(ਸਮਾਜ ਵੀਕਲੀ)
ਦੂਰੋਂ ਕਸ਼ਮੀਰੀ ਪੰਡਤ, ਚਲ ਕੇ ਜਦ ਆਏ ਸੀ ।
ਪਹੁੰਚੇ ਆਨੰਦ ਪੁਰੀ ਜਾ , ਡਾਹਢੇ ਘਬਰਾਏ ਸੀ।
ਜਾਰੋ ਜ਼ਾਰ ਰੋਈ ਜਾਵਣ, ਚਿਹਰੇ ਕੁਮਲਾਏ ਸੀ।
ਕਹਿੰਦੇ ਗਲ ਪੱਲਾ ਪਾ ਕੇ, ਸਤਿਗੁਰ ਜੀ ਆਵੋ ਜੀ।
ਡੁੱਬਦਾ ਹੈ ਧਰਮ ਜਾਂਵਦਾ, ਇਹਨੂੰ ਬਚਾਵੋ ਜੀ।
ਸਤਿਗੁਰ ਜੀ ਬੈਠੇ ਸੁਣਦੇ, ਦੁਖੀਆਂ ਦੀਆਂ ਹਾਵਾਂ ਨੂੰ ।
ਕਿਥੋਂ ਚਲ ਆਏ ਕੱਟਦੇ ,ਲੰਮੀਆਂ ਰਾਹਵਾਂ ਨੂੰ ।
ਨੌਵੇਂ ਗੁਰੂ ਜਾਨਣ ਸਾਰੇ, ਵਿਲਕਦੇ ਭਾਵਾਂ ਨੂੰ ।
ਦਿੱਲੀ ਜਾ ਜਾਲਮ ਤਾਈਂ, ਮੱਥਾ ਮੈਂ ਲਾਵਾਂਗਾ ।
ਡੁੱਬਦੇ ਹੋਏ ਧਰਮ ਵਾਸਤੇ , ਸੀਸ ਕਟਵਾਵਾਂਗਾ।
ਜਬਰੀ ਨੇ ਧਰਮ ਬਦਲਦੇ , ਆਪਾਂ ਤਾਂ ਮਰ ਗਏ ਜੀ
ਮੁਗਲਾਂ ਨਾਲ ਟੱਕਰ ਲੈਣੋਂ , ਕੋਰਾ ਹੀ ਡਰ ਗਏ ਜੀ ।
ਜੰਝੂ ਲਾਹ ਸੁੱਟੀ ਜਾਵਣ, ਰੋਂਦੇ ਹੀ ਜਰ ਗਏ ਜੀ।
ਸਤਿਗੁਰ ਜੀ ਨਿਗਾਹ ਸਵੱਲੀ, ਸਾਡੇ ਤੇ ਪਾਵੋ ਜੀ।
ਡੁੱਬਦਾ ਹੈ ਧਰਮ ਜਾਂਵਦਾ, ਇਹਨੂੰ ਬਚਾਵੋ ਜੀ ।
ਕੋਲੇ ਗੋਬਿੰਦ ਜੀ ਬੈਠੇ, ਕਹਿੰਦੇ ਨਾ ਡਰਨਾ ਜੀ ।
ਭੋਰਾ ਵੀ ਫਿਕਰ ਪਿਤਾ ਜੀ, ਮੇਰਾ ਨਾ ਕਰਨਾ ਜੀ ।
ਥੋਡੇ ਬਿਨ ਧਰਮ ਦਾ ਬੇੜਾ , ਨਾ ਹੀ ਹੁਣ ਤਰਨਾ ਜੀ।
ਬੱਚਾ ਹਾਂ ਭਾਵੇਂ ਹਾਲੇ, ਡੋਲ ਨਾ ਜਾਂਵਾਂਗਾ।
ਡੁੱਬਦੇ ਹੋਏ ਧਰਮ ਵਾਸਤੇ, ਸੀਸ ਕਟਵਾਵਾਂਗਾ ।
ਜ਼ਾਲਮ ਜੋ ਮੁਗਲ ਨੇ ਸਾਨੂੰ , ਕਾਫਰ ਹੀ ਕਹਿੰਦੇ ਨੇ।
ਭਾਵੇਂ ਕਿਤੇ ਲੁਕ ਕੇ ਬਹੀਏ, ਪਕੜ ਹੀ ਲੈਂਦੇ ਨੇ।
ਬੁੱਢੇ ਤੇ ਬਾਲ ਨਿਆਣੇ, ਸਹਿਮ ਵਿੱਚ ਰਹਿੰਦੇ ਨੇ।
ਆਪਾਂ ਨਾ ਮੁੜ ਕੇ ਜਾਣਾ, ਸਾਡੇ ਨਾਲ ਜਾਵੋ ਜੀ।
ਡੁੱਬਦਾ ਹੈ ਧਰਮ ਜਾਂਵਦਾ, ਇਹਨੂੰ ਬਚਾਵੋ ਜੀ ।
ਪੰਡਤਾਂ ਨੂੰ ਗੁਰੂ ਜੀ ਕਹਿੰਦੇ, ਬੰਨੋ ਹੁਣ ਧੀਰ ਨੂੰ ।
ਦੇਵੋ ਧਰਾਸੇ ਦਿਲਾਂ ਨੂੰ, ਹੋਏ ਦਿਲਗੀਰ ਨੂੰ ।
ਰੋਕੋ ਹੁਣ ਅੱਖੀਆਂ ਵਿਚੋਂ, ਡੁੱਲਦੇ ਜੀ ਨੀਰ ਨੂੰ ।
ਪੁੱਤਰ ਹਾਂ ਛੇਵੇਂ ਗੁਰੂ ਦਾ , ਨਾਹੀਂ ਘਬਰਾਵਾਂਗਾ।
ਡੁੱਬਦੇ ਹੋਏ ਧਰਮ ਵਾਸਤੇ, ਸੀਸ ਕਟਵਾਵਾਂਗਾ ।
ਕਹਿੰਦਾ ਔਰੰਗਜ਼ੇਬ ਹੈ, ਹਿੰਦੂ ਨਾ ਛਡਣਾ ਜੀ।
ਸਾਰੇ ਹੁਣ ਧਰਮਾਂ ਵਾਲਾ, ਫਾਹਾ ਹੈ ਵੱਡਣਾ ਜੀ ।
ਲੁਕ ਕੇ ਵੀ ਜਿੱਥੇ ਬੈਠਣ, ਓਥੋਂ ਹੀ ਕੱਢਣਾ ਜੀ।
ਤੇਗ ਦੇ ਧਨੀ ਤੁਸੀਂ ਤਾਂ,ਮੁਗਲੇ ਹਰਾਵੋ ਜੀ।
ਡੁੱਬਦਾ ਹੈ ਧਰਮ ਜਾਂਵਦਾ, ਇਹਨੂੰ ਬਚਾਵੋ ਜੀ ।
ਸਤਿਗੁਰ ਜੀ ਕਹਿੰਦੇ ਗੋਬਿੰਦ, ਉਮਰ ਨਿਆਣੀ ਏਂ ।
ਕਰਦਾ ਤੂੰ ਗੱਲ ਹੈ ਪੁੱਤਰਾ, ਡਾਹਢੀ ਸਿਆਣੀ ਏਂ ।
ਜਿੰਦਾ ਹੈ ਰੱਖਣਾ ਧਰਮ ਨੂੰ, ਪੈਣੀ ਰੱਤ ਪਿਆਣੀ ਏਂ ।
ਮੁਗਲਾਂ ਦੇ ਲੱਖ ਤਸੀਹੇ, ਤਨ ਤੇ ਸਹਿ ਜਾਵਾਂਗਾ ।
ਡੁੱਬਦੇ ਹੋਏ ਧਰਮ ਵਾਸਤੇ, ਸੀਸ ਕਟਵਾਵਾਂਗਾ ।
ਭਾਵੇਂ ਹੈ ਬੇਸ਼ੱਕ ਸਾਡੀ, ਗਿਣਤੀ ਵਧੇਰੇ ਜੀ।
ਮੁਗਲਾਂ ਨਾਲ ਲੜਨੇ ਵਾਲੇ, ਰੱਖੀਏ ਨ ਜੇਰੇ ਜੀ ।
ਇਸੇ ਲਈ ਲੈਣ ਆਸਰਾ, ਆਏ ਦਰ ਤੇਰੇ ਜੀ ।
ਪਾਪੀ ਤੋਂ ਜਾਨ ਖਲਾਸੀ,ਸਾਨੂੰ ਦਵਾਵੋ ਜੀ।
ਡੁੱਬਦਾ ਹੈ ਧਰਮ ਜਾਂਵਦਾ, ਇਹਨੂੰ ਬਚਾਵੋ ਜੀ ।
ਆਪਣੇ ਦੀਨ ਦੀ ਖਾਤਰ , ਹਰ ਕੋਈ ਕਰਦਾ ਹੈ ।
ਹੁੰਦਾ ਜੋ ਮਰਦ ਸੂਰਮਾ, ਦੂਜੇ ਲਈ ਮਰਦਾ ਹੈ ।
ਵੈਰੀ ਦੇ ਲੱਖ ਤਸੀਹੇ, ਤਨ ਤੇ ਉਹ ਜਰਦਾ ਹੈ ।
ਕੀਤਾ ਜੋ ਬਚਨ ਤੁਸਾਂ ਨਾਲ, ਤੋੜ ਨਿਭਾਵਾਂਗਾ ।
ਡੁੱਬਦੇ ਹੋਏ ਧਰਮ ਵਾਸਤੇ, ਸੀਸ ਕਟਵਾਵਾਂਗਾ ।
ਗੁਰਜੀਤ ਕੌਰ
ਅਜਨਾਲਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly