ਪੁਸਤਕ: ਪੰਜਾਬੀ ਲੋਕ ਸਾਹਿਤ-ਮੌਖਿਕ ਰੂਪ
ਲੇਖਿਕਾ: ਡਾ.ਕੰਵਲਜੀਤ ਕੌਰ
ਪੰਨੇ: 170
ਪ੍ਰਕਾਸ਼ਕ: ਅਜ਼ੀਜ਼ ਬੁੱਕ ਹਾਊਸ
ਕੀਮਤ: ₹400
(ਸਮਾਜ ਵੀਕਲੀ) ਜੀਵਨ ਇੱਕ ਅਜਿਹਾ ਵਰਤਾਰਾ ਹੈ ਜਿਸ ਨੂੰ ਮੁਕੰਮਲ ਰੂਪ ਵਿੱਚ ਸਮਝ ਪਾਉਣਾ ਕਈ ਵਾਰ ਅਸੰਭਵ ਜਿਹਾ ਕਾਰਜ ਭਾਸਦਾ ਹੈ। ਜੀਵਨ ਕੋਈ ਖਲਾਅ ਵਿੱਚੋਂ ਪਣਪਿਆ ਵਰਤਾਰਾ ਨਹੀਂ ਹੁੰਦਾ, ਸਗੋਂ ਇਹ ਤਾਂ ਵਿਵਿਧ ਪੱਖਾਂ ਜਿਵੇਂ–ਭਾਵਨਾਵਾਂ, ਸੰਘਰਸ਼ਾਂ, ਵਿਸ਼ਵਾਸਾਂ ਤੇ ਅਨੁਭਵਾਂ ਦੇ ਮੇਲ ਨਾਲ ਬਣਿਆ ਹੁੰਦਾ ਹੈ। ਜੇਕਰ ਅਸੀਂ ਕਿਸੇ ਜਨ ਸਮੂਹ ਦੇ ਜੀਵਨ ਨੂੰ ਸਮੁੱਚੇ ਰੂਪ ਵਿੱਚ ਵੇਖਣ, ਸਮਝਣ ਤੇ ਮਾਨਣ ਦੇ ਚਾਹਵਾਨ ਹੋਈਏ ਤਾਂ ਬਹੁਤ ਸਾਰੇ ਸਾਧਨਾਂ ਵਿੱਚੋਂ ਇੱਕ ਕਾਰਗਰ ਮਾਧਿਅਮ ਲੋਕ ਸਾਹਿਤ ਹੈ। ਅਸੀਂ ਭਲੀ-ਭਾਂਤ ਜਾਣਦੇ ਹਾਂ ਕਿ ਲੋਕ ਸਾਹਿਤ ਲੋਕ ਜੀਵਨ ਦਾ ਦਰਪਣ ਹੁੰਦਾ ਹੈ। ਇਸੇ ਪ੍ਰਸੰਗ ਵਿੱਚ ਡਾ. ਕੰਵਲਜੀਤ ਕੌਰ ਦੀ ਪੁਸਤਕ “ਪੰਜਾਬੀ ਲੋਕ ਸਾਹਿਤ: ਮੌਖਿਕ ਰੂਪ” ਵਿਸ਼ੇਸ਼ ਤੌਰ ਤੇ ਗੌਲਣਯੋਗ ਹੈ। ਪੁਸਤਕ ਦੀ ਉਥਾਨਿਕਾ ਅੰਦਰ ਡਾ. ਕੰਵਲਜੀਤ ਲਿਖਦੇ ਹਨ ਕਿ ਲੋਕ-ਸਾਹਿਤ ਦੇ ਜ਼ਰੀਏ ਜਿੱਥੇ ਪੰਜਾਬੀਆਂ ਦੇ ਰੰਗਲੇ ਜੀਵਨ ਦੀ ਬਹੁ-ਰੰਗੀ ਤਸਵੀਰ ਪੇਸ਼ ਹੁੰਦੀ ਹੈ, ਉਥੇ ਹੀ ਪੰਜਾਬੀ ਜਨ-ਜੀਵਨ ਦੇ ਵਲਵਲੇ, ਸਾਹਿਤ, ਇਤਿਹਾਸ ਤੇ ਸੱਭਿਆਚਾਰ ਦੇ ਦਰਸ਼ਨ ਵੀ ਹੁੰਦੇ ਹਨ। ਬਦਲਵੇਂ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਪੰਜਾਬੀ ਲੋਕ ਸਾਹਿਤ ਅੰਦਰ ਰੂਪਮਾਨ ਹੋਏ ਪੂਰੇ ਜੀਵਨ-ਚੱਕਰ ਨੂੰ ਇਸ ਪੁਸਤਕ ਰਾਹੀਂ ਵੇਖਿਆ ਜਾ ਸਕਦਾ ਹੈ।ਹਥਲੀ ਪੁਸਤਕ ਅੰਦਰ ਜਨਮ ਤੇ ਬਚਪਨ ਦੇ ਗੀਤ, ਵਿਆਹ ਨਾਲ ਸੰਬੰਧਿਤ ਲੋਕ ਗੀਤ, ਸੁਹਾਗ, ਘੋੜੀਆਂ, ਸਿੱਠਣੀਆਂ, ਛੰਦ ਪਰਾਗਾ, ਟੱਪੇ, ਦੋ ਤੁਕੀਆਂ ਜਾਂ ਦੋਹਰੀਆਂ ਬੋਲੀਆਂ, ਨਿੱਕੀਆਂ ਬੋਲੀਆਂ, ਲੰਮੀਆਂ ਬੋਲੀਆਂ, ਮੁਹਾਵਰੇ ਅਤੇ ਅਖਾਣ, ਕੀਰਨੇ ਤੇ ਅਲਾਹੁਣੀਆਂ, ਸਦ, ਆਰਤੀ, ਭੇਟਾ ਸ਼ਾਮਿਲ ਹਨ।ਪੰਜਾਬੀ ਲੋਕ ਸਮੂਹ ਅੰਦਰ ਨਵੇਂ ਜੀਅ ਦੀ ਆਮਦ ਉੱਤੇ, ਵਿਸ਼ੇਸ਼ ਤੌਰ ਤੇ ਜਦੋਂ ਘਰ ਵਿੱਚ ਪੁੱਤਰ ਜਨਮ ਲੈਂਦਾ ਹੈ, ਲੋਕ ਗੀਤ ਦਾ ਰੂਪ ਘੋੜੀ ਗਾਈ ਜਾਂਦੀ ਹੈ ਅਤੇ ਬੱਚੇ ਨੂੰ ਪਰਚਾਉਣ ਲਈ ਲੋਰੀਆਂ, ਤੇ ਮਨੋਰੰਜਨ ਲਈ ਕਿਕਲੀ ਤੇ ਥਾਲ ਵਰਗੇ ਲੋਕ ਗੀਤ ਗਾਏ ਜਾਂਦੇ ਹਨ। ਪੁਸਤਕ ਵਿਚੋਂ ਜਨਮ ਤੇ ਬਚਪਨ ਨਾਲ ਸਬੰਧਿਤ ਲੋਕ ਗੀਤਾਂ ਦੀ ਵੰਨਗੀ ਵੇਖੋ:ਹਰਿਆ ਨੀ ਮਾਲਣ,ਹਰਿਆ ਨੀ ਭੈਣੇ,
ਹਰਿਆ ਨੀ ਭਾਗੀ, ਭਰਿਆ ਨੀ ਮਾਏ
ਜਿਸ ਦਿਹਾੜੇ ਮੇਰਾ ਹਰਿਆ ਨੀ ਜੰਮਿਆ,
ਸੋਈਓ ਦਿਹਾੜਾ ਭਾਗੀਂ, ਭਰਿਆ ਨੀ ਮਾਏ।_(ਘੋੜੀ)
ਜਾਂ
ਅੱਲ੍ਹੜ ਬੱਲੜ ਬਾਵੇ ਦਾ
ਬਾਵਾ ਕਣਕ ਲਿਆਵੇਗਾ
ਬਾਵੀ ਬੈਠੀ ਛੱਟੇਗੀ
ਮਾਂ ਪੂਣੀਆਂ ਵੱਟੇਗੀ (ਲੋਰੀ)
ਜਾਂ
ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ
ਦੁਪੱਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ
ਵੀਰ ਮੇਰਾ ਆਵੇਗਾ, ਭਾਬੋ ਨੂੰ ਲਿਆਵੇਗਾ
ਸਹੇਲੀਆਂ ਸਦਾਵਾਂਗੇ, ਨੱਚਾਂਗੇ ਤੇ ਗਾਵਾਂਗੇ। (ਕਿੱਕਲੀ)
ਜ਼ਿਕਰਯੋਗ ਹੈ ਕਿ ਵਸ਼ਿਸ਼ਟ ਸਾਹਿਤ ਦੀ ਤਰ੍ਹਾਂ ਲੋਕ-ਸਾਹਿਤ ਦਾ ਕੋਈ ਇੱਕ ਰਚੇਤਾ ਨਹੀਂ ਹੁੰਦਾ। ਸਗੋਂ ਇਹ ਤਾਂ ਪੀੜ੍ਹੀ ਦਰ ਪੀੜ੍ਹੀ ਮੌਖਿਕ ਰੂਪ ਵਿੱਚ ਲੋਕ-ਸਮੂਹ ਦੀ ਪ੍ਰਵਾਨਗੀ ਨਾਲ ਸੰਚਾਰਿਤ ਹੁੰਦਾ ਹੈ। ਪੁਸਤਕ ਵਿੱਚ ਵਿਆਹ ਨਾਲ ਸਬੰਧਿਤ ਲੋਕ ਗੀਤਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ। ਜਿਹਨਾਂ ਅੰਦਰ ਵਿਆਹ ਸਮੇਂ ਕੁੜੀ ਅਤੇ ਮੁੰਡੇ ਦੇ ਘਰਾਂ ਵਿੱਚ ਬਜ਼ੁਰਗ ਔਰਤਾਂ ਵੱਲੋਂ ਗਾਏ ਜਾਂਦੇ ਲੋਕ ਗੀਤ ਹਨ। ਸੁਹਾਗ ਵਿੱਚੋਂ ਕੁੜੀ ਦੇ ਮਨੋਭਾਵ ਅਤੇ ਕਾਮਨਾਵਾਂ ਦੇ ਦਰਸ਼ਨ, ਜੰਝ ਦੇ ਢੁਕਾਓ ਸਮੇਂ ਮਿੱਠੀਆਂ ਗਾਲਾਂ ਦੇ ਰੂਪ ਵਿੱਚ ਸਿੱਠਣੀਆਂ ਅਤੇ ਵਿਆਂਦੜ ਮੁੰਡੇ ਦੀ ਲਿਆਕਤ ਤੇ ਬੁੱਧੀ ਦੀ ਪਰਖ ਲਈ ਛੰਦ ਪਰਾਗਾ ਕਾਵਿ ਰੂਪ ਦੀ ਵਰਤੋਂ ਪੰਜਾਬੀ ਸੱਭਿਆਚਾਰ ਨੂੰ ਹੀ ਪੇਸ਼ ਕਰਦੀ ਹੈ। ਜਿਵੇਂ:
ਛੰਦ ਪਰਾਗੇ ਆਈਏ ਜਾਈਏ, ਛੰਦ ਪਰਾਗੇ ਤਰ,
ਲੋਕ ਭਾਨੀਆ ਮਾਰਦੇ ਰਹਿ ਗਏ, ਸੰਜੋਗ ਜ਼ੋਰਾਵਰ।(ਛੰਦ ਪਰਾਗਾ)
ਜਾਂ
ਪੈਸਾ ਪੈਸਾ ਸਾਡੇ ਪਿੰਡ ਦਿਓ ਪਾਓ,
ਲਾੜੇ ਜੋਗਾ ਤੁਸੀਂ ਵਾਜਾ ਮੰਗਾਓ,
ਜੰਝ ਤੇ ਸੱਜਦੀ ਨਹੀਂ
ਨਿਲੱਜਿਓ ਲੱਜ ਤੁਹਾਨੂੰ ਨਹੀਂ। (ਸਿੱਠਣੀਆਂ)
ਪੁਸਤਕ ਵਿੱਚ ਟੱਪਿਆਂ ਦੀ ਵੰਨਗੀ ਨੂੰ ਵੀ ਸ਼ਾਮਿਲ ਕੀਤਾ ਹੈ। ਇਕਹਿਰੀ ਤੁਕ ਵਾਲਾ ਢੋਲਕੀ ਦੇ ਨਾਲ ਗਾਇਆ ਜਾਣ ਵਾਲਾ ਇਹ ਲੋਕ ਗੀਤ ਕਵਿਤਾ ਦੀ ਹੀ ਇੱਕ ਵੰਨਗੀ ਹੁੰਦਾ ਹੈ। ਸ਼ਾਬਦਿਕ ਚਿੱਤਰਾਂ ਦੇ ਨਾਲ ਟੱਪੇ ਵਿੱਚ ਜੀਵਨ ਦੇ ਬਹੁਭਾਂਤੀ ਰੰਗਾਂ,ਸਥਿਤੀਆਂ ਜੀਵਨ ਦੀ ਅਸਥਿਰਤਾ,ਰਿਸ਼ਤਿਆਂ ਦਾ ਨਿਘ ਤੇ ਤਣਾਓ ਬਾਖੂਬੀ ਝਲਕਦਾ ਹੈ। ਜੀਵਨ ਦਾ ਅਟੱਲ ਨਿਯਮ ਹੈ ਕਿ ਜੋ ਵੀ ਇਨਸਾਨ ਜਿਹੋ ਜਿਹੇ ਵੀ ਕਰਮ ਕਰਦਾ ਹੈ ਬਦਲਵੇਂ ਰੂਪ ਵਿੱਚ ਉਸ ਨੂੰ ਓਹੋ ਕੁਝ ਹੀ ਪ੍ਰਾਪਤ ਹੁੰਦਾ ਹੈ। ਉਦਾਹਰਨ ਲਈ ਵੰਨਗੀ ਦੇਖੋ:
ਕਿੱਥੋਂ ਭਾਲਦੈ ਬਜੌਰ ਦੀਆਂ ਦਾਖਾਂ,
ਕਿੱਕਰਾਂ ਦੇ ਬੀਜ, ਬੀਜ ਕੇ।
ਇਸੇ ਤਰ੍ਹਾਂ ਪੁਸਤਕ ਵਿੱਚ ਬੋਲੀਆਂ, ਮੁਹਾਵਰੇ, ਅਖਾਣ, ਕੀਰਨੇ, ਸੱਦ, ਆਰਤੀਆਂ, ਅਤੇ ਭੇਟਾਂ ਆਦਿ ਦੀਆਂ ਵੱਖ-ਵੱਖ ਵੰਨਗੀਆਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ, ਜੋ ਨਾ ਸਿਰਫ਼ ਲੋਕ ਜੀਵਨ ਦੀ ਗਹਿਰਾਈ ਦਰਸਾਉਂਦੀਆਂ ਹਨ, ਸਗੋਂ ਪੰਜਾਬੀ ਸੱਭਿਆਚਾਰ ਦੇ ਹਰ ਪੱਖ ਨੂੰ ਜੀਵੰਤ ਰੂਪ ਵਿੱਚ ਸਾਹਮਣੇ ਲਿਆਉਂਦੀਆਂ ਹਨ। ਸੋ ਇਹ ਪੁਸਤਕ ਇਸ ਲਈ ਵੀ ਪੜ੍ਹਨੀ ਚਾਹੀਦੀ ਹੈ ਕਿਉਂਕਿ ਇਹ ਨਾ ਸਿਰਫ਼ ਪੜ੍ਹਨ ਦੀ ਲਗਨ ਜਗਾਉਂਦੀ ਹੈ, ਸਗੋਂ ਪੰਜਾਬੀ ਲੋਕ ਜੀਵਨ ਪ੍ਰਤੀ ਮਨ ਵਿੱਚ ਉਤਸ਼ਾਹ ਤੇ ਜਿਗਿਆਸਾ ਵੀ ਪੈਦਾ ਕਰਦੀ ਹੈ। ਵਿਸ਼ੇਸ਼ ਤੌਰ ’ਤੇ ਪੰਜਾਬੀ ਰੂਹ ਦੇ ਅਸਲ ਰੂਪ ਵਿੱਚ ਦਰਸ਼ਨ ਕਰਾਉਂਦੀ ਹੈ- ਉਹ ਰੂਹ ਜੋ ਭਾਵਨਾਵਾਂ, ਸੰਘਰਸ਼ਾਂ, ਸੱਭਿਆਚਾਰ ਅਤੇ ਜੀਵਨ ਦੇ ਰੰਗਾਂ ਨਾਲ ਭਰਪੂਰ ਹੈ।
-ਪ੍ਰੋ.ਸੌਰਵ ਦਾਦਰੀ
ਕੀਰਤਪੁਰ ਸਾਹਿਬ
(84277-31983)



