HOME ਹੜ੍ਹਾਂ ਦੀ ਆਫ਼ਤ: ਤਿਆਰੀ, ਸਾਵਧਾਨੀ ਤੇ ਸਾਂਝੀ ਜ਼ਿੰਮੇਵਾਰੀ

ਹੜ੍ਹਾਂ ਦੀ ਆਫ਼ਤ: ਤਿਆਰੀ, ਸਾਵਧਾਨੀ ਤੇ ਸਾਂਝੀ ਜ਼ਿੰਮੇਵਾਰੀ

ਪਵਨ ਕੁਮਾਰ ਅੱਤਰੀ

   (ਸਮਾਜ ਵੀਕਲੀ)   ਪਿਛਲੇ ਸਾਲ ਪੰਜਾਬ ਦੇ ਕਈ ਇਲਾਕੇ ਭਾਰੀ ਮੀਂਹ ਅਤੇ ਹੜ੍ਹ ਦੀ ਗੰਭੀਰ ਮਾਰ ਹੇਠ ਰਹੇ। ਜਿਆਦਾ ਮੀਂਹਾਂ ਅਤੇ ਪਾਣੀ ਦੇ ਤੇਜ਼ ਵਹਾਅ ਕਾਰਨ ਕਈ ਪਿੰਡ ਪਾਣੀ ਵਿੱਚ ਡੁੱਬ ਗਏ ਸਨ। ਖੇਤਾਂ ਵਿੱਚ ਖੜ੍ਹੀਆਂ ਫਸਲਾਂ ਤਬਾਹ ਹੋ ਗਈਆਂ, ਘਰਾਂ ਦੀਆਂ ਦੀਵਾਰਾਂ ਢਹਿ ਗਈਆਂ ਅਤੇ ਅਨੇਕਾਂ ਪਰਿਵਾਰਾਂ ਨੂੰ ਆਪਣਾ ਸਭ ਕੁੱਝ ਗੁਆ ਕੇ ਨਵੇਂ ਸਿਰੇ ਤੋਂ ਜੀਵਨ ਦੀ ਸ਼ੁਰੂਆਤ ਕਰਨੀ ਪਈ।

ਇਹ ਕੁਦਰਤੀ ਆਫ਼ਤ ਸਿਰਫ਼ ਆਰਥਿਕ ਨੁਕਸਾਨ ਹੀ ਨਹੀਂ, ਸਗੋਂ ਇੱਕ ਵੱਡੀ ਮਨੁੱਖੀ ਤਰਾਸਦੀ ਵੀ ਬਣੀ। ਕੀਮਤੀ ਜਾਨਾਂ ਗੁਆਈਆਂ ਗਈਆਂ, ਪਸ਼ੂ ਮਾਰੇ ਗਏ, ਬਿਮਾਰੀਆਂ ਦੇ ਖ਼ਤਰੇ ਵਧੇ ਅਤੇ ਲੋਕਾਂ ਦੀ ਰੋਜ਼ਮਰਰਾ ਜ਼ਿੰਦਗੀ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ। ਇਹ ਸਾਨੂੰ ਸਪਸ਼ਟ ਸਬਕ ਦਿੰਦਾ ਹੈ ਕਿ ਕੁਦਰਤ ਨਾਲ ਬੇਅਦਬੀ ਜਾਂ ਟੱਕਰ ਲੈਣ ਦੀ ਬਜਾਏ ਉਸ ਨਾਲ ਸਾਂਝ ਬਣਾਉਣਾ ਹੀ ਸਭ ਤੋਂ ਵਧੀਆ ਵਿਕਲਪ ਹੈ।
ਹੜ੍ਹਾਂ ਨੂੰ ਰੋਕਣਾ ਨਹੀਂ, ਪਰ ਨੁਕਸਾਨ ਨੂੰ ਘਟਾਉਣਾ ਸੰਭਵ ਹੈ :-
ਹੜ੍ਹ ਇੱਕ ਕੁਦਰਤੀ ਆਫ਼ਤ ਹੈ। ਇਸਨੂੰ ਪੂਰੀ ਤਰ੍ਹਾਂ ਰੋਕਿਆ ਨਹੀਂ ਜਾ ਸਕਦਾ, ਪਰ ਅਗਾਉਂ ਤਿਆਰੀ ਨਾਲ ਇਸ ਦਾ ਪ੍ਰਭਾਵ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਇਸ ਲਈ ਯੋਜਨਾਬੱਧ ਤਰੀਕੇ ਨਾਲ ਤਿਆਰੀ ਅਤੇ ਸਾਂਝੀ ਕੋਸ਼ਿਸ਼ ਬਹੁਤ ਜ਼ਰੂਰੀ ਹੈ।
ਜ਼ਰੂਰੀ ਪ੍ਰਸ਼ਾਸਨਿਕ ਤਿਆਰੀਆਂ ਲਈ ਬੇਨਤੀ:
1. ਤੈਰਨ ਸਿਖਲਾਈ ਕੇਂਦਰ – ਜਿੱਥੇ ਹੜ੍ਹ ਦਾ ਖ਼ਤਰਾ ਵੱਧ ਹੁੰਦਾ ਹੈ, ਉੱਥੇ ਤੈਰਨ ਸਿਖਲਾਈ ਕੇਂਦਰ ਖੋਲ੍ਹੇ ਜਾਣ ਜੋ ਕਿ ਬਹੁਤ ਲਾਭਕਾਰੀ ਹੋ ਸਕਦੇ ਹਨ। ਤੈਰਨਾ ਜਾਣਨਾ ਸੰਕਟ ਦੇ ਸਮੇਂ ਜਾਨ ਬਚਾਉਣ ਵਿੱਚ ਮਦਦਗਾਰ ਸਾਬਤ ਹੁੰਦਾ ਹੈ।
2. ਡਿਜ਼ਾਸਟਰ ਮੈਨੇਜਮੈਂਟ ਟ੍ਰੇਨਿੰਗ – ਹਰ ਜ਼ਿਲ੍ਹੇ ਵਿੱਚ ਐਮਰਜੈਂਸੀ ਟ੍ਰੇਨਿੰਗ ਪ੍ਰੋਗਰਾਮ ਚਲਾਏ ਜਾਣ, ਤਾਂ ਜੋ ਲੋਕ ਸੰਕਟ ਦੇ ਸਮੇਂ ਸਹੀ ਫੈਸਲੇ ਲੈ ਸਕਣ ਅਤੇ ਰਾਹਤ ਕਾਰਜਾਂ ਵਿੱਚ ਹਿੱਸਾ ਪਾ ਸਕਣ।
3. ਕਿਸ਼ਤੀਆਂ ਅਤੇ ਰਾਹਤ ਸਮੱਗਰੀ ਦਾ ਪ੍ਰਬੰਧ – ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪਹਿਲਾਂ ਤੋਂ ਕਿਸ਼ਤੀਆਂ, ਰੱਬਰ ਬੋਟਾਂ ਅਤੇ ਜਰੂਰੀ ਸਮੱਗਰੀ ਤਿਆਰ ਰੱਖੀ ਜਾਵੇ, ਤਾਂ ਜੋ ਲੋੜ ਪੈਣ ‘ਤੇ ਤੁਰੰਤ ਸਹਾਇਤਾ ਦਿੱਤੀ ਜਾ ਸਕੇ।
4. ਨਿਕਾਸੀ ਪ੍ਰਣਾਲੀ ਸਿਸਟਮ ਵਿੱਚ ਸੁਧਾਰ – ਹੜ੍ਹ ਤੋਂ ਪਹਿਲਾਂ ਨਿਕਾਸੀ ਪ੍ਰਣਾਲੀ ਦੀ ਸਫ਼ਾਈ ਅਤੇ ਨਹਿਰਾਂ ਦੀ ਮਜ਼ਬੂਤੀ ਯਕੀਨੀ ਬਣਾਈ ਜਾਵੇ, ਤਾਂ ਜੋ ਪਾਣੀ ਦਾ ਵਹਾਅ ਸੁਚਾਰੂ ਰਹੇ।
5. ਐਮਰਜੈਂਸੀ ਰਾਹਤ ਕੈਂਪ – ਹਰ ਜ਼ਿਲ੍ਹੇ ਵਿੱਚ ਪਹਿਲਾਂ ਤੋਂ ਰਾਹਤ ਕੈਂਪ ਤਿਆਰ ਰੱਖੇ ਜਾਣ, ਜਿੱਥੇ ਖਾਣ-ਪੀਣ, ਦਵਾਈਆਂ ਅਤੇ ਹੋਰ ਜਰੂਰੀ ਸਮੱਗਰੀ ਉਪਲਬਧ ਹੋਵੇ।
6. ਕਿਸਾਨਾਂ ਲਈ ਫਸਲ ਬੀਮਾ – ਹਰ ਕਿਸਾਨ ਦਾ ਸਿਹਤ ਹੀ ਨਹੀਂ ਸਗੋਂ ਫਸਲ ਬੀਮਾ ਵੀ ਕਰਵਾਇਆ ਜਾਵੇ। ਅਜਿਹੀਆਂ ਯੋਜਨਾਵਾਂ ਲਾਗੂ ਹੋਣ ਜਿਨ੍ਹਾਂ ਨਾਲ ਕਿਸਾਨਾਂ ਨੂੰ ਨੁਕਸਾਨ ਹੋਣ ‘ਤੇ ਸਮੇਂ ਸਿਰ ਮੁਆਵਜ਼ਾ ਮਿਲ ਸਕੇ।
7. ਪਸ਼ੂਆਂ ਲਈ ਸੁਰੱਖਿਅਤ ਸਥਾਨ – ਪਸ਼ੂਆਂ ਲਈ ਉੱਚੀਆਂ ਅਤੇ ਸੁਰੱਖਿਅਤ ਥਾਵਾਂ ਉੱਤੇ ਚਾਰੇ ਅਤੇ ਪਾਣੀ ਦੀ ਵਿਵਸਥਾ ਕੀਤੀ ਜਾਵੇ।
8. ਸਿਹਤ ਸਹੂਲਤਾਂ ਦੀ ਉਪਲਬਧਤਾ – ਹੜ੍ਹ ਤੋਂ ਬਾਅਦ ਬਿਮਾਰੀਆਂ ਦੇ ਖ਼ਤਰੇ ਨੂੰ ਦੇਖਦੇ ਹੋਏ ਸਿਹਤ ਸਹੂਲਤਾਂ ਤੁਰੰਤ ਉਪਲਬਧ ਕਰਵਾਈਆਂ ਜਾਣ।
ਲੋਕਾਂ ਦੀ ਭੂਮਿਕਾ ਸਾਂਝੀ ਜ਼ਿੰਮੇਵਾਰੀ –
ਪ੍ਰਸ਼ਾਸਨ ਦੇ ਨਾਲ ਨਾਲ ਲੋਕਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਅੱਗੇ ਆਉਣਾ ਪਵੇਗਾ। ਹਰ ਪਿੰਡ ਅਤੇ ਸ਼ਹਿਰ ਵਿੱਚ ਸਥਾਨਕ ਸੇਵਾਦਾਰ ਟੀਮਾਂ ਬਣਾਉਣੀਆਂ ਚਾਹੀਦੀਆਂ ਹਨ, ਜੋ ਐਮਰਜੈਂਸੀ ਦੇ ਸਮੇਂ ਰਾਹਤ ਕਾਰਜਾਂ ਵਿੱਚ ਸਹਾਇਤਾ ਕਰਨ। ਇਹ ਟੀਮਾਂ ਲੋਕਾਂ ਨੂੰ ਪਹਿਲਾਂ ਤੋਂ ਹੀ ਜਾਗਰੂਕ ਕਰਨ, ਸੁਰੱਖਿਆ ਉਪਾਅ ਬਾਰੇ ਜਾਣਕਾਰੀ ਦੇਣ ਅਤੇ ਸੰਕਟ ਦੇ ਸਮੇਂ ਇਕ-ਦੂਜੇ ਦੀ ਮਦਦ ਕਰਨ ਲਈ ਤਿਆਰ ਰਹਿਣ। ਇਸ ਦੇ ਨਾਲ ਨਾਲ ਹਰ ਵਿਅਕਤੀ ਨੂੰ ਆਪਣੇ ਆਲੇ ਦੁਆਲੇ ਸਫ਼ਾਈ ਰੱਖਣੀ, ਨਿਕਾਸੀ ਪ੍ਰਣਾਲੀ ਨੂੰ ਬੰਦ ਨਾ ਹੋਣ ਦੇਣਾ ਅਤੇ ਸਹੀ ਜਾਣਕਾਰੀ ਨੂੰ ਅੱਗੇ ਵਧਾਉਣਾ ਆਦਿ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਸਾਂਝੀ ਕੋਸ਼ਿਸ਼ ਅਤੇ ਏਕਤਾ ਨਾਲ ਵੱਡੀਆਂ ਤੋਂ ਵੱਡੀਆਂ ਆਫ਼ਤਾਂ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ।
ਕਮੀ ਕਿੱਥੇ ਰਹਿ ਗਈ ? – ਪਿਛਲੇ ਸਾਲ ਦੇ ਅਨੁਭਵ ਨੇ ਇਹ ਦਰਸਾਇਆ ਕਿ ਤਿਆਰੀ ਦੇ ਕੁੱਝ ਪੱਖ ਹੋਰ ਸੁਧਾਰੇ ਜਾ ਸਕਦੇ ਹਨ। ਪਹਿਲਾਂ ਤੋਂ ਸਾਵਧਾਨੀ ਵਾਲੇ ਕਦਮਾਂ ਨੂੰ ਹੋਰ ਮਜ਼ਬੂਤੀ ਨਾਲ ਲਾਗੂ ਕਰਨ ਦੀ ਲੋੜ ਹੈ। ਜਾਣਕਾਰੀ ਦੇ ਪ੍ਰਸਾਰ ਨੂੰ ਹੋਰ ਤੇਜ਼ ਅਤੇ ਸੁਚਾਰੂ ਬਣਾਉਣ, ਐਮਰਜੈਂਸੀ ਸਮੱਗਰੀ ਦੀ ਉਪਲਬਧਤਾ ਨੂੰ ਹੋਰ ਵਿਵਸਥਿਤ ਕਰਨ ਅਤੇ ਨਿਕਾਸੀ ਪ੍ਰਣਾਲੀ ਦੀ ਸੰਭਾਲ ਵਿੱਚ ਹੋਰ ਧਿਆਨ ਦੇਣ ਦੀ ਲੋੜ ਹੈ। ਇਸ ਦੇ ਨਾਲ-ਨਾਲ ਸੰਕਟ ਦੇ ਸਮੇਂ ਤੁਰੰਤ ਅਤੇ ਸਮਝਦਾਰੀ ਨਾਲ ਫੈਸਲੇ ਲੈਣ ਦੀ ਸਮਰੱਥਾ ਨੂੰ ਹੋਰ ਮਜ਼ਬੂਤ ਬਣਾਉਣ ਦੀ ਲੋੜ ਹੈ। ਇਹ ਅਨੁਭਵ ਸਾਨੂੰ ਭਵਿੱਖ ਲਈ ਹੋਰ ਸੁਚੱਜੀ ਅਤੇ ਤਿਆਰ ਪ੍ਰਣਾਲੀ ਬਣਾਉਣ ਲਈ ਪ੍ਰੇਰਿਤ ਕਰਦਾ ਹੈ।
ਕੁਦਰਤ ਨਾਲ ਸਾਂਝ ਸੁਰੱਖਿਆ ਦਾ ਅਸਲੀ ਰਸਤਾ-
ਹੜ੍ਹਾਂ ਵਰਗੀਆਂ ਆਫ਼ਤਾਂ ਸਾਨੂੰ ਇਹ ਸੌਖਾ ਪਰ ਡੂੰਘਾ ਸਬਕ ਦਿੰਦੀਆਂ ਹਨ ਕਿ ਕੁਦਰਤ ਨਾਲ ਲੜਨ ਦੀ ਬਜਾਏ ਉਸ ਨਾਲ ਮਿਲ ਕੇ ਰਹਿਣਾ ਹੀ ਸਹੀ ਰਸਤਾ ਹੈ। ਜਦੋਂ ਅਸੀਂ ਕੁਦਰਤ ਦੇ ਨਿਯਮਾਂ ਨੂੰ ਸਮਝਦੇ ਹਾਂ ਅਤੇ ਉਸਦੀ ਹੱਦਾਂ ਦੀ ਇੱਜ਼ਤ ਕਰਦੇ ਹਾਂ, ਤਾਂ ਅਸੀਂ ਆਪਣੇ ਆਪ ਨੂੰ ਵੱਡੇ ਨੁਕਸਾਨ ਤੋਂ ਬਚਾ ਸਕਦੇ ਹਾਂ। ਦਰਿਆਵਾਂ ਦੇ ਕੁਦਰਤੀ ਰਸਤੇ ਨੂੰ ਨਾ ਰੋਕਣਾ, ਪਾਣੀ ਦੇ ਵਹਾਅ ਨੂੰ ਖੁੱਲ੍ਹਾ ਰੱਖਣਾ ਅਤੇ ਹਰੇ-ਭਰੇ ਇਲਾਕਿਆਂ ਨੂੰ ਬਚਾਉਣਾ ਸਾਡੀ ਸਾਂਝ ਨੂੰ ਮਜ਼ਬੂਤ ਬਣਾਉਂਦਾ ਹੈ।
ਇਸ ਦੇ ਨਾਲ ਨਾਲ ਸਾਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਵੀ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਜਿਵੇਂ ਕਿ ਵਾਤਾਵਰਣ ਨੂੰ ਸਾਫ਼ ਰੱਖਣਾ ਅਤੇ ਬੇਲੋੜੇ ਕੂੜੇ-ਕਰਕਟ ਨੂੰ ਨਾ ਫੈਲਾਉਣਾ। ਇਹ ਛੋਟੇ ਕਦਮ ਵੀ ਵੱਡੇ ਬਦਲਾਅ ਲਿਆ ਸਕਦੇ ਹਨ। ਕੁਦਰਤ ਨਾਲ ਸਾਂਝ ਦਾ ਮਤਲਬ ਹੈ ਉਸਨੂੰ ਆਪਣਾ ਮਿੱਤਰ ਸਮਝਣਾ, ਨਾ ਕਿ ਉਸਦੇ ਵਿਰੁੱਧ ਜਾਣਾ।
ਅਸੀਂ ਹੜ੍ਹ ਨੂੰ ਰੋਕ ਨਹੀਂ ਸਕਦੇ, ਪਰ ਸਮਝਦਾਰੀ, ਯੋਜਨਾ, ਤਿਆਰੀ ਅਤੇ ਏਕਤਾ ਨਾਲ ਇਸ ਦੇ ਨੁਕਸਾਨ ਨੂੰ ਜ਼ਰੂਰ ਘਟਾ ਸਕਦੇ ਹਾਂ। ਜੇ ਅਸੀਂ ਅੱਜ ਤੋਂ ਹੀ ਸਹੀ ਕਦਮ ਚੁੱਕੀਏ, ਤਾਂ ਅਸੀਂ ਆਪਣੇ ਨਾਲ ਨਾਲ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਇੱਕ ਸੁਰੱਖਿਅਤ ਅਤੇ ਬਿਹਤਰ ਭਵਿੱਖ ਯਕੀਨੀ ਬਣਾ ਸਕਦੇ ਹਾਂ।
ਪਵਨ ਕੁਮਾਰ ਅੱਤਰੀ (ਕਪੂਰਥਲਾ)
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ: ਨਿੱਜੀ ਸਕੂਲਾਂ ਦੀ ਮਨਮਰਜ਼ੀ ‘ਤੇ ਲੱਗੀ ਲਗਾਮ, 5 ਫ਼ੀਸਦੀ ਤੋਂ ਵੱਧ ਫ਼ੀਸ ਵਧਾਉਣ ‘ਤੇ ਰੋਕ
Next articleਪੀ ਏ ਯੂ –ਕੇ ਵੀ ਕੇ ਸ਼ਹੀਦ ਭਗਤ ਸਿੰਘ ਨਗਰ ਵੱਲੋਂ “ਖੇਤ ਬਚਾਓ ਅਭਿਆਨ” ਤਹਿਤ ਮਿੱਟੀ ਦੀ ਸਿਹਤ ਅਤੇ ਖਾਦਾਂ ਦੀ ਸੰਤੁਲਿਤ ਵਰਤੋਂ ਬਾਰੇ ਜਾਗਰੂਕਤਾ ਕੈਂਪ ਦਾ ਆਯੋਜਨ