
(ਸਮਾਜ ਵੀਕਲੀ) ਅੱਜ ਸਵੇਰੇ ਇੱਕ ਤਸਵੀਰ ਵੇਖੀ ਜਿਸ ਵਿੱਚ ਸਮਾਜ ਸੇਵੀ ਗੁਰਵਿੰਦਰ ਬਠਿੰਡਾ ਇੱਕ ਦਰਖਤ ਨੂੰ ਟ੍ਰੀ ਗਾਰਡ ਤੋਂ ਮੁਕਤ ਕਰਵਾ ਰਿਹਾ ਸੀ। ਲੋਹੇ ਦੀ ਐਂਗਲ ਅਤੇ ਜਾਲੀ ਨਾਲ ਬਣੇ ਟ੍ਰੀ ਗਾਰਡ ਨੇ ਦਰੱਖਤ ਨੂੰ ਆਪਣੇ ਵਿੱਚ ਜਕੜ ਰੱਖਿਆ ਸੀ। ਉਸ ਦੇ ਮੋਟੇ ਤਣੇ ਤੇ ਕੱਟਦੇ ਨਿਸ਼ਾਨ ਸਨ ਐਂਗਲ ਨੇ ਉਸ ਤੇ ਜ਼ਖਮ ਕਰ ਰੱਖੇ ਸਨ। ਇਹ ਸਿਰਫ ਚਾਰ ਅੱਖਾਂ ਵਾਲੇ ਗੁਰਵਿੰਦਰ ਸ਼ਰਮਾ ਨੂੰ ਹੀ ਨਜ਼ਰ ਆਇਆ। ਅੱਜਕਲ੍ਹ ਉਹ ‘ਰੁੱਖਾਂ ਦੇ ਰਖਵਾਲੇ’ ਬੈਨਰ ਹੇਠ ਆਪਣੀ ਟੀਮ ਨਾਲ ਸ਼ਹਿਰ ਵਿੱਚ ਵਿਚਰਦਾ ਹੈ। ਉਹ ਨਵੇਂ ਬੂਟੇ ਹੀ ਨਹੀਂ ਲਾਉਂਦਾ, ਪੁਰਾਣਿਆਂ ਦੀ ਸਾਂਭ ਸੰਭਾਲ ਵੀ ਕਰਦਾ ਹੈ। ਲੋੜੀਂਦੀ ਕਟਾਈ ਛਗਾਈ ਵੀ ਕਰਦਾ ਹੈ। ਨਵੇਂ ਬੂਟਿਆਂ ਨੂੰ ਸਮਾਜਿਕ ਦਰਿੰਦਿਆਂ ਤੋਂ ਬਚਾਉਣ ਲਈ ਨਵੇਂ ਟ੍ਰੀ ਗਾਰਡ ਲਾਉਂਦਾ ਹੈ। ਪਰ ਇਹ ਕੰਮ ਸਾਨੂੰ ਦੋ ਅੱਖਾਂ ਵਾਲਿਆਂ ਨੂੰ ਨਜ਼ਰ ਨਹੀਂ ਆਉਂਦੇ ਕਿਉਂਕਿ ਅਸੀਂ ਕੰਮ ਵਾਲੇ ਜੁ ਹੋਏ ਤੇ ਇਹ ਵੇਹਲੇ ਲੋਕਾਂ ਦੇ ਕੰਮ ਹਨ। ਮੈਂ ਇਸਨੂੰ ਚਾਰ ਅੱਖਾਂ ਵਾਲਾ ਇਸ ਲਈ ਕਹਿੰਦਾ ਹਾਂ ਕਿ ਸਾਨੂੰ ਦੋ ਅੱਖਾਂ ਵਾਲਿਆਂ ਨੂੰ ਜੋ ਨਜ਼ਰ ਨਹੀਂ ਆਉਂਦਾ ਉਹ ਇਸ ਨੂੰ ਨਜ਼ਰ ਆਉਂਦਾ ਹੈ। ਦੋ ਦਿਲ ਇਸ ਲਈ ਕਿ ਇੱਕ ਇਸ ਧੜਕਦਾ ਹੈ ਦੂਜਾ ਗਰੀਬਾਂ ਤੇ ਲੋੜਵੰਦਾਂ ਲਈ। ਗੁਰਿੰਦਰ ਇਕੱਲੇ ਰੁੱਖਾਂ ਦਾ ਰਖਵਾਲਾ ਹੀ ਨਹੀਂ। ਉਹ ਜੀਓ ਅਤੇ ਜੀਣ ਦਿਓ ਦੇ ਸਿਧਾਂਤ ਤੇ ਚਲਦਾ ਹੈ। ਉਹ ਜੰਗਲੀ ਅਤੇ ਜ਼ਹਿਰੀਲੇ ਜਾਨਵਰਾਂ ਨੂੰ ਮਾਰਨ ਤੋਂ ਰੋਕਦਾ ਹੈ। ਉਹ ਜ਼ਹਿਰੀਲੇ ਸੱਪਾਂ ਨੂੰ ਫੜਕੇ ਬਾਹਰ ਖੁੱਲ੍ਹੇ ਵਿੱਚ ਛੱਡ ਆਉਂਦਾ ਹੈ। ਇਸੇ ਲਈ ਤਾਂ ਉਸਨੂੰ ਲੋਕ ਗੁਰਵਿੰਦਰ ਸੱਪਾਂ ਵਾਲਾ ਵੀ ਕਹਿੰਦੇ ਹਨ। ਉਹ ਕਿਸੇ ਘਰ ਦੁਕਾਨ ਵਿੱਚ ਸੱਪ ਦੀ ਸੂਚਨਾ ਮਿਲਣ ਤੇ ਝੱਟ ਪਹੁੰਚ ਜਾਂਦਾ ਹੈ। ਸੱਪ ਨੂੰ ਰੇਸਕਿਉ ਕਰਦਾ ਹੈ। ਡਰ ਨਾਲ ਕੰਬਦੇ ਪਰਿਵਾਰ ਦੇ ਸ਼ਾਹਮਣੇ ਸੱਪ ਨੂੰ ਲੱਭਕੇ ਕਾਬੂ ਕਰਦਾ ਹੈ। “ਸੇਠੀ ਸਾਹਿਬ ਮੈਨੂੰ ਸਭ ਤੋਂ ਜਿਆਦਾ ਦੁੱਖ ਓਦੋਂ ਹੁੰਦਾ ਹੈ ਜਦੋਂ ਕੁਝ ਲੋਕ ਮੇਰੇ ਪਹੁੰਚਣ ਤੋਂ ਪਹਿਲਾਂ ਹੀ ਸੱਪ ਨੂੰ ਮਾਰ ਦਿੰਦੇ ਹਨ। ਓਦੋਂ ਮੇਰਾ ਜੀਅ ਕਰਦਾ ਹੈ ਕਿ ਮੈਂ ਇਸਦਾ ਬਦਲਾ ਲਵਾਂ।” ਇੱਕ ਦਿਨ ਮੇਰੇ ਨਾਲ ਗੱਲ ਕਰਦੇ ਹੋਏ ਗੁਰਵਿੰਦਰ ਨੇ ਕਿਹਾ। ਉਂਜ ਗੁਰਵਿੰਦਰ ਇਕੱਲਾ ਦਰੱਖਤਾਂ ਅਤੇ ਜੰਗਲੀ ਜੀਵਾਂ ਦੀ ਰੱਖਿਆ ਹੀ ਨਹੀਂ ਕਰਦਾ। ਲੋੜਵੰਦ ਮਰੀਜਾਂ ਨੂੰ ਮਾਲੀ ਇਮਦਾਦ, ਡਾਕਟਰੀ ਸਹਾਇਤਾ ਦੇ ਮੌਕੇ ਇਹ ਖੁੰਝਣ ਨਹੀਂ ਦਿੰਦਾ। “ਇਸ ਮਰੀਜ਼ ਲਈ ਹੋਰ ਸਹਾਇਤਾ ਨਾ ਭੇਜੀ ਜਾਵੇ।” ਮੈਂ ਅਕਸਰ ਇਸ ਦੀਆਂ ਅਜਿਹੀਆਂ ਪੋਸਟਾਂ ਦੇਖਦਾ ਰਹਿੰਦਾ ਹਾਂ। ਕਿਸੇ ਨੂੰ ਖੂਨ ਦੀ ਲੋੜ ਹੋਵੇ ਤਾਂ ਅਗਲਾ ਝੱਟ ਗੁਰਵਿੰਦਰ ਨੂੰ ਫੋਨ ਮਾਰ ਦਿੰਦਾ ਹੈ। ਚਾਹੇ ਇਸਦੇ ਇੱਕ ਬੋਲ ਤੇ ਡੋਨਰ ਪਹੁੰਚ ਜਾਂਦੇ ਹਨ ਪਰ ਗੁਰਵਿੰਦਰ ਨੂੰ ਸਮਾਜ ਤੇ ਇਹ ਗਿਲਾ ਹੈ ਕਿ ਚਾਰ ਪੰਜ ਸੌ ਲੋਕਾਂ ਨੂੰ ਜਿੰਨਾ ਨੂੰ ਉਹ ਆਪਣੇ ਖ਼ਾਸ ਸਮਝਦੇ ਹਨ ਆਪਣੇ ਵਿਆਹ ਸ਼ਾਦੀ ਅਤੇ ਖੁਸ਼ੀ ਦੇ ਸਮਾਰੋਹਾਂ ਤੇ ਬੁਲਾਉਣ ਵਾਲੇ ਮੁਸੀਬਤ ਵੇਲੇ ਆਪਣੇ ਸਕਿਆਂ ਚੋਂ ਇੱਕ ਖੂਨਦਾਨੀ ਨਹੀਂ ਲੱਭ ਸਕਦੇ। ਮੇਰੇ ਵਰਗੇ ਬਹੁਤ ਲੋਕ ਹੋਣਗੇ ਜੋ ਗੁਰਵਿੰਦਰ ਤੇ ਤਵਾ ਲਾਉਂਦੇ ਹਨ। ਇਹ ਵਿਹਲਾ ਹੈ। ਇਹ ਧੱਕਾ ਕਰਦਾ ਹੈ। ਇਹ ਗੁੰਡਾਗਰਦੀ ਕਰਦਾ ਹੈ। ਗੱਲ ਓਹਨਾ ਦੀ ਵੀ ਸਹੀ ਹੈ। ਜਦੋਂ ਕੋਈ ਹਸਪਤਾਲ ਕਿਸੇ ਦੀ ਡੈਡ ਬਾਡੀ ਦੇਣ ਲਈ ਲੱਖਾਂ ਰੁਪਏ ਦੀ ਮੰਗ ਕਰੇ। ਜਦੋ ਪ੍ਰਸ਼ਾਸ਼ਨ ਪੁਲਸ ਜਾਂ ਆਮ ਪਬਲਿਕ ਕਿਸੇ ਮੁਸੀਬਤ ਦੇ ਮਾਰੇ ਪਰਿਵਾਰ ਦੀ ਬਾਂਹ ਨਾ ਫੜੇ ਤਾਂ ਗੁਰਵਿੰਦਰ ਮੂਹਰੇ ਆਉਂਦਾ ਹੈ। ਓਦੋਂ ਗੁਰਵਿੰਦਰ ਗੁੰਡਾ ਹੈ। ਚਾਹੇ ਸਕੂਲੀ ਬੱਚੀ ਨਾਲ ਛੇੜਛਾੜ ਦਾ ਮਸਲਾ ਹੋਵੇ ਜਾਂ ਕਿਤੇ ਵੱਡੇ ਖੱਡੇ ਦਾ ਮਸਲਾ ਹੋਵੇ ਜਿਸ ਦਾ ਪ੍ਰਸ਼ਾਸ਼ਨ ਕੋਲ੍ਹ ਕੋਈ ਹੱਲ ਨਾ ਹੋਵੇ ਤਾਂ ਫਿਰ ਗੁਰਵਿੰਦਰ ਸੜਕਾਂ ਦੇ ਟੋਏ ਭਰਦਾ ਨਜ਼ਰ ਆਉਂਦਾ ਹੈ ਤੇ ਜ਼ੁਲਮ ਕਰਨ ਵਾਲਿਆਂ ਦਾ ਮੂਹਰੇ ਹੋਕੇ ਮੁਕਾਬਲਾ ਕਰਦਾ ਹੈ। ਫਿਰ ਉਹ ਲੋਕ ਗੁਰਵਿੰਦਰ ਦੇ ਹਾਰ ਨਹੀਂ ਪਾਉਂਦੇ ਆਪਣੇ ਨਜਾਇਜ ਰੁਤਬਿਆਂ ਨਾਲ ਨਿਵਾਜਦੇ ਹਨ। ਗੁਰਵਿੰਦਰ ਆਪਣੇ ਬਾਰੇ ਗਲਤ ਬੋਲਣ ਵਾਲਿਆਂ ਦੀ ਪਰਵਾਹ ਨਹੀਂ ਕਰਦਾ। ਗੁਰਵਿੰਦਰ ਕੋਲ੍ਹ ਇਹ ਹੁਨਰ ਹੈ ਕਿ ਉਹ ਨਾਮੀ ਡਾਕਟਰ ਨੂੰ ਵੀ ਲੋੜਵੰਦ ਦਾ ਇਲਾਜ਼ ਥੋੜੇ ਪੈਸਿਆਂ ਵਿੱਚ ਕਰਨ ਲਈ ਰਾਜ਼ੀ ਕਰ ਲੈਂਦਾ ਹੈ। ਸਮਾਜ ਵਿੱਚ ਆਪਣੀ ਕਲਾਕਾਰੀ ਵਿਖਾਉਣ ਵਾਲਾ ਗੁਰਵਿੰਦਰ ਸੱਚਮੁੱਚ ਛੋਟੀਆਂ ਫ਼ਿਲਮਾਂ ਦਾ ਕਲਾਕਾਰ ਵੀ ਹੈ। ਕਈ ਫ਼ਿਲਮਾਂ ਵਿੱਚ ਇਸਨੇ ਰੋਲ ਕੀਤੇ ਹਨ। ਇਸ ਕੋਲ੍ਹ ਦੂਸਰਿਆਂ ਦੀ ਜੇਬ ਚੋ ਸਹਾਇਤਾ ਲਈ ਪੈਸੇ ਕਢਵਾਉਣ ਦਾ ਵੀ ਹੁਨਰ ਹੈ। ਇਸ ਦੇ ਸਮਾਜਿਕ ਕੰਮਾਂ ਨੂੰ ਵੇਖਕੇ ਕੋਈ ਆਪਣਾ ਹਿੱਸਾ ਪਾਉਣ ਤੋਂ ਗੁਰੇਜ਼ ਨਹੀਂ ਕਰਦਾ। ਉਂਜ ਮੈਂ ਕਦੇ ਇਸ ਨਾਲ ਕਿਸੇ ਸਮਾਜ ਸੇਵਾ ਦੇ ਕੰਮ ਵਿੱਚ ਹਿੱਸਾ ਨਹੀਂ ਲਿਆ ਤੇ ਨਾ ਹਿੱਸਾ ਪਾਇਆ ਹੈ। ਪਰ ਆਪਣੀ ਕਲਮ ਨਾਲ ਜਰੂਰ ਇਸ ਦੀ ਹੌਸਲਾ ਅਫਜਾਈ ਕੀਤੀ ਹੈ। ਤਾਂਕਿ ਇਸਨੂੰ ਵੇਖਕੇ ਹਰ ਮਾਂ ਆਪਣੇ ਬੇਟੇ ਨੂੰ ਗੁਰਵਿੰਦਰ ਸ਼ਰਮਾ ਬਣਾਉਣ ਦਾ ਸੁਫਨਾ ਵੇਖੇ।



