ਨਵੀਂ ਦਿੱਲੀ (ਸਮਾਜ ਵੀਕਲੀ): ਵਿਦੇਸ਼ ਸਕੱਤਰ ਹਰਸ਼ ਵਰਧਨ ਸ਼੍ਰਿੰਗਲਾ ਨੇ ਵਿਦੇਸ਼ ਮਾਮਲਿਆਂ ਬਾਰੇ ਸੰਸਦੀ ਕਮੇਟੀ ਨੂੰ ਅੱਜ ਯੂਕਰੇਨ ਦੇ ਹਾਲਾਤ ਅਤੇ ਭਾਰਤ ਵੱਲੋਂ ਉਥੋਂ ਆਪਣੇ ਨਾਗਰਿਕਾਂ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਮੇਟੀ ਨੂੰ ਦੱਸਿਆ ਕਿ ਭਾਰਤੀ ਨਾਗਰਿਕਾਂ ਨੂੰ ਯੂਕਰੇਨ ’ਚੋਂ ਕੱਢਣ ਲਈ ਸਰਹੱਦੀ ਨਾਕਿਆਂ ਅਤੇ ਹੰਗਰੀ, ਪੋਲੈਂਡ, ਰੋਮਾਨੀਆ, ਸਲੋਵਾਕੀਆ ਤੇ ਮੋਲਡੋਵਾ ’ਚ ਭਾਰਤੀ ਸਫ਼ਾਰਤਖਾਨਿਆਂ ’ਚ ਰੂਸੀ ਬੋਲਣ ਵਾਲੇ ਅਫ਼ਸਰ ਭੇਜੇ ਗਏ ਹਨ। ਭਾਜਪਾ ਆਗੂ ਪੀ ਪੀ ਚੌਧਰੀ ਦੀ ਅਗਵਾਈ ਹੇਠ ਸੰਸਦੀ ਕਮੇਟੀ ਨੇ ਅੱਜ ਉਚੇਚੇ ਤੌਰ ’ਤੇ ਮੀਟਿੰਗ ਸੱਦੀ ਸੀ।
ਸੂਤਰਾਂ ਨੇ ਕਿਹਾ ਕਿ ਮੈਂਬਰਾਂ ਦੀ ਬੇਨਤੀ ’ਤੇ ਸ਼੍ਰਿੰਗਲਾ ਨੇ ਯੂਕਰੇਨ ਦੇ ਹਾਲਾਤ ਖਾਸ ਕਰਕੇ ਉਥੋਂ ਭਾਰਤੀ ਨਾਗਰਿਕਾਂ ਨੂੰ ਕੱਢੇ ਜਾਣ ਬਾਰੇ ਜਾਣਕਾਰੀ ਦਿੱਤੀ। ਕਮੇਟੀ ਮੈਂਬਰਾਂ ਨੂੰ ਸਰਕਾਰ ਵੱਲੋਂ ਅਪਰੇਸ਼ਨ ਗੰਗਾ ਦੇ ਵੇਰਵੇ ਦਿੱਤੇ ਗਏ ਜਿਸ ਤਹਿਤ ਭਾਰਤੀ ਨਾਗਰਿਕਾਂ ਨੂੰ ਯੂਕਰੇਨ ਤੋਂ ਲਿਆਂਦਾ ਜਾ ਰਿਹਾ ਹੈ। ਸ਼੍ਰਿੰਗਲਾ ਨੇ ਕਮੇਟੀ ਨੂੰ ਦੱਸਿਆ ਕਿ ਹੁਣ ਤੱਕ ਕਰੀਬ 1200 ਵਿਦਿਆਰਥੀਆਂ ਨੂੰ ਪੰਜ ਉਡਾਣਾਂ ਰਾਹੀਂ ਮੁਲਕ ਵਾਪਸ ਲਿਆਂਦਾ ਗਿਆ ਹੈ।
ਸੂਤਰਾਂ ਨੇ ਕਿਹਾ ਕਿ ਕਈ ਹਜ਼ਾਰ ਹੋਰ ਨਾਗਰਿਕ ਯੂਕਰੇਨੀ ਸਰਹੱਦ ਪਾਰ ਕਰਕੇ ਗੁਆਂਢੀ ਮੁਲਕਾਂ ’ਚ ਪਹੁੰਚ ਚੁੱਕੇ ਹਨ ਜਾਂ ਉਥੇ ਪਹੁੰਚਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਯੂਕਰੇਨ ’ਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਰੈੱਡ ਕ੍ਰਾਸ ਨਾਲ ਵੀ ਰਲ ਕੇ ਕੰਮ ਕੀਤਾ ਜਾ ਰਿਹਾ ਹੈ। ਕਮੇਟੀ ਦੇ ਕੁਝ ਮੈਂਬਰਾਂ ਨੇ ਸੰਘਰਸ਼ ਬਾਰੇ ਕੌਮਾਂਤਰੀ ਪੱਧਰ ’ਤੇ ਭਾਰਤ ਦੀ ਪੁਜ਼ੀਸ਼ਨ ਸਬੰਧੀ ਵੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਨੂੰ ਦੱਸਿਆ ਗਿਆ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ’ਚ ਭਾਰਤ ਨੇ ਫ਼ੌਰੀ ਹਿੰਸਾ ਰੋਕਣ ਦੀ ਵਕਾਲਤ ਕਰਦਿਆਂ ਦੋਵੇਂ ਮੁਲਕਾਂ ਨੂੰ ਕੂਟਨੀਤੀ ਅਤੇ ਵਾਰਤਾ ਦਾ ਰਾਹ ਅਪਣਾਉਣ ਲਈ ਕਿਹਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly