HOME ਪੰਜਾਬ ਵਿੱਚ ਹੜ੍ਹਾਂ ਦੀ ਮਾਰ – ਇੱਕ ਦਿਲੋਂ ਅਪੀਲ ਕਿ ਇੱਕ ਪਰਿਵਾਰ...

ਪੰਜਾਬ ਵਿੱਚ ਹੜ੍ਹਾਂ ਦੀ ਮਾਰ – ਇੱਕ ਦਿਲੋਂ ਅਪੀਲ ਕਿ ਇੱਕ ਪਰਿਵਾਰ ਜਾਂ ਇੱਕ ਪਿੰਡ ਨੂੰ ਗੋਦ ਲੈ ਕੇ, ਆਓ ਪੰਜਾਬ ਨੂੰ ਮੁੜ ਪੈਰਾਂ ਤੇ ਖੜ੍ਹਾ ਕਰੀਏ!

ਨਾਨਕ ਨਾਮ, ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ॥
ਦੀਪ ਸੰਧੂ

  (ਸਮਾਜ ਵੀਕਲੀ)   ਪੰਜਾਬ ਵਿੱਚ ਹੜ੍ਹਾਂ ਦਾ ਕਹਿਰ ਹਾਲੇ ਮੁੱਕਿਆ ਤਾਂ ਨਹੀਂ। ਪਰ, ਇਹ ਹੜ੍ਹ ਜਿੱਥੇ ਕਈਆਂ ਦੇ ਪੈਰਾਂ ਹੇਠਲੀ ਧਰਤੀ ਰੋੜ ਕੇ ਲੈ ਗਏ ਉੱਥੇ ਇੱਕ ਵਾਰ ਫਿਰ ਤੋਂ ਇਹ ਵੀ ਦੱਸ ਗਏ ਕਿ ਪੰਜਾਬ ਵਿੱਚੋਂ ਸਬਰ, ਸ਼ੁਕਰ, ਹੌਂਸਲਾ ਤੇ ਹਿੰਮਤ ਕਦੇ ਖ਼ਤਮ ਨਹੀਂ ਹੋ ਸਕਦੀ। ਅਤੇ ਨਾਂਹੀਂ ਖ਼ਤਮ ਹੋਵੇਗੀ ਸਾਡੀ ਸੇਵਾ ਭਾਵਨਾ, ਸਾਡਾ ਏਕਾ, ਸਾਡੀ ਚੜ੍ਹਦੀਕਲਾ। ਘਰ, ਕਾਰੋਬਾਰ ਪਾਣੀ ਵਿੱਚ ਡੁੱਬੇ, ਹੜ੍ਹ ਗਏ ਹੋ ਸਕਦੇ ਹਨ ਪਰ ਸਬਰਾਂ ਵਾਲੀਆਂ ਰੂਹਾਂ ਚੜ੍ਹਦੀਕਲਾ ਦਾ ਨਾਹਰਾ ਮਾਰਦੀਆਂ ਬੁਲੰਦ ਖੜ੍ਹੀਆਂ ਹਨ। ਇਹ ਧਰਤੀ ਯੋਧਿਆਂ, ਗੁਰੂਆਂ, ਪੀਰਾਂ, ਫਕੀਰਾਂ ਦੀ ਧਰਤੀ ਹੈ। ਇਸ ਮਿੱਟੀ ਦੀ ਖ਼ਸਲਤ ਅਲੱਗ ਹੈ। ਇਹ ਝੁਕਣਾ ਨਹੀਂ ਜਾਣਦੀ, ਟੁੱਟਣਾ ਨਹੀਂ ਜਾਣਦੀ, ਮੁਸੀਬਤ ਵਿੱਚ ਵੀ ਚੜ੍ਹਦੀਕਲਾ ਵਿੱਚ ਰਹਿੰਦੀ ਹੈ। ਪੂਰੇ ਦੇ ਪੂਰੇ ਪਿੰਡ ਪਾਣੀ ਵਿੱਚ ਹਨ। ਘਰ ਢਹਿ ਚੁੱਕੇ ਹਨ। ਖੇਤ, ਘਰ, ਮਾਲ, ਡੰਗਰ-ਵੱਛਾ, ਸਭ ਡੁੱਬ ਚੁੱਕੇ ਹਨ, ਕਈ ਜਗ੍ਹਾ ਤੇ ਰੁੜ ਚੁੱਕੇ ਹਨ। ਭਾਵੇਂ ਕਿ ਭਰੀਆਂ ਅੱਖਾਂ ਵਿੱਚੋਂ ਨਿਰਾਸ਼ਾ ਦਿੱਖਦੀ ਹੈ, ਪਰ ਫਿਰ ਵੀ ਉਹ ਅਟੱਲ ਭਰੋਸੇ ਨਾਲ “ਤੇਰਾ ਭਾਣਾ ਮੀਠਾ ਲਾਗੇ।” ਆਖਦੇ ਸਰਬੱਤ ਦਾ ਭਲਾ ਮੰਗਦੇ ਹਨ। ਇਹਨਾਂ ਪਰਿਵਾਰਾਂ ਨੂੰ ਜੁੰਮੇਵਾਰੀ ਨਾਲ ਖੜ੍ਹਾ ਕਰਨਾ ਸਾਡਾ ਸਭ ਦਾ ਆਪਣੀ ਧਰਤੀ ਅਤੇ ਲੋਕਾਂ ਪ੍ਰਤੀ ਫਰਜ਼ ਹੈ। ਅਤੇ ਵਕ਼ਤ ਹੈ ਆਪਣੇ ਫਰਜ਼ ਨੂੰ ਇਮਾਨਦਾਰੀ ਨਾਲ ਨਿਭਾਉਣ ਦਾ। ਹੜ੍ਹਾਂ ਤੋਂ ਆਈ ਵੀਡੀਓ ਵਿੱਚ ਇੱਕ ਬਾਪੂ ਜੀ ਕਹਿ ਰਹੇ ਹਨ ਕਿ “ਸੇਵਾ ਤੇ ਫਰਜ਼ ਵਿੱਚ ਫਰਕ ਹੁੰਦਾ ਹੈ, ਸੇਵਾ ਭਾਵੁਕ ਹੋ ਕੇ ਕੀਤੀ ਜਾਂਦੀ ਹੈ, ਤੇ ਫਰਜ਼ ਜ਼ਿੰਮੇਵਾਰੀ ਨਾਲ।” ਫੌਰੀ ਰਾਹਤ ਚੱਲ ਰਹੀ ਹੈ, ਵਕਤੀ ਲੋੜਾਂ, ਜ਼ਰੂਰੀ ਚੀਜ਼ਾਂ ਦੀਆਂ ਲੋੜਾਂ ਪੂਰੀਆਂ ਹੋ ਰਹੀਆਂ ਹਨ। ਪਰ ਲੋੜ ਹੈ ਚੀਜਾਂ ਸਾਂਭਣ ਲਈ ਸਾਂਝੇ ਸੁਰੱਖਿਅਤ ਭੰਡਾਰ ਦੀ ਅਤੇ ਵੰਡ ਕੇਂਦਰ ਚਾਹੀਦੇ ਹਨ। ਇਹ ਕੰਮ SGPC, ਸਿੱਖ ਜਥੇਬੰਦੀਆਂ, ਸਾਰੀਆਂ ਧਾਰਮਿਕ, ਸਮਾਜਿਕ, ਗੈਰ-ਸਰਕਾਰੀ ਸੰਸਥਾਵਾਂ, ਜੱਥੇਬੰਦੀਆਂ ਨੂੰ ਮਿਲ ਕੇ ਕਰਨਾ ਪਵੇਗਾ। ਜੇ ਪ੍ਰਸ਼ਾਸਨ ਵੀ ਨਾਲ ਜੁੜਦਾ ਹੈ ਤਾਂ ਚੰਗੀ ਗੱਲ, ਪਰ ਹਾਲੇ ਤੱਕ ਦਾ ਪ੍ਰਸ਼ਾਸਨ ਦਾ ਵਤੀਰਾ ਨਿਰਾਸ਼ਾਜਨਕ ਰਿਹਾ ਹੈ ਅਤੇ ਕਈ ਸਵਾਲ ਖੜ੍ਹੇ ਕਰਦਾ ਹੈ। ਇੱਕ ਸੱਚ ਜੋ ਸਾਨੂੰ ਸਵੀਕਾਰਨਾ ਪਵੇਗਾ ਕਿ ਕੁਝ ਪਰਿਵਾਰ ਹਜੇ ਵੀ ਬੁਨਿਆਦੀ ਸਹਾਇਤਾ ਤੋਂ ਬਾਂਝੇ ਹਨ। ਇਹ ਨਹੀਂ ਕਿ ਲੋਕਾਂ ਨੂੰ ਪਰਵਾਹ ਨਹੀਂ, ਬਲਕਿ ਤਾਲਮੇਲ, ਸਹਿਯੋਗ, ਪਹੁੰਚ ਦੇ ਸਾਧਨਾਂ ਦੀ ਘਾਟ ਸਾਫ਼ ਨਜ਼ਰ ਆਉਂਦੀ ਹੈ। ਇਸ ਲਈ ਸਾਨੂੰ ਅਗਲੇ ਪੜਾਅ ਬਾਰੇ ਹੋਰ ਵੀ ਗੰਭੀਰਤਾ ਨਾਲ ਸੋਚਣਾ ਪਵੇਗਾ ਤਾਂ ਕਿ ਲੋੜਵੰਦਾ ਨੂੰ ਸੁਚੱਜੇ ਢੰਗ ਨਾਲ ਮੁੜ ਪੈਰਾਂ ਤੇ ਕੀਤਾ ਜਾ ਸਕੇ।

ਇੱਕ ਪਰਿਵਾਰ, ਇੱਕ ਪਿੰਡ ਨੂੰ ਗੋਦ ਲੈਣਾ- ਜੇ ਹਰ ਪੰਜਾਬੀ ਦੇਸ਼ ਜਾਂ ਵਿਦੇਸ਼ ਵਿੱਚ, ਸਿਰਫ਼ ਇੱਕ ਪਰਿਵਾਰ ਜਾਂ ਇੱਕ ਪਿੰਡ ਗੋਦ ਲੈ ਲਏ — ਚਾਹੇ ਵਿਅਕਤੀਗਤ ਤੌਰ ਤੇ ਪਰਿਵਾਰਕ, ਚਾਹੇ ਦੋਸਤਾਂ, ਮਿੱਤਰਾਂ ਪਰਿਵਾਰ ਨਾਲ ਰਲ ਕੇ, ਸਮੂਹ ਜਾਂ ਸੰਗਠਨ, ਸੰਸਥਾਵਾਂ ਨਾਲ ਮਿਲ ਕੇ… ਤਾਂ ਪੰਜਾਬ ਨੂੰ ਮੁੜ ਖੜ੍ਹਾ ਕਰਨ ਦੀ ਆਸ ਬੱਝਦੀ ਹੈ। ਆਉਣ ਵਾਲਾ ਰਾਹ ਸੱਚਮੁੱਚ ਹੀ ਸੌਖਾ ਤੇ ਸੰਭਵ ਹੋ ਜਾਵੇਗਾ। ਸਾਡਾ ਕਲਾਕਾਰ ਭਾਈਚਾਰਾ, ਸੰਸਥਾਵਾਂ, ਜੱਥੇਬੰਦੀਆਂ ਬਹੁਤ ਸੋਹਣਾ ਕੰਮ ਕਰ ਰਹੀਆਂ ਹਨ — ਗੱਲ ਹੈ ਤਾਂ ਤਾਲਮੇਲ ਅਤੇ ਪਾਰਦਰਸ਼ਤਾ ਦੀ।
ਗੋਦ ਲੈਣ ਦਾ ਮਤਲਬ ਸਿਰਫ਼ ਰਾਸ਼ਨ ਭੇਜਣਾ ਨਹੀਂ, ਸਗੋਂ ਪੀੜਤਾਂ ਦੇ ਨਾਲ ਉਦੋਂ ਤੱਕ ਖੜੇ ਰਹਿਣਾ ਜਦ ਤੱਕ ਉਹ ਮੁੜ ਪੈਰਾਂ ਤੇ ਨਾ ਹੋ ਜਾਣ:
  • ਮੁੜ ਵਸੇਬਾਂ – ਘਰਾਂ ਦਾ ਨਿਰਮਾਣ ਅਤੇ ਮੁਰੰਮਤ, ਸਮਾਨ ਵਿੱਚ ਮੱਦਦ ਕਰਨਾ
  • ਕਿਸਾਨਾਂ ਦੇ ਖੇਤਾਂ ਨੂੰ ਮੁੜ ਖੇਤੀ ਯੋਗ ਕਰਨ ਵਿੱਚ ਮਦਦ ਕਰਨਾ
  • ਕਾਰੋਬਾਰਾਂ ਵਿੱਚ ਮੱਦਦ ਕਰਨਾ
  • ਬੱਚਿਆਂ ਨੂੰ ਮੁੜ ਪੜ੍ਹਾਈ ਵੱਲ ਤੋਰਨਾਅਤੇ ਹੋਰ ਵੀ ਬਹੁਤ ਕੁਝ ਕਰਨ ਦੀ ਲੋੜ ਹੈ
ਅੱਜ ਸਾਡੀ ਸਭ ਦੀ ਜ਼ੁੰਮੇਵਾਰੀ ਬਣਦੀ ਹੈ ਪੰਜਾਬ ਪ੍ਰਤੀ ਆਪਣਾ ਫਰਜ਼ ਨਿਭਾਉਣ ਦੀ। ਸਾਡੇ ਗੁਰੂਆਂ ਨੇ ਸਾਨੂੰ ਦਇਆ ਅਤੇ ਹਿੰਮਤ, ਵੰਡ ਛਕਣ ਦੀ ਸਿਖਿਆ ਦਿੱਤੀ। ਗੁਰੂ ਨਾਨਕ ਸਾਹਿਬ ਦਾ ਸੁਨੇਹਾ: “ਸਾਂਝੀ ਵਾਲਤਾ” ਗੁਰੂ ਅਰਜਨ ਦੇਵ ਜੀ ਨੇ ਦੁੱਖ ਨਾਲ ਹਿੰਮਤ ਨਾਲ ਲੜਨ ਦਾ ਸੁਨੇਹਾ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਭ ਕੁਝ ਗੁਆ ਕੇ, ਵਾਰ ਕੇ ਮੁੜ ਉੱਠਣਾ ਸਿਖਾਇਆ ਹੈ ਇਹ ਸਿੱਖਿਆ ਸਿਰਫ਼ ਇਤਿਹਾਸ ਨਹੀਂ, ਸਗੋਂ ਅੱਜ ਦੀ ਜਿਉਂਦੀ ਜਾਗਦੀ ਸੱਚਾਈ ਹੈ ਦੁੱਖ ਹੈ, ਪਰ ਹਿੰਮਤ ਵੀ ਹੈ। ਦਰਦ ਹੈ, ਪਰ ਮਕਸਦ ਅਤੇ ਸਵੀਕਾਰ ਵੀ ਹੈ। ਅੱਜ ਇੱਕ ਪਰਿਵਾਰ ਜਾਂ ਪਿੰਡ ਨੂੰ ਗੋਦ ਲੈਣਾ, ਗੁਰੂ ਦਾ ਸੁਨੇਹਾ ਜੀਵਨ ਵਿੱਚ ਲੈ ਕੇ ਜੀਉਣਾ ਹੈ।
ਜੋ ਵੀ ਕਰੀਏ, ਦਿਲੋਂ ਕਰੀਏ ਅਤੇ ਸੱਚਾਈ ਨਾਲ, ਇੱਕ ਦੂਜੇ ਨਾਲ ਤਾਲਮੇਲ ਬਣਾ ਕੇ ਕਰੀਏ। ਜਿਵੇਂ ਦਿਲਜੀਤ ਦੋਸਾਂਝ ਨੇ ਬਿਲਕੁਲ ਸਹੀ ਕਿਹਾ: “ਮੈਂ ਪੰਜਾਬ ਨੂੰ ਗੋਦ ਨਹੀਂ ਲਿਆ। ਪੰਜਾਬ ਨੇ ਸਾਨੂੰ ਗੋਦ ਲਿਆ ਹੈ।” ਭਾਵੇਂ ਤੁਸੀਂ ਇੱਕ ਪਰਿਵਾਰ ਜਾਂ ਦਸ ਪਰਿਵਾਰਾਂ ਦੀ ਮਦਦ ਕਰ ਰਹੇ ਹੋ, ਪਰ ਪਾਰਦਰਸ਼ਤਾ ਬਹੁਤ ਜ਼ਰੂਰੀ ਹੈ। ਇੱਕ ਸਧਾਰਣ ਰਿਕਾਰਡ ਵੀ ਕੰਮ ਕਰ ਰਹੀਆਂ ਭਰੋਸੇਯੋਗ ਸੰਸਥਾਵਾਂ, ਗੁਰਦਵਾਰਿਆਂ ਆਦਿ ਨਾਲ ਸਾਂਝਾ ਕਰਕੇ ਅਸੀਂ ਯਕੀਨੀ ਬਣਾ ਸਕਦੇ ਹਾਂ ਕਿ ਕੋਈ ਵੀ ਬਾਂਝਾ ਨਾ ਰਹੇ ਅਤੇ ਹਰ ਰੁਪਇਆ, ਹਰ ਯਤਨ ਲੋੜਵੰਦ ਲੋਕਾਂ ਤੱਕ ਪਹੁੰਚੇ।
ਰਾਹਤ ਅੱਜ ਜ਼ਰੂਰੀ ਹੈ, ਪਰ ਪੀੜ੍ਹਤਾਂ ਨੂੰ ਮੁੜ ਪੈਰਾਂ ਤੇ ਖੜ੍ਹੇ ਕਰਨਾ — ਸੁਰਜੀਤ ਕਰਨਾ ਹੀ ਸਾਡੀ ਅਸਲ ਪਰਖ ਹੈ। ਪੰਜਾਬ ਨੇ ਵੰਡ, ਲੜਾਈਆਂ, ਸੋਕਾ — ਬਹੁਤ ਕੁਝ ਝੱਲਿਆ ਹੈ। ਹਰ ਵਾਰ ਮੁੜ ਉੱਠ ਖੜ੍ਹਾ ਹੋਇਆ ਹੈ। ਅੱਜ ਫਿਰ ਪੰਜਾਬ ਬੁਲਾ ਰਿਹਾ ਹੈ — ਆਓ ਹੁੰਗਾਰਾ ਭਰੀਏ: ਸਿਰਫ਼ ਭਾਵਨਾਵਾਂ ਨਾਲ ਨਹੀਂ, ਪਰ ਵਚਨਬੱਧਤਾ ਨਾਲ ਸਿਰਫ਼ ਦੁਆਵਾਂ ਵਿੱਚ ਨਹੀਂ, ਸਗੋਂ ਸੁਚੱਜੇ ਢੰਗ ਨਾਲ ਯੋਜਨਾ ਬਣਾ ਕੇ ਆਓ ਸਾਰੇ ਸਹਿਯੋਗ ਕਰੀਏ ਅਤੇ ਆਪਣੇ ਭੈਣਾਂ ਭਰਾਵਾਂ ਨੂੰ ਮੁੜ ਪੈਰਾਂ ਤੇ ਖੜ੍ਹੇ ਕਰੀਏ, ਪੰਜਾਬ ਨੂੰ ਮੁੜ ਚੜ੍ਹਦੀਕਲਾ ਵੱਲ ਲੈ ਕੇ ਜਾਈਏ ।
ਗੁਰੂ ਫਤਹਿ। ਚੜ੍ਹਦੀ ਕਲਾ।
– ਦੀਪ ਸੰਧੂ
+61 459 966 392
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗਾਇਕ ਸੁੱਖ ਨੰਦਾਚੌਰੀਆ ਨੇ ਹੜ੍ਹ ਪੀੜਤਾਂ ਲਈ ‘ਮੇਰੇ ਮਾਲਕਾ’ ਗੀਤ ਰਾਹੀਂ ਕੀਤੀ ਅਰਦਾਸ
Next articleनेपाल के घटनाक्रम पर ऑल इंडिया पीपुल्स फ्रंट की प्रतिक्रिया