ ਸਿਰਫ਼ ਪਾਣੀ ਦੀ ਬੋਤਲ ਹੀ ਨਾਲ ਲਿਆਉਂਦੇ ਹਨ, ਤਾਂ ਇਹ ਸੁਣ ਕੇ ਹਰ ਇੱਕ ਦਾ ਮਨ ਦੁੱਖ ਨਾਲ ਭਰ ਗਿਆ। ਇਸੇ ਪਲ ਸੰਸਥਾ ਨੇ ਫ਼ੈਸਲਾ ਕੀਤਾ ਕਿ ਇਨ੍ਹਾਂ ਬੱਚਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਤਿਉਹਾਰਾਂ ਦੀਆਂ ਖੁਸ਼ੀਆਂ ਲਿਆਂਦੀਆਂ ਜਾਣ। ਉਨ੍ਹਾਂ ਕਿਹਾ ਕਿ ਤਿਉਹਾਰਾਂ ਦੇ ਦਿਨਾਂ ਵਿੱਚ ਹਰ ਬੱਚਾ ਤੋਹਫ਼ੇ ਦੀ ਉਮੀਦ ਰੱਖਦਾ ਹੈ ਅਤੇ ਜੇ ਕਿਸੇ ਕਾਰਨ ਕਰਕੇ ਇਹ ਖੁਸ਼ੀ ਉਸ ਤੱਕ ਨਹੀਂ ਪਹੁੰਚਦੀ ਤਾਂ ਉਸਦੇ ਮਨ ‘ਤੇ ਡੂੰਘਾ ਅਸਰ ਪੈਂਦਾ ਹੈ। ਇਸੇ ਕਾਰਨ ਟਰਸਟ ਵੱਲੋਂ ਬੱਚਿਆਂ ਦੀ ਉਮਰ ਦੇ ਅਨੁਸਾਰ ਤੋਹਫ਼ੇ ਅਤੇ ਨਾਲ ਹੀ ਖਾਣ-ਪੀਣ ਦੇ ਸਮਾਨ ਦੇ ਪੈਕੇਟ ਵੰਡਣ ਦੀ ਯੋਜਨਾ ਤਿਆਰ ਕੀਤੀ ਗਈ। ਸਮੇਂ ਦੇ ਨਾਲ ਇਹ ਛੋਟੇ ਪੈਕੇਟ ਵੱਡੇ ਅਤੇ ਸੁਵਿਧਾਜਨਕ ‘ਹੈਂਪਰਾਂ’ ਵਿੱਚ ਤਬਦੀਲ ਹੋ ਗਏ, ਜਿਨ੍ਹਾਂ ਵਿੱਚ ਰੋਜ਼ਾਨਾ ਦੀ ਲੋੜ ਦਾ ਸਮਾਨ ਸ਼ਾਮਲ ਕੀਤਾ ਜਾਂਦਾ ਹੈ। ਸੇਵਾਦਾਰ ਕੁਲਵਿੰਦਰ ਸਿੰਘ ਨੇ ਹੋਰ ਦੱਸਿਆ ਕਿ ਹੁਣ ਹਰ ਹੈਂਪਰ ਦੇ ਨਾਲ £10 ਪੌਡ ਦਾ ਸ਼ਾਪਿੰਗ ਵਾਊਚਰ ਵੀ ਦਿੱਤਾ ਜਾਂਦਾ ਹੈ, ਤਾਂ ਜੋ ਪਰਿਵਾਰ ਆਪਣੀ ਲੋੜ ਅਤੇ ਪਸੰਦ ਅਨੁਸਾਰ ਸਮਾਨ ਖਰੀਦ ਸਕਣ। ਇਹ ਕਦਮ ਖਾਸ ਤੌਰ ‘ਤੇ ਇਸ ਲਈ ਚੁੱਕਿਆ ਗਿਆ ਹੈ ਤਾਂ ਜੋ ਪਰਿਵਾਰਾਂ ਨੂੰ ਆਤਮ-ਸਮਰੱਥਾ ਦਾ ਅਹਿਸਾਸ ਹੋਵੇ ਅਤੇ ਉਹ ਆਪਣੀਆਂ ਜ਼ਰੂਰਤਾਂ ਖੁਦ ਪੂਰੀ ਕਰ ਸਕਣ। ਟਰਸਟ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪਿਛਲੇ ਸਾਲ ਤੱਕ ਇਹ ਪ੍ਰੋਜੈਕਟ ਨੌਂ ਸਕੂਲਾਂ ਅਤੇ ਕੁਝ ਸਮਾਜਿਕ ਸੰਸਥਾਵਾਂ ਤੱਕ ਸੀਮਿਤ ਸੀ, ਪਰ ਇਸ ਸਾਲ ਸੇਵਾਦਾਰਾਂ ਦੀ ਮਹਨਤ ਅਤੇ ਦਾਨੀ ਸੰਗਤ ਦੇ ਸਹਿਯੋਗ ਨਾਲ ਇਹ ਗਿਣਤੀ ਵਧ ਕੇ ਪੱਚੀ ਸਕੂਲਾਂ ਅਤੇ ਸੰਸਥਾਵਾਂ ਤੱਕ ਪਹੁੰਚ ਗਈ ਹੈ। ਇਸ ਵਾਰ ਬੈਡਵਰਥ ਖੇਤਰ ਵਿੱਚ ਪੁਲਿਸ ਅਤੇ ਹੋਰ ਕਮਿਊਨਿਟੀ ਸੈਂਟਰਾਂ ਨਾਲ ਮਿਲ ਕੇ ਵਿਸ਼ੇਸ਼ ਤੌਰ ‘ਤੇ ਕੰਮ ਕੀਤਾ ਗਿਆ, ਤਾਂ ਜੋ ਕੋਈ ਵੀ ਲੋੜਵੰਦ ਪਰਿਵਾਰ ਮਦਦ ਤੋਂ ਵਾਂਝਾ ਨਾ ਰਹਿ ਜਾਵੇ। ਸੰਸਥਾ ਦੇ ਮੁਖੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸਾਰਾ ਕ੍ਰਿਸਮਸ ਪ੍ਰੋਜੈਕਟ ਸਮੂਹ ਸਿੱਖ ਸ਼ਹੀਦਾਂ ਅਤੇ ਚਾਰ ਸਾਹਿਬਜ਼ਾਦਿਆਂ ਦੀ ਪਵਿੱਤਰ ਯਾਦ ਨੂੰ ਸਮਰਪਿਤ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੇ ਅਸੀਂ ਲੋੜਵੰਦ ਬੱਚਿਆਂ ਦੇ ਚਿਹਰਿਆਂ ‘ਤੇ ਖੁਸ਼ੀ ਲਿਆ ਸਕੀਏ ਤਾਂ ਇਹੀ ਸਿੱਖ ਸ਼ਹੀਦਾਂ ਅਤੇ ਚਾਰ ਸਾਹਿਬਜ਼ਾਦਿਆਂ ਲਈ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਮੁਸਕਾਨ ਹੀ ਸਾਡੇ ਲਈ ਸਭ ਤੋਂ ਵੱਡਾ ਇਨਾਮ ਹੈ।ਅੰਤ ਵਿੱਚ ਉਨ੍ਹਾਂ ਨੇ ਦਾਨੀ ਸੰਗਤ, ਸੇਵਾਦਾਰਾਂ ਅਤੇ ਸਹਿਯੋਗੀ ਸੰਸਥਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਭ ਉਨ੍ਹਾਂ ਦੇ ਸਹਿਯੋਗ ਬਿਨਾਂ ਸੰਭਵ ਨਹੀਂ ਸੀ। ਟਰਸਟ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸੇਵਾ ਕਾਰਜ ਜਾਰੀ ਰੱਖੇਗਾ, ਤਾਂ ਜੋ ਹਰ ਤਿਉਹਾਰ ਖੁਸ਼ੀਆਂ ਨਾਲ ਮਨਾਇਆ ਜਾ ਸਕੇ ਅਤੇ ਸਮਾਜ ਦਾ ਕੋਈ ਵੀ ਵਰਗ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਾ ਕਰੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


