*ਵਰਜ ਤੇਰੀਆਂ ਯਾਦਾਂ ਨੂੰ…*

ਰੋਮੀ ਘੜਾਮਾਂ
(ਸਮਾਜ ਵੀਕਲੀ)
*ਵਰਜ ਤੇਰੀਆਂ ਯਾਦਾਂ ਨੂੰ…*
ਤੰਗ ਬਹੁਤ ਨੇ ਕਰਦੀਆਂ ਆ ਕੇ ਵਰਜ ਤੇਰੀਆਂ ਯਾਦਾਂ ਨੂੰ।
ਸਮਝ ਨ੍ਹੀ ਆਉਂਦੀ ਐਡੀ ਵੀ ਕੀ ਗਰਜ ਤੇਰੀਆਂ ਯਾਦਾਂ ਨੂੰ।
ਜਦ ਵੀ ਦਿਲ ਕਰਦਾ ਏ ਸਿੱਧਾ ਬੋਲ ਦਿੰਦੀਆਂ ਧਾਵਾ ਨੇ,
ਖੌਰੇ ਕਿਹੜਾ ਚੁਕਾਉਣਾ ਏ ਮੈਂ ਕਰਜ ਤੇਰੀਆਂ ਯਾਦਾਂ ਨੂੰ।
ਦਿਲ, ਦਿਮਾਗ ਦੇ ਸਾਰੇ ਖੂੰਜੇ ਨੱਕੋ-ਨੱਕ ਇਹਨਾਂ ਦੇ ਨਾਲ਼,
ਹੋਰ ਆਉਣ ਜੋ ਕਰਾਂ ਕਿੱਥੇ ਦੱਸ, ਦਰਜ ਤੇਰੀਆਂ ਯਾਦਾਂ ਨੂੰ।
ਅੱਧ-ਮੋਇਆਂ ਦੇ ਉੱਤੇ ਤਸ਼ੱਦਦ ਕਰਨਾ ਚੰਗੀ ਗੱਲ ਨਹੀਂ,
ਕੋਈ ਤਾਂ ਸਮਝਾਅ ਇਖਲਾਕੀ ਫਰਜ ਤੇਰੀਆਂ ਯਾਦਾਂ ਨੂੰ।
“ਕਰੋ ਨਜ਼ਰ-ਅੰਦਾਜ਼ ਤੁਸੀ ਵੀ ਆਪਣੇ ਮਾਲਕ ਵਾਗੂੰ ਹੀ”
ਥੱਕ ਗਿਆ ਏ ਰੋਮੀ ਕਰਕੇ ਅਰਜ ਤੇਰੀਆਂ ਯਾਦਾਂ ਨੂੰ।
 ਰੋਮੀ ਘੜਾਮਾਂ।
 9855281105 (ਵਟਸਪ ਨੰ.)
Previous articleਇਲਮ, ਅਦਬ, ਸਾਦਗੀ, ਤੇ ਸੁਹੱਪਣ ਦਾ ਅਨੋਖਾ ਸੰਗਮ
Next articleਪੰਜਾਬ ‘ ਚ ਛਲੇਡਾ ਸਿਆਸਤ !