ਸੰਯੁਕਤ ਰਾਸ਼ਟਰ ’ਚ ਭਿੜੇ ਰੂਸ ਤੇ ਯੂਕਰੇਨ

ਸੰਯੁਕਤ ਰਾਸ਼ਟਰ (ਸਮਾਜ ਵੀਕਲੀ):  ਸੰਯੁਕਤ ਰਾਸ਼ਟਰ ਆਮ ਇਜਲਾਸ ਵੱਲੋਂ ਅੱਜ ਸੱਦੇ ਗਏ ਹੰਗਾਮੀ ਵਿਸ਼ੇਸ਼ ਸੈਸ਼ਨ ਦੌਰਾਨ ਰੂਸ ਤੇ ਯੂਕਰੇਨ ਵਿਚਾਲੇ ਤਿੱਖਾ ਟਕਰਾਅ ਦੇਖਣ ਨੂੰ ਮਿਲਿਆ। ਯੂਕਰੇਨ ਨੇ ਇਸ ਮੌਕੇ ਸੰਯੁਕਤ ਰਾਸ਼ਟਰ ਤੋਂ ਮੰਗ ਕੀਤੀ ਕਿ ਉਹ ਰੂਸ ਨੂੰ ਹਮਲੇ ਤੋਂ ਰੋਕੇ ਅਤੇ ਮਾਸਕੋ ਨੇ ਜ਼ੋਰ ਦੇ ਕੇ ਕਿਹਾ ਕਿ ਦੁਸ਼ਮਣੀ ਉਨ੍ਹਾਂ ਸ਼ੁਰੂ ਨਹੀਂ ਕੀਤੀ ਪਰ ਉਹ ਜੰਗ ਖ਼ਤਮ ਕਰਨ ਦਾ ਚਾਹਵਾਨ ਹੈ। ਇਸ ਤੋਂ ਪਹਿਲਾਂ 15 ਮੁਲਕਾਂ ਵਾਲੀ ਸਲਾਮਤੀ ਕੌਂਸਲ ਨੇ ਵੋਟਾਂ ਪਾ ਕੇ ਇਕ ਮਤਾ ਪਾਸ ਕੀਤਾ ਸੀ ਤੇ ਇਸ ਮੁੱਦੇ ਉਤੇ ਵਿਚਾਰ ਲਈ ਆਮ ਇਜਲਾਸ ਸੱਦਣ ਦੀ ਮੰਗ ਰੱਖੀ ਸੀ। ਆਮ ਇਜਲਾਸ ਦੇ 76ਵੇਂ ਸੈਸ਼ਨ ਵਿਚ ਸੰਯੁਕਤ ਰਾਸ਼ਟਰ ’ਚ ਯੂਕਰੇਨ ਦੇ ਰਾਜਦੂਤ ਸਰਗੀ ਕਿਸਲਿਤਸਿਆ ਨੇ ਇਜਲਾਸ ਦੌਰਾਨ ਆਪਣਾ ਬਿਆਨ ਰੂਸੀ ਵਿਚ ਪੜ੍ਹਿਆ। ਉਨ੍ਹਾਂ ਹਾਜ਼ਰ ਮੈਂਬਰਾਂ ਨਾਲ ਰੂਸੀ ਸੈਨਿਕ ਤੇ ਉਸ ਦੀ ਮਾਂ ਦਰਮਿਆਨ ਹੋਈ ਗੱਲਬਾਤ ਸਾਂਝੀ ਕੀਤੀ।

ਇਹ ਰੂਸੀ ਸੈਨਿਕ ਜੰਗ ਵਿਚ ਮਾਰਿਆ ਗਿਆ ਸੀ। ਉਨ੍ਹਾਂ ਕਿਹਾ ਕਿ ਪੂਤਿਨ ਨੇ ਰੂਸੀ ਪ੍ਰਮਾਣੂ ਤਾਕਤਾਂ ਨੂੰ ਤਿਆਰ ਰਹਿਣ ਬਾਰੇ ਕਹਿ ਕੇ ਦੂਜੀ ਵਿਸ਼ਵ ਜੰਗ ਜਾਂ ਉਸ ਤੋਂ ਵੱਡਾ ਖ਼ਤਰਾ ਖੜ੍ਹਾ ਕਰ ਦਿੱਤਾ ਹੈ। ਇਸ ਲਈ ਹੁਣ ਇਹ ਵਿਸ਼ੇਸ਼ ਸੈਸ਼ਨ ਸੱਦਣਾ ਪਿਆ ਹੈ। ਯੂਕਰੇਨ ਨੇ ਮੰਗ ਕੀਤੀ ਕਿ ਰੂਸ ਦੀ ਕਾਰਵਾਈ ਨੂੰ  ਉਨ੍ਹਾਂ ਦੀ ਖ਼ੁਦਮੁਖਤਿਆਰੀ ਉਤੇ ਹਮਲਾ ਮੰਨਿਆ ਜਾਵੇ। ਯੂਕਰੇਨ ਨੇ ਨਾਲ ਹੀ ਮੰਗ ਕੀਤੀ ਕਿ ਰੂਸੀ ਫ਼ੌਜਾਂ ਦੇਸ਼ ਵਿਚੋਂ ਨਿਕਲਣ। ਉਨ੍ਹਾਂ ਮੰਗ ਕੀਤੀ ਕਿ ਰੂਸ ਨੂੰ ਦੋਨੇਸਕ ਤੇ ਲੁਹਾਂਸਕ ਖਿੱਤਿਆਂ ਬਾਰੇ ਲਿਆ ਫੈਸਲਾ ਵਾਪਸ ਲੈਣ ਲਈ ਵੀ ਕਿਹਾ ਜਾਵੇ। ਬੇਲਾਰੂਸ ਦੀ ਜ਼ਿੰਮਵਾਰੀ ਤੈਅ ਕਰਨ ਦੀ ਮੰਗ ਵੀ ਕੀਤੀ ਗਈ।

ਯੂਕਰੇਨ ਦੇ ਰਾਜਦੂਤ ਨੇ ਕਿਹਾ ਕਿ ਜੇ ਉਨ੍ਹਾਂ ਦਾ ਮੁਲਕ ਨਾ ਬਚਿਆ ਤਾਂ ਸੰਯੁਕਤ ਰਾਸ਼ਟਰ ਦੀ ਵੀ ਕੋਈ ਹੋਂਦ ਨਹੀਂ ਰਹੇਗੀ। ਉਨ੍ਹਾਂ ਕਿਹਾ ਕਿ ਲੋਕਤੰਤਰ ਨੂੰ ਬਚਾਇਆ ਜਾਵੇ ਤੇ ਯੂਕਰੇਨੀਆਂ ਦੀਆਂ ਕਦਰਾਂ-ਕੀਮਤਾਂ ਦੀ ਰਾਖੀ ਕੀਤੀ ਜਾਵੇ। ਰੂਸ ਦੇ ਰਾਜਦੂਤ ਨੇ ਕਿਹਾ ਕਿ ਵਰਤਮਾਨ ਸੰਕਟ ਦਾ ਮੁੱਢ ਯੂਕਰੇਨ ਦੀਆਂ ਕਾਰਵਾਈਆਂ ਨੇ ਹੀ ਬੰਨ੍ਹਿਆ ਹੈ। ਕਈ ਸਾਲਾਂ ਤੱਕ ਇਸ ਨੇ ਮਿੰਸਕ ਸਮਝੌਤੇ ਦੀਆਂ ਆਪਣੀਆਂ ਜ਼ਿੰਮੇਵਾਰੀਆਂ ਦੀ ਉਲੰਘਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਰੂਸ ਨੇ ਸ਼ੁਰੂਆਤ ਨਹੀਂ ਕੀਤੀ ਤੇ ਉਹ ਜੰਗ ਖ਼ਤਮ ਕਰਨਾ ਚਾਹੁੰਦਾ ਹੈ। ਰੂਸ ਨੇ ਮੁੜ ਯੂਕਰੇਨ ਦੇ ਨਾਟੋ ਵਿਚ ਜਾਣ ਦਾ ਮੁੱਦਾ ਉਭਾਰਿਆ ਤੇ ਇਸ ਨੂੰ ਮੁਲਕ ਲਈ ਖ਼ਤਰਾ ਕਰਾਰ ਦਿੰਦਿਆਂ ਵਿਰੋਧ ਕੀਤਾ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਦੇਸ਼ ਸਕੱਤਰ ਨੇ ਸੰਸਦੀ ਕਮੇਟੀ ਨੂੰ ਯੂਕਰੇਨ ਦੇ ਹਾਲਾਤ ਬਾਰੇ ਦਿੱਤੀ ਜਾਣਕਾਰੀ
Next articleNew Zealand signs free trade deal with Britain