ਜੰਗਲਾਤ ਮਹਿਕਮੇ ਦੀ ਲਾਪਰਵਾਹੀ ਦਾ ਖਮਿਆਜ਼ਾ ਭੁਗਤਣਾ ਪਿਆ ਥਾਣਾ ਮਾਡਲ ਟਾਊਨ ਨੂੰ, ਤੜਕਸਾਰ ਡਿੱਗੇ ਭਾਰੀ ਸਫੈਦਿਆਂ ਨੇ ਚਕਨਾ ਚੂਰ ਕੀਤੇ ਨਵੇਂ ਨਕੋਰ ਵਾਹਨ

ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੀ ਇਮਾਰਤ ਦੇ ਨਾਲ ਡਿੱਗੇ ਸਫੈਦੇ ਦੇ ਰੁੱਖ ਨਾਲ ਨੁਕਸਾਨੇ ਗਏ ਵਾਹਨ ਫੋਟੋ : ਅਜਮੇਰ ਦੀਵਾਨਾ
ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੀ ਇਮਾਰਤ ਦੇ ਨਾਲ ਡਿੱਗੇ ਸਫੈਦੇ ਦੇ ਰੁੱਖ ਨਾਲ ਨੁਕਸਾਨੇ ਗਏ ਵਾਹਨ
ਫੋਟੋ : ਅਜਮੇਰ ਦੀਵਾਨਾ

ਹੁਸ਼ਿਆਰਪੁਰ, (ਸਮਾਜ ਵੀਕਲੀ) (ਤਰਸੇਮ ਦੀਵਾਨਾ) ਮੀਡੀਆ ਵੱਲੋਂ ਸਮੇਂ ਸਮੇਂ ਤੇ ਜਗਾਉਣ ਦੇ ਬਾਵਜੂਦ ਵੀ ਗੂੜੀ ਨੀਂਦ ਸੁੱਤੇ ਜੰਗਲਾਤ ਮਹਿਕਮੇ ਦੀ ਲਾਪਰਵਾਹੀ ਦਾ  ਖਮਿਆਜ਼ਾ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਦੇ ਪੁਲਿਸ ਅਧਿਕਾਰੀਆਂ ਨੂੰ ਭੁਗਤਣਾ ਪਿਆ ਜਦੋਂ ਤੜੱਕਸਾਰ ਥਾਣਾ ਮਾਡਲ ਟਾਊਨ ਦੀ ਕੰਧ ਦੇ ਬਿਲਕੁਲ ਨਾਲ ਲੱਗੇ ਪੁਰਾਣੇ ਅਤੇ ਭਾਰੀ ਸਫੈਦਿਆਂ ਦੇ ਜੰਗਲ ਵਿੱਚੋਂ ਇੱਕ ਸਫੈਦਾ ਟੁੱਟ ਕੇ ਡਿੱਗ ਪਿਆ | ਜਿਸ ਦੇ ਹੇਠਾਂ ਪੰਜਾਬ ਪੁਲਿਸ ਨੂੰ ਅਲਾਟ ਹੋਈ ਨਵੀਂ ਨਕੋਰ ਸਰਕਾਰੀ ਗੱਡੀ ਅਤੇ ਇੱਕ ਪੁਲਿਸ ਅਧਿਕਾਰੀ ਦੀ ਗੱਡੀ ਚਕਨਾਚੂਰ ਹੋ ਗਈ | ਵੱਡੇ ਤੜੱਕੇ  ਦਾ ਸਮਾਂ ਹੋਣ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਦੋਵੇਂ ਗੱਡੀਆਂ ਪੂਰੀ ਤਰ੍ਹਾਂ ਨੁਕਸਾਨੀਆਂ ਜਾਣ ਕਾਰਨ ਵੱਡਾ ਆਰਥਿਕ ਨੁਕਸਾਨ ਹੋਇਆ | ਜਿਕਰ ਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਬਿਲਕੁਲ ਇਸੇ ਤਰ੍ਹਾਂ ਹੀ ਸਫੈਦੇ ਦੇ ਦਰੱਖਤ ਦਾ ਇੱਕ ਵੱਡਾ ਟਾਹਣ ਟੁੱਟ ਕੇ ਕੰਧ ਦੇ ਨਾਲੋਂ ਲੰਘਦੀਆਂ ਬਿਜਲੀ ਦੀਆਂ ਹਾਈ ਵੋਲਟੇਜ ਦੂਰੀ ਦੀਆਂ ਤਾਰਾਂ ਉੱਤੇ ਜਾ ਪਿਆ ਸੀ ਅਤੇ ਚੰਗੇ ਭਾਗ ਹੋਣ ਕਾਰਣ ਕਿਸੇ ਜਾਨੀ ਅਤੇ ਮਾਲੀ ਨੁਕਸਾਨ ਤੋਂ ਵੱਡਾ ਬਚਾਅ ਹੋ ਗਿਆ ਸੀ, ਕਾਫੀ ਦਿਨ ਟੁੱਟੇ ਹੋਏ ਦਰੱਖਤ ਦਾ ਟਾਹਣ ਬਿਜਲੀ ਦੀਆਂ ਤਾਰਾਂ ਤੇ ਡਿੱਗਿਆ ਰਿਹਾ | ਇਸ ਦੌਰਾਨ ਪ੍ਰਕਾਸ਼ਿਤ ਖਬਰਾਂ ਵਿੱਚ ਵੀ ਜੰਗਲਾਤ ਮਹਿਕਮੇ ਅਤੇ ਪਰਾਸ਼ਨਿਕ ਲਾਪਰਵਾਹੀ ਨੂੰ ਵੱਡੀ ਪੱਧਰ ਤੇ ਉਜਾਗਰ ਕੀਤਾ ਗਿਆ ਸੀ ਜਿਸ ਦੇ ਚਲਦਿਆਂ ਕਾਫੀ ਦਿਨ ਬਾਅਦ ਇਸ ਟਾਹਣੇ  ਨੂੰ ਹਟਾਇਆ ਜਾ ਸਕਿਆ | ਪਰ ਇਸ ਦੇ ਬਾਅਦ ਵੀ ਨਾ ਤਾਂ ਜ਼ਿਲਾ ਪ੍ਰਸ਼ਾਸਨ ਅਤੇ ਨਾ ਹੀ ਜੰਗਲਾਤ ਮਹਿਕਮੇ ਦੇ ਅਧਿਕਾਰੀਆਂ ਨੂੰ ਆਪਣੀ ਜ਼ਿੰਮੇਵਾਰੀ ਦਾ ਕੋਈ ਅਹਿਸਾਸ ਹੋਇਆ | ਸਿੱਟੇ ਵਜੋਂ ਥਾਣਾ ਮਾਡਲ ਟਾਊਨ ਦੇ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਲਗਾਤਾਰ ਮੌਤ ਦੇ ਸਾਏ ਹੇਠ ਆਪਣੀ ਡਿਊਟੀ ਦੇਣ ਲਈ ਮਜਬੂਰ ਹੁੰਦੇ ਰਹੇ | ਪਰ ਤੜਕਸਾਰ ਡਿਗੇ ਸਫੈਦੇ ਦੇ ਦਰਖਤ ਵੱਲੋਂ ਕੀਤਾ ਗਿਆ ਵੱਡਾ ਨੁਕਸਾਨ ਜ਼ਿਲਾ ਪ੍ਰਸਾਸ਼ਨ ਅਤੇ ਜੰਗਲਾਤ ਮਹਿਕਮੇ ਦੀ ਕਾਰਗੁਜ਼ਾਰੀ ਦੀ ਪੋਲ ਖੋਲਣ ਲਈ ਕਾਫੀ ਹੈ | ਸਿਤਮ ਜਰੀਫੀ ਇਹ ਹੈ ਕਿ ਵੱਡੇ ਵੱਡੇ ਤੇ ਪੁਰਾਣੇ ਹੋ ਚੁੱਕੇ ਸਫੈਦਿਆਂ ਦੇ ਜੰਗਲਾਂ ਨਾਲ ਤਿੰਨ ਪਾਸਿਓਂ ਘਿਰੀ ਥਾਣਾ ਮਾਡਲ ਟਾਊਨ ਦੀ ਇਮਾਰਤ ਪੂਰੀ ਤਰ੍ਹਾਂ ਨਾਲ  ਅਣਸੁਰੱਖਿਅਤ ਹੈ ਪਰ ਸੰਬੰਧਿਤ ਅਧਿਕਾਰੀ ਸ਼ਾਇਦ ਕਿਸੇ ਵੱਡੇ ਹਾਦਸੇ ਦੀ ਹੀ ਉਡੀਕ ਕਰ ਰਹੇ ਹਨ ਜਿਸ ਤੋਂ ਬਾਅਦ ਸ਼ਾਇਦ ਜ਼ਿਲਾ ਪ੍ਰਸਾਸ਼ਨ ਦੀ ਜਾਗ ਖੁੱਲ੍ਹ ਜਾਵੇ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous article21600 ਨਸ਼ੀਲੇ ਕੈਪਸੂਲ, 33800 ਨਸ਼ੀਲੀਆ ਗੋਲੀਆ ਅਤੇ 10 ਲੱਖ ਰੁਪਏ ਡਰੱਗ ਮਨੀ ਸਮੇਤ ਸਮਗਲਰ ਚੜ੍ਹੇ ਪੁਲਿਸ ਦੇ ਅੜਿਕੇ
Next articleਸ੍ਰੀ ਖੁਰਾਗੜ੍ਹ ਸਾਹਿਬ ਵਿਖੇ ਬੇਗਮਪੁਰਾ ਟਾਈਗਰ ਫੋਰਸ ਦਾ ਨਾਮ ਲੈ ਕੇ ਖੂਨਦਾਨ ਕੈਂਪ ਲਾਉਣ ਵਾਲੇ ਸ਼ਰਾਰਤੀ ਅਨਸਰਾਂ ਨੂੰ ਫੋਰਸ ਵਿੱਚੋਂ ਕੱਢਿਆ ਹੋਇਆ ਹੈ : ਬੀਰਪਾਲ, ਹੈਪੀ