ਜੌਹੈਨਸਬਰਗ (ਸਮਾਜ ਵੀਕਲੀ):ਦੱਖਣੀ ਅਫਰੀਕਾ ਦੇ ਸੁਪਰੀਮ ਕੋਰਟ ਨੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਜੈਕਬ ਜੂਮਾ ਨੂੰ ਅਦਾਲਤੀ ਹੱਤਕ ਲਈ ਅੱਜ 15 ਮਹੀਨੇ ਕੈਦ ਦੀ ਸਜ਼ਾ ਸੁਣਾਈ ਹੈ। ਉਨ੍ਹਾਂ ਦੇ ਕਾਰਜਕਾਲ ਦੌਰਾਨ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰ ਰਹੇ ਕਮਿਸ਼ਨ ਸਾਹਮਣੇ ਪੇਸ਼ ਹੋਣ ’ਚ ਨਾਕਾਮ ਰਹਿਣ ਲਈ ਸੁਪਰੀਮ ਕੋਰਟ ਨੇ ਉਸ ਨੂੰ ਅਦਾਲਤੀ ਹੱਤਕ ਦਾ ਦੋਸ਼ੀ ਪਾਇਆ ਸੀ। ਜੂਮਾ (79) ’ਤੇ 2009 ਤੋਂ 2018 ਵਿਚਾਲੇ ਕਰੀਬ ਨੌਂ ਸਾਲ ਤੱਕ ਅਹੁਦੇ ’ਤੇ ਰਹਿੰਦਿਆਂ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਦਾ ਦੋਸ਼ ਹੈ।
ਸੁਣਵਾਈ ਦੌਰਾਨ ਜੂਮਾ ਅਦਾਲਤ ’ਚ ਹਾਜ਼ਰ ਨਹੀਂ ਸਨ ਅਤੇ ਉਨ੍ਹਾਂ ਨੂੰ ਥਾਣੇ ’ਚ ਆਤਮ ਸਮਰਪਣ ਲਈ ਪੰਜ ਦਿਨ ਦਾ ਸਮਾਂ ਦਿੱਤਾ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਪੁਲੀਸ ਮੰਤਰੀ ਨੂੰ ਉਨ੍ਹਾਂ ਦੀ ਗ੍ਰਿਫ਼ਤਾਰੀ ਦਾ ਹੁਕਮ ਦੇਣਾ ਪਵੇਗਾ। ਅਦਾਲਤ ਨੇ ਇਹ ਵੀ ਕਿਹਾ ਕਿ ਸਜ਼ਾ ਰੱਦ ਨਹੀਂ ਕੀਤੀ ਜਾ ਸਕਦੀ। ਵੱਖ ਵੱਖ ਸੰਸਥਾਵਾਂ ’ਚ ਭ੍ਰਿਸ਼ਟਾਚਾਰ ਤੇ ਰਿਸ਼ਵਤ ਦੇ ਦੋਸ਼ਾਂ ਦੀ ਜਾਂਚ ਕਰ ਰਹੇ ਕਮਿਸ਼ਨ ਨੇ ਕਿਹਾ ਸੀ ਕਿ ਜੂਮਾ ਨੂੰ ਦੋ ਸਾਲ ਕੈਦ ਦੀ ਸਜ਼ਾ ਦਿੱਤੀ ਜਾਵੇ। ਜੂਮਾ ਨੇ ਵਾਰ-ਵਾਰ ਕਿਹਾ ਕਿ ਕਮਿਸ਼ਨ ਨਾਲ ਸਹਿਯੋਗ ਕਰਨ ਦੀ ਥਾਂ ਉਹ ਜੇਲ੍ਹ ਜਾਣਗੇ। ਸੰਵਿਧਾਨ ਅਦਾਲਤ ਦੀ ਜੱਜ ਸਿਸੀ ਖਾਂਪੇਪੇ ਨੇ ਅੱਜ ਸਵੇਰੇ ਸੁਣਾਏ ਫ਼ੈਸਲੇ ’ਚ ਜੂਮਾ ਦੇ ਬਿਆਨਾਂ ਨੂੰ ਅਜੀਬ ਤੇ ਬਰਦਾਸ਼ਤ ਨਾ ਕਰਨ ਯੋਗ ਦੱਸਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly