ਨੰਦ ਲਾਲ ਨੂਰਪੁਰੀ
(ਨੋਟ 13 ਮਈ ਨੂੰ ਬਰਸੀ ‘ਤੇ ਵਿਸ਼ੇਸ਼)
ਡਾ. ਇਕਬਾਲ ਸਿੰਘ ਸਕਰੌਦੀ
(ਸਮਾਜ ਵੀਕਲੀ) ਨੰਦ ਲਾਲ ਨੂਰਪੁਰੀ ਪੰਜਾਬੀ ਗੀਤਕਾਰੀ ਦਾ ਉਹ ਧਰੂ ਤਾਰਾ ਹੈ, ਜਿਸ ਦੇ ਰਚੇ ਗੀਤਾਂ ਦੀ ਚਮਕ ਹਮੇਸ਼ਾ-ਹਮੇਸ਼ਾ ਲਈ ਪੰਜਾਬੀਆਂ ਦੇ ਮਨਾਂ ਨੂੰ ਰੁਸ਼ਨਾਉਂਦੀ ਰਹੇਗੀ। ਆਪ ਦਾ ਜਨਮ ਮਾਤਾ ਹੁਕਮ ਦੇਵੀ ਦੀ ਕੁੱਖੋਂ, ਪਿਤਾ ਸ਼੍ਰੀ ਬਿਸ਼ਨ ਸਿੰਘ ਦੇ ਗ੍ਰਹਿ ਵਿਖੇ ਪਿੰਡ ਨੂਰਪੁਰ, ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿੱਚ 1906 ਈਸਵੀ ਨੂੰ ਹੋਇਆ। ਉਨ੍ਹਾਂ ਖ਼ਾਲਸਾ ਹਾਈ ਸਕੂਲ ਲਾਇਲਪੁਰ ਤੋਂ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ। ਉਚੇਰੀ ਪੜ੍ਹਾਈ ਲਈ ਉਨ੍ਹਾਂ ਖ਼ਾਲਸਾ ਕਾਲਜ, ਲਾਇਲਪੁਰ ਵਿੱਚ ਦਾਖ਼ਲਾ ਲੈ ਲਿਆ। ਘਰ ਦੀ ਆਰਥਿਕ ਮੰਦਹਾਲੀ ਕਾਰਨ ਉਹ ਕਾਲਜ ਦੀ ਪੜ੍ਹਾਈ ਸਿਰੇ ਨਾ ਲਾ ਸਕੇ। ਪੜ੍ਹਾਈ ਅੱਧਵਾਟੇ ਛੱਡ ਕੇ ਪਹਿਲਾਂ ਉਨ੍ਹਾਂ ਇੱਕ ਅਧਿਆਪਕ ਬਣ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਪਰੰਤੂ ਕੁਝ ਸਮੇਂ ਬਾਅਦ ਅਧਿਆਪਕ ਦੀ ਨੌਕਰੀ ਛੱਡ ਕੇ ਉਹ ਬੀਕਾਨੇਰ (ਰਾਜਸਥਾਨ) ਵਿੱਚ ਚਲਾ ਗਿਆ। ਉੱਥੇ ਉਹ ਪੁਲਿਸ ਵਿੱਚ ਭਰਤੀ ਹੋ ਗਿਆ। ਇਸੇ ਸਮੇਂ ਉਸ ਦਾ ਵਿਆਹ ਸੁਮਿੱਤਰਾ ਦੇਵੀ ਨਾਂ ਦੀ ਇੱਕ ਸੋਹਣੀ ਸੁਨੱਖੀ ਮੁਟਿਆਰ ਨਾਲ਼ ਹੋ ਗਿਆ। ਵਿਆਹ ਉਪਰੰਤ ਉਨ੍ਹਾਂ ਦੇ ਘਰ ਚਾਰ ਬੇਟੀਆਂ ਅਤੇ ਦੋ ਬੇਟਿਆਂ ਨੇ ਜਨਮ ਲਿਆ। ਪਰੰਤੂ ਸਾਹਿਤਕ ਅਤੇ ਸੰਗੀਤਕ ਰੁਚੀਆਂ ਹੋਣ ਕਾਰਨ ਪੁਲਿਸ ਦੀ ਨੌਕਰੀ ਵੀ ਉਸ ਨੂੰ ਰਾਸ ਨਾ ਆਈ। ਕੁਝ ਸਾਲ ਪੁਲਿਸ ਵਿਭਾਗ ਵਿੱਚ ਕੰਮ ਕਰਨ ਉਪਰੰਤ ਉਸ ਨੇ ਉਹ ਨੌਕਰੀ ਛੱਡ ਦਿੱਤੀ।
1940 ਈਸਵੀ ਵਿੱਚ ਉਸ ਨੇ ਪੰਜਾਬੀ ਫ਼ਿਲਮ ‘ਮੰਗਤੀ’ ਲਈ ਗ਼ੀਤ, ਕਹਾਣੀ ਅਤੇ ਸੰਵਾਦ ਲਿਖੇ, ਜੋ ਕਿ ਬਹੁਤ ਜ਼ਿਆਦਾ ਮਕਬੂਲ ਹੋਏ। ਮੰਗਤੀ ਫ਼ਿਲਮ ਦੇ ਇਨ੍ਹਾਂ ਗੀਤਾਂ ਅਤੇ ਡਾਇਲਾਗ ਨਾਲ਼ ਉਸ ਦਾ ਨਾਂ ਪੂਰੇ ਪੰਜਾਬ ਵਿੱਚ ਪ੍ਰਸਿੱਧ ਹੋ ਗਿਆ। ਉਹ ਕੁਝ ਸਮੇਂ ਲਈ ਕੋਲੰਬੀਆ ਫ਼ਿਲਮ ਕੰਪਨੀ ਲਈ ਵੀ ਗ਼ੀਤ ਲਿਖਦੇ ਰਹੇ। ਪਰੰਤੂ 1947 ਈਸਵੀ ਵਿੱਚ ਦੇਸ਼ ਦੀ ਵੰਡ ਨੇ ਉਸ ਨੂੰ ਬਹੁਤ ਵੱਡੀ ਢਾਹ ਲਾਈ। ਹੋਰ ਲੋਕਾਂ ਨਾਲ਼ ਉਹ ਵੀ ਆਪਣੀ ਜਨਮ ਭੂਮੀ ਛੱਡ ਕੇ ਜਲੰਧਰ ਆ ਗਿਆ। ਤੰਗੀਆਂ ਤੁਰਸ਼ੀਆਂ ਨਾਲ਼ ਜੂਝਦਿਆਂ ਉਸ ਨੇ ਅਕਾਸ਼ ਬਾਣੀ ਜਲੰਧਰ ਵਿਖੇ ਨੌਕਰੀ ਕਰ ਲਈ। ਇੱਥੇ ਹੀ ਉਸ ਨੇ ਕਵੀ ਦਰਬਾਰਾਂ ਵਿੱਚ ਵੀ ਭਾਗ ਲੈਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਸਾਰੇ ਹੀਲੇ ਵਸੀਲਿਆਂ ਦੇ ਬਾਵਜੂਦ ਵੀ ਉਸ ਦੀ ਆਰਥਿਕ ਮੰਦਹਾਲੀ ਜਿਉਂ ਦੀ ਤਿਉਂ ਬਣੀਂ ਰਹੀ।
ਬੇਸ਼ੱਕ ਨੂਰਪੁਰੀ ਨੇ ਔਰਤ ਅਤੇ ਮਰਦ ਦੋਵਾਂ ਲਈ ਗ਼ੀਤ ਰਚੇ ਹਨ। ਪਰੰਤੂ ਉਸ ਨੇ ਬਹੁਤੇ ਗ਼ੀਤ ਔਰਤਾਂ ਲਈ ਲਿਖੇ ਹਨ। ਜਿਨ੍ਹਾਂ ਵਿੱਚੋਂ ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ, ਗੋਰੀ ਦੀਆਂ ਝਾਂਜਰਾਂ ਬੁਲਾਉਂਦੀਆਂ ਗਈਆਂ, ਚੰਨ ਵੇ ਕਿ ਸ਼ੌਂਕਣ ਮੇਲੇ ਦੀ, ਨੀਂ ਮੈਨੂੰ ਦਿਓਰ ਦੇ ਵਿਆਹ ਵਿੱਚ ਨੱਚ ਲੈਣ ਦੇ, ਜੁੱਤੀ ਕਸੂਰੀ ਪੈਰੀਂ ਨਾ ਪੂਰੀ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ, ਕਿੱਥੇ ਮਾਤਾ ਤੋਰਿਆ ਅਜੀਤ ਤੇ ਜੁਝਾਰ ਨੂੰ, ਚੁੰਮ-ਚੁੰਮ ਰੱਖੋ ਨੀਂ ਇਹ ਕਲਗੀ ਜੁਝਾਰ ਦੀ, ਦਾਤੇ ਦੀਆਂ ਬੇਪਰਵਾਹੀਆਂ ਤੋਂ ਓਏ ਬੇਪਰਵਾਹਾ ਡਰਿਆ ਕਰ, ਓ ਦੁਨੀਆਂ ਦੇ ਬੰਦਿਓ ਪੂਜੋ, ਪੂਜੋ ਉਨ੍ਹਾਂ ਇਨਸਾਨਾਂ ਨੂੰ, ਏਥੋਂ ਉੱਡ ਜਾ ਭੋਲਿਆ ਪੰਛੀਆ ਵੇ ਤੂੰ ਆਪਣੀ ਜਾਨ ਬਚਾ, ਵੰਗਾਂ ਆਦਿ ਪੰਜਾਬੀਆਂ ਦੇ ਬੁੱਲਾਂ ਉੱਤੇ ਇਉਂ ਚੜ੍ਹ ਗਏ ਸਨ, ਜਿਵੇਂ ਇਹ ਲੋਕ ਗੀਤ ਹੋਣ। ਨੰਦ ਲਾਲ ਨੂਰਪੁਰੀ ਦੇ ਰਚੇ ਗੀਤਾਂ ਨੂੰ ਗਾ ਕੇ ਪੰਜਾਬੀ ਦੇ ਬਹੁਤ ਸਾਰੇ ਕਲਾਕਾਰ ਅਮਰ ਹੋ ਗਏ ਹਨ, ਜਿਨ੍ਹਾਂ ਵਿੱਚੋਂ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਆਸਾ ਸਿੰਘ ਮਸਤਾਨਾ, ਹਰਚਰਨ ਗਰੇਵਾਲ ਆਦਿ ਦੇ ਨਾਂ ਵਿਸ਼ੇਸ਼ ਤੌਰ ‘ਤੇ ਵਰਨਣਯੋਗ ਹਨ।
ਨੰਦ ਲਾਲ ਨੂਰਪੁਰੀ ਸਾਰੀ ਜ਼ਿੰਦਗੀ ਇਨਾਮਾਂ ਸਨਮਾਨਾਂ ਦੇ ਪਿੱਛੇ ਨਹੀਂ ਗਿਆ। ਨਾ ਹੀ ਉਸ ਨੇ ਆਪਣੇ ਰਚੇ ਗੀਤਾਂ ਉੱਤੇ ਗੋਸ਼ਟੀਆਂ ਕਰਵਾਉਣ ਲਈ ਤਥਾ ਕਥਿਤ ਵਿਦਵਾਨਾਂ ਅੱਗੇ ਤਰਲੇ ਪਾਏ। ਨਾ ਹੀ ਉਸ ਨੇ ਆਪਣੇ ਗੀਤਾਂ ਉੱਤੇ ਯੂਨੀਵਰਸਿਟੀਆਂ ਵਿੱਚ ਖੋਜ ਕਾਰਜ ਕਰਵਾਉਣ ਲਈ ਕਿਸੇ ਅੱਗੇ ਹੱਥ ਬੰਨ੍ਹੇ। ਉਹ ਭਾਵੇਂ ਸਾਰੀ ਉਮਰ ਤੰਗੀਆਂ ਤੁਰਸ਼ੀਆਂ ਥੁੜ੍ਹਾਂ ਅਤੇ ਝੋਰਿਆਂ ਭਰਿਆ ਜੀਵਨ ਜੀਊਂਦਾ ਰਿਹਾ। ਪਰੰਤੂ ਉਸ ਦੇ ਰਚੇ ਗੀਤਾਂ ਵਿਚਲੇ ਨੌਜਵਾਨ ਅਤੇ ਮੁਟਿਆਰਾਂ
ਸਰੀਰਕ, ਮਾਨਸਿਕ, ਬੌਧਿਕ ਅਤੇ ਉੱਚੀਆਂ ਨੈਤਿਕ ਕਦਰਾਂ ਕੀਮਤਾਂ ਅਤੇ ਭਾਵਨਾਵਾਂ ਨਾਲ਼ ਓਤ ਪੋਤ ਰਹੇ ਹਨ। ਉਸ ਦੇ ਰਚੇ ਗੀਤਾਂ ਦੀਆਂ ਕਈ ਪੁਸਤਕਾਂ ਪੰਜਾਬੀਆਂ ਨੇ ਬੜੀ ਰੀਝ ਨਾਲ਼ ਪੜ੍ਹੀਆਂ ਹਨ। ਜਿਨ੍ਹਾਂ ਵਿੱਚੋਂ ਵੰਗਾਂ, ਜੀਉਂਦਾ ਪੰਜਾਬ, ਮਿਲੀ ਜੁਲੀ ਕਵਿਤਾ ਅਤੇ ਆਡੀਓ ਕਵਿਤਾ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ ਜਾ ਸਕਦਾ ਹੈ।
ਸਮਾਜ ਵਿਚਲੀ ਆਰਥਿਕ ਕਾਣੀ ਵੰਡ, ਸਮਾਜਿਕ ਵਿਵਸਥਾ ਵਿਚਲੇ ਭੈੜ ਅਤੇ ਵਿਗਾੜ ਉਸ ਨੂੰ ਮਾਨਸਿਕ ਤੌਰ ‘ਤੇ ਸਾਰੀ ਜ਼ਿੰਦਗੀ ਪ੍ਰੇਸ਼ਾਨ ਕਰਦੇ ਰਹੇ। ਉਸ ਵੱਲੋਂ ਲਿਖੇ ਬਹੁਤ ਉੱਚ ਪਾਏ ਦੇ ਗੀਤਾਂ ਦੇ ਬਾਵਜੂਦ ਵੀ ਜਦੋਂ ਉਹ ਗ਼ੁਰਬਤ ਭਰੀ ਜ਼ਿੰਦਗੀ ਵਿੱਚੋਂ ਬਾਹਰ ਨਾ ਨਿੱਕਲ ਸਕਿਆ ਤਾਂ ਅਤਿ ਦੀ ਗ਼ਰੀਬੀ ਦੀ ਹਾਲਤ ਵਿੱਚ ਉਸ ਨੇ 13 ਮਈ, 1966 ਈਸਵੀ ਨੂੰ ਖ਼ੂਹ ਵਿੱਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਆਪਣੀ ਜੀਵਨ ਲੀਲਾ ਖ਼ਤਮ ਕਰ ਦਿੱਤੀ।
ਨੰਦ ਲਾਲ ਨੂਰਪੁਰੀ ਦੀ ਮੌਤ ਉਪਰੰਤ ਕੁਝ ਵਿਦਵਾਨਾਂ, ਕਵੀਆਂ ਅਤੇ ਕਵੀਸ਼ਰਾਂ ਨੇ ਮਿਲ ਕੇ ‘ਨੰਦ ਲਾਲ ਨੂਰਪੁਰੀ ਸੁਸਾਇਟੀ’ ਬਣਾਈ। ਜਿਸ ਦਾ ਮੁੱਖ ਉਦੇਸ਼ ਨੂਰਪੁਰੀ ਦੀ ਵਿਚਾਰਧਾਰਾ ਨੂੰ ਸਾਰੇ ਸਮਾਜ ਵਿੱਚ ਲੈ ਕੇ ਆਉਣਾ ਮਿੱਥਿਆ ਗਿਆ ਹੈ। ਇਸ ਦੇ ਨਾਲ਼ ਹੀ ਸੁਸਾਇਟੀ ਹਰ ਸਾਲ ਕਿਸੇ ਇੱਕ ਕਲਾਕਾਰ ਨੂੰ ਸਨਮਾਨ ਦੇ ਕੇ ਉਸ ਦਾ ਮਾਣ ਵਧਾਉਂਦੀ ਆ ਰਹੀ ਹੈ।
ਡਾ. ਇਕਬਾਲ ਸਿੰਘ ਸਕਰੌਦੀ।
ਗਲ਼ੀ ਨੰਬਰ 06, ਥਲੇਸ ਬਾਗ਼ ਕਲੋਨੀ, ਸੰਗਰੂਰ।
84276-85020