(ਸਮਾਜ ਵੀਕਲੀ)
ਜੇ ਤੇਰੇ ਰੁਤਬੇ ਉੱਚੇ ਨੇ ਤਾਂ ਸਾਡੇ ਸ਼ਬਦ ਵੀ ਸੁੱਚੇ ਨੇ
ਦੇਸ਼ ਦਾ ਬੇੜਾ ਡੁੱਬਦਾ ਹੈ ਜਦ ਹਾਕਮ ਹੁੰਦੇ ਬੁੱਚੇ ਨੇ
ਮਜ਼ਲੂਮ ਨੇ ਸਾਰੀ ਉਮਰ ਦੁੱਖ ਹੀ ਸਹਿਣਾ ਹੁੰਦਾ ਹੈ
ਹਰਾਮ ਦਾ ਪੈਸਾ ਹਰਾਮ ਦੇ ਪੇਟੇ ਹੀ ਪੈਣਾ ਹੁੰਦਾ ਹੈ …..
ਕਰਕੇ ਚਮਚਾਗਿਰੀ ਨੇੜੇ ਹੋਣਾ ਫ਼ਿਤਰਤ ਕਈਆਂ ਦੀ
ਅਣਖੀ ਪਰਵਾਹ ਨੀ ਕਰਦੇ ਨੋਟਾਂ ਦੀਆਂ ਥੱਈਆਂ ਦੀ
ਉੱਚਾ ਕਿਰਦਾਰ ਨਿੱਝਰ ਉਮਰਾਂ ਦਾ ਗਹਿਣਾ ਹੁੰਦਾ ਹੈ
ਹਰਾਮ ਦਾ ਪੈਸਾ ਹਰਾਮ ਦੇ ਪੇਟੇ ਹੀ ਪੈਣਾ ਹੁੰਦਾ ਹੈ…..
ਸਾਰੀ ਦੁਨੀਆਂ ਜਿੱਤ ਸਿਕੰਦਰ ਸੀ ਖਾਲੀ ਹੱਥ ਗਿਆ
ਦੇਖ ਦਲੇਰੀ ਪੋਰਸ ਦੀ ਹੰਕਾਰ ਸੀ ਉਸਦਾ ਲੱਥ ਗਿਆ
ਹੱਕ ਸੱਚ ਦੇ ਹਾਮੀ ਸਦਾ ਨਜਰਾਂ ਵਿੱਚ ਰਹਿਣਾ ਹੁੰਦਾ ਹੈ
ਹਰਾਮ ਦਾ ਪੈਸਾ ਹਰਾਮ ਦੇ ਪੇਟੇ ਹੀ ਪੈਣਾ ਹੁੰਦਾ ਹੈ…..
ਵਾਰੀ ਵਾਰੀ ਲੁੱਟਾਂ ਕਰਦੇ ਰੰਗ ਬਦਲਕੇ ਬਾਣਿਆਂ ਦੇ
ਭਰੇ ਖਜ਼ਾਨੇ ਰਹਿ ਜਾਂਦੇ ਮਰਨੇ ਪਿੱਛੋਂ ਰਾਜੇ ਰਾਣਿਆਂ ਦੇ
ਬੰਦਾ ਸੀ ਬੇਸ਼ਕੀਮਤੀ ਦੁਸ਼ਮਣ ਨੇ ਵੀ ਕਹਿਣਾ ਹੁੰਦਾ ਹੈ
ਹਰਾਮ ਦਾ ਪੈਸਾ ਹਰਾਮ ਦੇ ਪੇਟੇ ਹੀ ਪੈਣਾ ਹੁੰਦਾ ਹੈ….
ਤਲਵਿੰਦਰ ਮਰੂੰ ਮਰੂੰ ਕਿਉਂ ਕਰਦੈਂ ਥੋੜ੍ਹਾ ਹੋਸ਼ ਵੀ ਕਰ
ਸਾਉਂਕੇ ਵਾਲੇ ਤਾਂ ਭਾਲਦੇ ਮੌਕਾ ਤੂੰ ਪੈਰ ਬੋਚ ਕੇ ਧਰ
ਹੱਦੋਂ ਵੱਧ ਪੀਤੀ ਦਾ ਵੀ ਨਸ਼ਾ ਤਾਂ ਲਹਿਣਾ ਹੁੰਦਾ ਹੈ
ਹਰਾਮ ਦਾ ਪੈਸਾ ਹਰਾਮ ਦੇ ਪੇਟੇ ਹੀ ਪੈਣਾ ਹੁੰਦਾ ਹੈ…..
ਤਲਵਿੰਦਰ ਨਿੱਝਰ ਸਾਉਂਕੇ
ਪਿੰਡ : ਸਾਉਂਕੇ
ਮੋਬਾਈਲ : 9417386547
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly