(ਸਮਾਜ ਵੀਕਲੀ)
ਸ਼ਬਦ-ਵਿਉਤਪਤੀ ਸੰਬੰਧੀ ਕੁਝ ਲੋਕਾਂ ਦਾ ਕਹਿਣਾ ਹੈ ਕਿ ਮੂਲ ਰੂਪ ਵਿੱਚ ਸ਼ਬਦ ਅਨਪੜ੍ਹ ਲੋਕਾਂ ਨੇ ਬਣਾਏ ਹਨ; ਵਿਦਵਾਨਾਂ ਨੇ ਤਾਂ ਬਾਅਦ ਵਿੱਚ ਉਹਨਾਂ ਦੁੁਅਾਰਾ ਰਚਿਤ ਮੂਲ ਸ਼ਬਦਾਂ ਤੋਂ ਹੋਰ ਸ਼ਬਦ ਬਣਾਏ ਹਨ।ਉਹਨਾਂ ਅਨੁਸਾਰ ਦੁਨੀਆ ਦੀ ਕਿਸੇ ਵੀ ਭਾਸ਼ਾ ਦੀ ਮੂਲ ਸ਼ਬਦਾਵਲੀ ਪੜ੍ਹੇ-ਲਿਖੇ ਲੋਕਾਂ ਨੇ ਨਹੀਂ ਸਗੋਂ ਅਨਪੜ੍ਹ ਲੋਕਾਂ ਨੇ ਬਿਨਾਂ ਕਿਸੇ ਵਿਸ਼ੇਸ਼ ਜਤਨ ਦੇ, ਸਹਿਜ-ਸੁਭਾਵਿਕ ਰੂਪ ਵਿੱਚ ਹੀ ਬਣਾਈ ਹੈ।
ਸ਼ਬਦ-ਵਿਉਤਪਤੀ ਸੰਬੰਧੀ ਵਿਦਵਾਨਾਂ ਦਾ ਇਹ ਵੀ ਕਹਿਣਾ ਹੈ ਕਿ ਧੁਨੀਆਂ ਦੇ ਆਪਣੇ ਕੋੋਈ ਅਰਥ ਨਹੀਂ ਹੁੰਦੇ। ਧੁਨੀਆਂ ਦੇ ਮੇਲ਼ ਨਾਲ਼ ਬਣਨ ਵਾਲ਼ੇ ਸ਼ਬਦਾਂ ਦੇ ਹੀ ਅਰਥ ਹੁੰਦੇ ਹਨ। ਸ਼ਬਦ-ਵਿਉਤਪਤੀ ਦੀ ਪ੍ਰਕਿਰਿਆ ਵਿੱਚ ਧੁਨੀਆਂ ਦਾ ਇਸ ਤੋਂ ਬਿਨਾਂ ਹੋਰ ਕੋਈ ਵੀ ਯੋਗਦਾਨ ਨਹੀਂ ਹੈ।#
ਸ਼ਬਦ-ਰਚਨਾ ਬਾਰੇ ਵਿਦਵਾਨਾਂ ਦੁਆਰਾ ਕੱਢੇ ਗਏ ਉਪਰੋਕਤ ਸਿੱਟਿਆਂ ਨੂੰ ਜੇਕਰ ਗਹੁ ਨਾਲ਼ ਦੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਅਸਲ ਵਿੱਚ ਇਹ ਕੰਮ ਅਨਪੜ੍ਹ ਲੋਕਾਂ ਦਾ ਨਹੀਂ ਸਗੋਂ ਪੁਰਾਤਨ ਸਮਿਆਂ ਦੇ ਬਹੁਤ ਹੀ ਜ਼ਹੀਨ ਅਤੇ ਸਿਰਮੌਰ ਵਿਦਵਾਨਾਂ ਦਾ ਹੈ। ਸਿਤਮ ਦੀ ਗੱਲ ਇਹ ਹੈ ਕਿ ਅੱਜ ਤੱਕ ਦੇ ਸਾਡੇ ਵਿਦਵਾਨ ਆਪ ਤਾਂ ਹਜ਼ਾਰਾਂ ਸਾਲ ਪਹਿਲਾਂ ਆਪਣੇ ਪੂਰਵਜਾਂ ਦੁਆਰਾ ਘੜੇ ਗਏ ਸ਼ਬਦਾਂ ਦੀ ਰਚਣ-ਪ੍ਰਕਿਰਿਆ ਤੱਕ ਨੂੰ ਨਹੀਂ ਸਮਝ ਸਕੇ ਪਰ ਉਸ ਸਮੇਂ ਦੇ ਅਨਪੜ੍ਹ ਲੋਕਾਂ ਕੋਲ਼ੋਂ ਉਹ ਸ਼ਬਦ-ਵਿਉਤਪਤੀ ਦਾ ਅਹਿਮ ਕਾਰਜ ਕਰਵਾ ਰਹੇ ਹਨ।
ਇਹ ਗੱਲ ਵੀ ਸੋਚਣੀ ਬਣਦੀ ਹੈ ਕਿ ਜਿਸ ਸਮੇਂ ਅਨਪੜ੍ਹ ਲੋਕ ਸ਼ਬਦ-ਵਿਉਤਪਤੀ ਦੇ ਮਹਾਨ ਕਾਰਜ ਨੂੰ ਸਰੰਜਾਮ ਦੇ ਰਹੇ ਸਨ ਤਾਂ ਉਸ ਸਮੇਂ ਉਹਨਾਂ ਦੇ ਸਮਕਾਲੀ ਪੜ੍ਹੇ-ਲਿਖੇ ਵਿਦਵਾਨ ਕੀ ਕਰ ਰਹੇ ਸਨ? ਸਾਨੂੰ ਇਹ ਗੱਲ ਕਦੇ ਵੀ ਨਹੀਂ ਭੁੱਲਣੀ ਚਾਹੀਦੀ ਕਿ ਹਰ ਕਾਲ-ਖੰਡ ਵਿੱਚ ਸਧਾਰਨ ਲੋਕਾਂ ਦੇ ਨਾਲ਼-ਨਾਲ਼ ਕੁਝ ਨਾ ਕੁਝ ਜ਼ਹੀਨ ਕਿਸਮ ਦੇ ਬੁੱਧੀਜੀਵੀ ਲੋਕ ਵੀ ਹੋਇਆ ਕਰਦੇ ਹਨ ਤੇ ਇਹੋ-ਜਿਹੇ ਸਮਿਆਂ ‘ਤੇ ਉਹ ਕਦੇ ਵੀ ਚੁੱਪ ਕਰਕੇ ਨਹੀਂ ਬੈਠ ਸਕਦੇ; ਜਦਕਿ ਇਹ ਕੰਮ ਤਾਂ ਹੈ ਹੀ ਬਹੁਤ ਸੂਝਵਾਨ ਅਤੇ ਪੜ੍ਹੇ-ਲਿਖੇ ਲੋਕਾਂ ਦਾ। ਇਹ ਲੇਖ ਪੜ੍ਹ ਕੇ ਪਾਠਕ ਇਸ ਗੱਲ ਦਾ ਅੰਦਾਜ਼ਾ ਖ਼ੁਦ ਹੀ ਲਾ ਸਕਦੇ ਹਨ।
ਸ਼ਬਦ-ਵਿਉਤਪਤੀ ਸੰਬੰਧੀ ਉਪਰੋਕਤ ਵਿਚਾਰਧਾਰਾ ਰੱਖਣ ਵਾਲ਼ੇ ਲੋਕਾਂ ਨੂੰ ਮੇਰੇ ਕੁਝ ਸਵਾਲ ਹਨ:
ਜੇਕਰ ਉਪਰੋਕਤ ਵਿਦਵਾਨਾਂ ਦੇ ਕਹਿਣ ਅਨੁਸਾਰ ਸਾਰੇ ਹੀ ਸ਼ਬਦ ਅਟੇ-ਸਟੇ ਅਤੇ ਤੀਰ-ਤੁੱਕੇ ਨਾਲ਼ ਬਣੇ ਹੋਏ ਹਨ ਤਾਂ ਵੱਲ (ਦੋ ਅਰਥ), ਵੇਲ (ਤਿੰਨ ਅਰਥ), ਵਾਲ਼, ਵਾਲ਼ਾ, ਵੇਲਾ ਤੇ ਇਹਨਾਂ ਹੀ ਧੁਨੀਆਂ ਵਾਲ਼ੇ ਅਨੇਕਾਂ ਹੋਰ ਸ਼ਬਦਾਂ ਵਿੱਚ ‘ਵ’ ਅਤੇ ‘ਲ’ ਧੁਨੀਆਂ ਦੇ ਅਰਥ (ਅੱਗੇ ਨੂੰ ਜਾਂ ਦੂਜੀ ਥਾਂ ਵੱਲ ਜਾਣਾ/ਵਧਣਾ) ਇੱਕਸਮਾਨ ਹੀ ਕਿਉਂ ਹਨ? ਇਹਨਾਂ ਸਾਰੇ ਸ਼ਬਦਾਂ ਵਿੱਚ ਕੋਈ ਧਾਤੂ ਵੀ ਸਾਂਝਾ ਨਹੀਂ ਹੈ। ਹੋਰ ਤਾਂ ਹੋਰ, ਇਹਨਾਂ ਵਿਚਲੇ ਦੋ ਜਾਂ ਤਿੰਨ ਅਰਥਾਂ ਵਾਲ਼ੇ ਸ਼ਬਦਾਂ ਦੀਆਂ ਏਨੇ ਅਰਥ ਹੋਣ ਦੀਆਂ ਘੁੰਡੀਆਂ ਵੀ ਇਹਨਾਂ ਵਿਚਲੀਆਂ ਧੁਨੀਆਂ ਦੇ ਅਰਥ ਹੀ ਖੋਲ੍ਹ ਰਹੇ ਹਨ। ਇਹਨਾਂ ਵਿੱਚੋਂ ਵੇਲਾ’ (ਸੰਸਕ੍ਰਿਤ) ਸ਼ਬਦ ਤਾਂ ਬਹੁਤ ਹੀ ਪੁਰਾਣਾ ਹੈ ਜਿਸ ਦੀ ਵਰਤੋਂ ਪ੍ਰਾਚੀਨਤਮ ਧਾਰਮਿਕ ਗ੍ਰੰਥਾਂ ਵਿੱਚ ਵੀ ਕੀਤੀ ਮਿਲ਼ਦੀ ਹੈ। ਇਸ ਦਾ ਹਿੰਦੀ ਰੂਪ ਭਾਵੇਂ ‘ਬੇਲਾ’ ਹੈ ਪਰ ਸੰਸਕ੍ਰਿਤ ਵਿੱਚ ਇਹ ‘ਵੇਲਾ’ ਹੀ ਹੈ। ਇਸ ਪ੍ਰਕਾਰ ਇਹ ਤੇ ਸੰਸਕ੍ਰਿਤ ਭਾਸ਼ਾ ਦੇ ਅਨੇਕਾਂ ਹੋਰ ਸ਼ਬਦ ਹਿੰਦੀ ਨਾਲ਼ੋਂ ਪੰਜਾਬੀ ਦੇ ਵਧੇਰੇ ਨਜ਼ਦੀਕ ਹਨ।
ਜਿੱਥੋਂ ਤੱਕ ਵਿਦੇਸ਼ੀ ਬੋਲੀਆਂ ਦੀ ਗੱਲ ਹੈ, ਉਹਨਾਂ ਬਾਰੇ ਤਾਂ ਉਹਨਾਂ ਬੋਲੀਆਂ ਦੇ ਭਾਸ਼ਾ-ਮਾਹਰ/ ਵਿਦਵਾਨ ਹੀ ਦੱਸ ਸਕਦੇ ਹਨ ਕਿ ਉਹ ਕਿਵੇਂ ਬਣੀਆਂ ਹਨ; ਮੂਲ ਰੂਪ ਵਿੱਚ ਅਨਪੜ੍ਹ ਲੋਕਾਂ ਨੇ ਬਣਾਈਆਂ ਹਨ ਕਿ ਪੜ੍ਹੇ-ਲਿਖੇ ਜਾਂ ਵਿਦਵਾਨ ਲੋਕਾਂ ਨੇ ਤੇ ਉਹਨਾਂ ਦੀ ਰਚਣ-ਪ੍ਰਕਿਰਿਆ ਦਾ ਆਧਾਰ ਕੀ ਹੈ ਪਰ ਸਾਡੀਆਂ ਦੇਸੀ ਭਾਸ਼ਾਵਾਂ (ਪੰਜਾਬੀ / ਹਿੰਦੀ ਆਦਿ) ਬਾਰੇ ਜ਼ਰੂਰ ਇਹ ਗੱਲ ਦਾਅਵੇ ਨਾਲ਼ ਕਹੀ ਜਾ ਸਕਦੀ ਹੈ ਕਿ ਇਹਨਾਂ ਦੇ ਸ਼ਬਦ ਅਟੇ-ਸਟੇ ਨਾਲ਼ ਨਹੀਂ ਸਗੋਂ ਧੁਨੀਆਂ ਦੇ ਅਰਥਾਂ ਦੇ ਆਧਾਰ ‘ਤੇ ਹੀ ਬਣੇ ਹਨ।
ਉਪਰੋਕਤ ਉਦਾਹਰਨਾਂ ਵਿਚਲੇ ਸ਼ਬਦਾਂ ਦੀਆਂ ਧੁਨੀਆਂ ਆਪਣੇ ਅਰਥਾਂ ਦੀ ਕਸੌਟੀ ‘ਤੇ ਵੀ ਪੂਰੀ ਤਰ੍ਹਾਂ ਖਰੀਆਂ ਉੱਤਰਦੀਆਂ ਹਨ। ਜੇਕਰ ਇਹਨਾਂ ਸ਼ਬਦਾਂ ਦੇ ਅਰਥਾਂ ਅਨੁਸਾਰ ਦੇਖਿਆ ਜਾਵੇ ਤਾਂ ਕੀ ‘ਵੇਲਾ’ (ਸਮਾਂ) ਅੱਗੇ ਜਾਂ ਦੂਜੀ ਥਾਂ ਵੱਲ ਨਹੀਂ ਵਧਦਾ? ਕੀ ‘ਵਾਲ਼’ ਅੱਗੇ ਵੱਲ ਨਹੀਂ ਵਧਦੇ? ਕੀ ‘ਵੇਲ’ (ਤਿੰਨ ਅਰਥ) ਸ਼ਬਦ ਅੱਗੇ ਵੱਲ ਵਧਣ ਦਾ ਇਸ਼ਾਰਾ ਨਹੀਂ ਕਰ ਰਿਹਾ- ਜਾਂ ਕੀ ਵੱਲ (ਦੋ ਅਰਥ: ਢੰਗ; ਤਰਫ਼ /طرف, ਓਰ/ओर) ਸ਼ਬਦ ਅੱਗੇ ਵੱਲ ਜਾਣ ਦੀ ਪ੍ਰਕਿਰਿਆ ਸੰਬੰਧੀ ਜਾਣਕਾਰੀ ਨਹੀਂ ਦੇ ਰਿਹਾ?
ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਧੁਨੀਆਂ ਦੇ ਅਰਥਾਂ ਦਾ ਪਤਾ ਲਾਉਣਾ ਏਨਾ ਅੌਖਾ ਨਹੀਂ ਹੈ। ਰਤਾ ਨੀਝ ਨਾਲ਼ ਦੇਖਿਆ ਜਾਵੇ, ਇਹ ਤਾਂ ਆਪਣੇ ਅਰਥ ਆਪ ਦੱਸਦੀਆਂ ਪ੍ਰਤੀਤ ਹੁੰਦੀਆਂ ਹਨ। ਪਤਾ ਨਹੀਂ ਸਾਡੇ ਵਿਦਵਾਨਾਂ ਨੇ ਉਪਰੋਕਤ ਸਿੱਟੇ ਕਿਵੇਂ, ਕਿਸ ਪ੍ਰਕਾਰ ਅਤੇ ਕਿਹੜੇ ਅਧਿਐਨ ਰਾਹੀਂ ਕੱਢੇ ਹਨ ਜਿਨ੍ਹਾਂ ਅਨੁਸਾਰ ਧੁਨੀਆਂ ਦੇ ਕੋਈ ਅਰਥ ਨਹੀਂ ਹੁੰਦੇ ਅਤੇ ਸ਼ਬਦ-ਰਚਨਾ ਤਾਂ ਨਿਰੇ ਅਨਪੜ੍ਹ ਲੋਕਾਂ ਦੇ ਦਿਮਾਗ਼ ਦੀ ਕਾਢ ਹੈ।
ਉਪਰੋਕਤ ਸ਼ਬਦਾਂ ਦੀਆਂ ਕੁਝ ਉਦਾਹਰਨਾਂ ਤੋਂ ਜਿਵੇਂਕਿ ਉੱਪਰ ਦੱਸਿਆ ਗਿਆ ਹੈ; ਇੱਕ ਗੱਲ ਹੋਰ ਵੀ ਸਪਸ਼ਟ ਹੋ ਜਾਂਦੀ ਹੈ ਕਿ ਕਈ ਵਾਰ ਕੁਝ ਸਮਾਨ ਧੁਨੀਆਂ ਵਾਲ਼ੇ ਅਰਥਾਤ ਇੱਕ ਹੀ ਸ਼ਬਦ ਦੇ ਦੋ ਜਾਂ ਤਿੰਨ ਅਰਥ ਤੱਕ ਵੀ ਨਿਕਲ਼ ਆਉਂਦੇ ਹਨ। ਇਸ ਦਾ ਕਾਰਨ ਵੀ ਧੁਨੀਆਂ ਦੇ ਇੱਕ ਜਾਂ ਇੱਕ ਤੋਂ ਵੱਧ ਅਰਥ ਅਤੇ ਧੁਨੀਆਂ (ਅੱਖਰਾਂ, ਲਗਾਂ, ਲਗਾਖਰਾਂ) ਦੀਆਂ ਵੱਖ-ਵੱਖ ਕਲਾਵਾਂ ਹੀ ਹਨ। ਧੁਨੀਆਂ ਦੇ ਅਰਥਾਂ ਕਾਰਨ ਹੀ ਜਿਵੇਂ-ਜਿਵੇਂ ਸ਼ਬਦਾਂ ਵਿੱਚ ਧੁਨੀਆਂ ਬਦਲਦੀਆ ਹਨ, ਤਿਵੇਂ-ਤਿਵੇਂ ਉਹਨਾਂ ਦੇ ਅਰਥ ਵੀ ਬਦਲਦੇ ਜਾਂਦੇ ਹਨ। ਸ਼ਬਦਾਂ ਦੀ ਅਜਿਹੀ ਸਮਰੱਥਾ ਕੇਵਲ ਅਤੇ ਕੇਵਲ ਧੁਨੀਆਂ ਦੇ ਅਰਥਾਂ ਕਾਰਨ ਹੀ ਸੰਭਵ ਹੈ। ਇਸ ਤੋਂ ਬਿਨਾਂ ਇਸ ਦਾ ਹੋਰ ਕੋਈ ਵੀ ਕਾਰਨ ਨਹੀਂ ਹੈ।
ਇੱਕ ਉਦਾਹਰਨ: ਪੰਜਾਬੀ ਭਾਸ਼ਾ ਦੇ ਤਿੰਨ ਸਜਾਤੀ ਅਗੇਤਰ ਹਨ: ਪਰ, ਪਰਿ ਅਤੇ ਪ੍ਰ। ਇਹਨਾਂ ਅਗੇਤਰਾਂ ਦੀ ਉਦਾਹਰਨ ਰਾਹੀਂ ਅਸੀਂ ਦੇਖਦੇ ਹਾਂ ਕਿ ‘ਪ’ ਅਤੇ ‘ਰ’ ਅੱੱਖਰਾਂ ਦੀ ਸਾਂਝ ਦੇ ਬਾਵਜੂਦ ਧੁਨੀਆਂ ਦੀਆਂ ਕਲਾਵਾਂ ਕਿਵੇਂ ਇਹਨਾਂ ਦੇ ਅਰਥਾਂ ਵਿੱਚ ਅੰਤਰ ਪਾਉਣ ਦਾ ਸਬਬ ਬਣਦੀਆਂ ਹਨ। ਇਹਨਾਂ ਸਾਰੇ ਅਗੇਤਰਾਂ ਵਿੱਚ ‘ਪ’ ਧੁਨੀ ਦੇ ਅਰਥ ਜੋਕਿ ਪਿਛਲੇ ਲੇਖ ਵਿੱਚ ਵੀ ਦੱਸੇ ਗਏ ਸਨ: ਦੋ (ਇੱਕ ਤੋਂ ਵੱਧ), ਦੂਜਾ ਜਾਂ ਦੂਜੀ ਥਾਂ ਵਾਲ਼ੇ ਹੀ ਹਨ। ਇਹਨਾਂ ਅਰਥਾਂ ਅਨੁਸਾਰ ਪਹਿਲੇ ਅਗੇਤਰ ‘ਪਰ’ ਦੇ ਅਰਥ ਹਨ- ਦੂਜੀ ਥਾਂਵੇਂ ਗਿਆ ਹੋਇਆ ਅਰਥਾਤ ਪਰਾਇਆ ਜਾਂ ਗ਼ੈਰ ਆਦਿ, ਜਿਵੇਂ: ਪਰਦੇਸ (ਦੂਜਾ ਜਾਂ ਪਰਾਇਆ ਦੇਸ), ਪਰਉਪਕਾਰ (ਦੂਜੇ ਦਾ ਭਲਾ) ਆਦਿ।
ਦੂਜੇ ਅਗੇਤਰ ‘ਪਰਿ’ ਵਿੱਚ ‘ਰ’ ਨੂੰ ਸਿਹਾਰੀ ਪੈਣ ਕਾਰਨ ਇਸ ਦੇ ਅਰਥ ਬਦਲ ਗਏ ਹਨ- ਕਿਸੇ ਚੀਜ਼ ਦੇ ਆਲ਼ੇ-ਦੁਆਲ਼ੇ ਘੁੰਮਣਾ, ਜਿਵੇਂ: ਪਰਿਕਰਮਾ (ਆਪਣੇ ਇਸ਼ਟ ਦੇ ਅਾਲ਼ੇ-ਦੁਆਲ਼ੇ ਘੁੰਮਣਾ), ਪਰਿਸਥਿਤੀ (ਆਲ਼ੇ-ਦੁਆਲੇ ਦੇ ਹਾਲਾਤ) ਆਦਿ। ਤੀਜੇ ਅਗੇਤਰ ਵਿੱਚ ‘ਰ’ ਅੱਖਰ ਪੈਰ ਵਿੱਚ ਪੈਣ ਕਾਰਨ ਇਸ ਅਗੇਤਰ ਦੇ ਅਰਥ ਬਦਲ ਕੇ ‘ਦੂਰ-ਦੂਰ ਤੱਕ’ ਹੋ ਗਏ ਹਨ, ਜਿਵੇਂ : ਪ੍ਰਦੇਸ਼ (ਕਿਸੇ ਦੇਸ ਵਿਚਲਾ ਦੂਰ-ਦੂਰ ਤੱਕ ਦਾ ਇਲਾਕਾ), ਪ੍ਰਸਿੱਧ (ਕਿਸੇ ਚੀਜ਼ ਜਾਂ ਬੰਦੇ ਦੇ ਗੁਣਾਂ ਆਦਿ ਦਾ ਦੂਰ-ਦੂਰ ਤੱਕ ਸਾਬਤ ਹੋ ਜਾਣਾ) ਆਦਿ।
ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਉਪਰੋਕਤ ਤਿੰਨਾਂ ਹੀ ਅਗੇਤਰਾਂ ਦੇ ਅਰਥ ਭਾਵੇਂ ਸਿਫ਼ਤੀ ਤੌਰ ‘ਤੇ ਅਲੱਗ-ਅਲੱਗ ਹਨ ਪਰ ਇਹਨਾਂ ਵਿੱਚ ‘ਪ’ ਤੇ ‘ਰ’ ਦੀਆਂ ਧੁਨੀਆਂ ਮੌਜੂਦ ਹੋਣ ਕਾਰਨ “ਦੂਜੀ ਥਾਂ ‘ਤੇ ਚਲੇ ਜਾਣ ਦੇ ਅਰਥ” ਸਾਰੇ ਅਗੇਤਰਾਂ ਵਿੱਚ ਹੀ ਸਾਂਝੇ ਹਨ। ਧੁਨੀਆਂ ਦਾ ਅਜਿਹਾ ਅਸਚਰਜ ਵਰਤਾਰਾ ਅਤੇ ਸਮਰੱਥਾ ਦੇਖ ਕੇ ਕੌਣ ਕਹਿ ਸਕਦਾ ਹੈ ਕਿ ਧੁਨੀਆਂ ਦੇ ਕੋਈ ਅਰਥ ਨਹੀਂ ਹੁੰਦੇ ਅਤੇ ਸ਼ਬਦ ਨਿਰੇ ਅਨਪੜ੍ਹ ਲੋੋਕਾਂ ਨੇ ਕਿਸੇ ਵਿਸ਼ੇਸ਼ ਚਿੰਤਨ ਰਾਹੀਂ ਨਹੀਂ ਸਗੋਂ ਤੀਰ-ਤੁੱਕੇ ਨਾਲ਼ ਹੀ ਬਣਾਏ ਹਨ।
ਉਪਰੋਕਤ ਉਦਾਹਰਨ ਰਾਹੀਂ ਇਹ ਗੱਲ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦੀ ਹੈ ਕਿ ਸਾਡੀ ਦੇਸੀ ਸ਼ਬਦਾਵਲੀ (ਹਿੰਦੀ / ਪੰਜਾਬੀ ਆਦਿ) ਦੇ ਲਗ-ਪਗ ਸਾਰੇ ਹੀ ਸ਼ਬਦਾਂ ਵਿੱਚ ਕੇਵਲ ਧੁਨੀਆਂ ਅਤੇ ਉੁਹਨਾਂ ਦੇ ਅਰਥਾਂ ਦਾ ਵਰਤਾਰਾ ਹੀ ਪ੍ਰਮੁੱਖ ਹੈ ਜੋਕਿ ਸ਼ਬਦ-ਸਿਰਜਣਾ ਦੇ ਪ੍ਰਕਾਰਜ ਵਿੱਚ ਕਿਸੇ ਸ਼ਬਦ ਨੂੰ ਮਨ-ਇੱਛਤ ਅਰਥ ਦੇਣ ਲਈ ਆਪਣਾ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਜਿਵੇਂ ਕਿਸੇ ਇਮਾਰਤ ਦੀ ਉਸਾਰੀ ਲਈ ਸੀਮਿੰਟ, ਰੇਤਾ, ਪਾਣੀ, ਬਜਰੀ, ਸਰੀਆ ਆਦਿ ਬੇਹੱਦ ਲੁੜੀਂਦੇ ਹਨ, ਤਿਵੇਂ ਹੀ ਸ਼ਬਦ-ਰਚਨਾ ਲਈ ਇਹਨਾਂ ਅਰਥ-ਯੁਕਤ ਧੁਨੀਆਂ (ਅੱਖਰਾਂ, ਲਗਾਂ, ਲਗਾਖਰਾਂ) ਤੋਂ ਬਿਨਾਂ ਵੀ ਗੁਜ਼ਾਰਾ ਨਹੀਂ ਹੈ। ਸੋ, ਸਪਸ਼ਟ ਹੈ ਕਿ ਕੇਵਲ ਧੁਨੀਆਂ ਅਤੇ ਉਹਨਾਂ ਦੇ ਅਰਥਾਂ ਦੇ ਸਮਾਵੇਸ਼ ਨੂੰ ਹੀ ਕਿਸੇ ਸ਼ਬਦ ਦੇ ਸਾਰਥਕ ਹੋਣ ਦਾ ਸਬਬ ਮੰਨਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਤੀਰ-ਤੁੱਕੇ ਜਾਂ ਅਟੇ-ਸਟੇ ਵਾਲ਼ੀ ਗੱਲ ਪੂਰੀ ਤਰ੍ਹਾਂ ਗ਼ਲਤ, ਹਾਸੋਹੀਣੀ ਅਤੇ ਮਨ-ਘੜਤ ਹੈ।
ਆਮ ਤੌਰ ‘ਤੇ ਦੇਖਣ ਵਿੱਚ ਆਇਆ ਹੈ ਕਿ ਜਦੋਂ ਕੋਈ ਸ਼ਬਦ ਇੱਕ ਭਾਸ਼ਾ (ਸਾਡੀਆਂ ਦੇਸੀ ਭਾਸ਼ਾਵਾਂ) ਤੋਂ ਦੂਜੀਆਂ ਭਾਸ਼ਾਵਾਂ ਦੇ ਤਦਭਵ ਰੂਪ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਵੀ ਕਿਸੇ ਹੱਦ ਤੱਕ ਉਸ ਸ਼ਬਦ ਵਿਚਲੀਆਂ ਧੁਨੀਆਂ ਵੀ ਮੂਲ ਭਾਸ਼ਾ ਵਾਲ਼ੇ ਅਰਥਾਂ ਦੀ ਪ੍ਰਤਿਨਿਧਤਾ ਕਰਦੀਆਂ ਸਾਫ਼ ਦਿਖਾਈ ਦਿੰਦੀਆਂ ਹਨ। ਮਿਸਾਲ ਦੇ ਤੌਰ ‘ਤੇ ਕੂਪ (ਸੰਸਕ੍ਰਿਤ), ਕੂੰਆਂ (ਹਿੰਦੀ) ਅਤੇ ਖੂਹ (ਪੰਜਾਬੀ); ਇਹਨਾਂ ਸਾਰੇ ਸ਼ਬਦਾਂ ਵਿੱਚ ਮੁੱਖ ਅਰਥ ਦੇਣ ਵਾਲ਼ੀਆਂ ਧੁਨੀਆਂ : ‘ਕ’ ਅਤੇ ‘ਖ’ ਦੇ ਸ੍ਰੋਤ ਅਤੇ ਅਰਥ ਲਗ-ਪਗ ਇੱਕਸਮਾਨ (ਵੇਰਵਾ ਕਿਸੇ ਵੱਖਰੇ ਲੇਖ ਵਿੱਚ) ਹਨ।ਅਜਿਹਾ ਕੇਵਲ ਧੁਨੀਆਂ ਦੇ ਅਰਥ ਹੋਣ ਕਾਰਨ ਹੀ ਸੰਭਵ ਹੈ।
ਇਸੇ ਤਰ੍ਹਾਂ ਹਿੰਦੀ/ਸੰਂਸਕ੍ਰਿਤ ਭਾਸ਼ਾਵਾਂ ਦੇ ਸ਼ਬਦ ‘ਹਰਸ਼’ ਦਾ ਪੰਜਾਬੀ ਵਿੱਚ ਆ ਕੇ ‘ਹਰਖ’ ਵਿੱਚ ਬਦਲਣ ਦਾ ਕਾਰਨ ਵੀ ਇਹੋ ਹੀ ਹੈ।ਇਸ ਤੋਂ ਇਲਾਵਾ ਇਸ ਸ਼ਬਦ ਦੇ ਦੋ ਅਰਥਾਂ (ਖ਼ੁਸ਼ੀ ਅਤੇ ਸੋਗ/ਗ਼ੁੱਸਾ) ਦੀ ਗਾਥਾ ਵੀ ਇਸ ਵਿਚਲੀਆਂ ਧੁਨੀਆਂ ਹੀ ਬਿਆਨ ਕਰ ਰਹੀਆਂ ਹਨ। ਸੋ, ਧੁਨੀਆਂ ਦੀ ਮਹਿਮਾ ਅਪਰੰਪਾਰ ਹੈ। ਧੁਨੀਆਂ ਦੇ ਅਰਥ ਅੱਜ ‘ਹਰਖ’ ਅਤੇ ‘ਨਿਰਮਾਣ’ ਵਰਗੇ ਅਨੇਕਾਂ ਦੋ ਅਰਥਾਂ ਵਾਲ਼ੇ ਅਤੇ ਰੰਗੀ/ਨਾਰੰਗੀ ਅਤੇ ਦੁੱਧ /ਖੋਆ ਵਰਗੇ ਅਨੇਕਾਂ ਹੋਰ ਸ਼ਬਦਾਂ ਦੀਆਂ ਗੁੱਥੀਆਂ ਸੁਲ਼ਝਾਉਂਦੇ ਵੀ ਪ੍ਰਤੀਤ ਹੋ ਰਹੇ ਹਨ।
ਸਾਡੀਆਂ ਦੇਸੀ ਭਾਸ਼ਾਵਾਂ: ਹਿੰਦੀ/ਪੰਜਾਬੀ ਆਦਿ ਵਿੱਚ ਧੁਨੀਆਂ ਦੇ ਅਰਥਾਂ ਤੋਂ ਬਿਨਾਂ ਤਾਂ ਸ਼ਬਦਾਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਵੱਖ-ਵੱਖ ਸ਼ਬਦਾਂ ਦੇ ਸ਼ਬਦ-ਰੂਪਾਂ ਨੂੰ ਘੋਖਦਿਆਂ ਇਹ ਗੱਲ ਸਹਿਜੇ ਹੀ ਸਮਝੀ ਜਾ ਸਕਦੀ ਹੈ ਕਿ ਸ਼ਬਦ ਘੜਨ ਵਾਲ਼ਿਆਂ ਨੇ ਸ਼ਬਦ ਦੇ ਅਰਥਾਂ ਨੂੰ ਮੱਦੇ-ਨਜ਼ਰ ਰੱਖਦਿਆਂ ਸੰਬੰਧਿਤ ਸ਼ਬਦਾਂ ਵਿੱਚ ਕੇਵਲ ਉਹਨਾਂ ਧੁਨੀਆਂ ਦਾ ਹੀ ਇਸਤੇਮਾਲ ਕੀਤਾ ਹੈ ਜਿਹੜੀਆਂ ਕਿ ਸ਼ਬਦ ਦੇ ਮਨ-ਇੱਛਤ ਅਰਥ ਦੇ ਸਕਣ। ਕਿਧਰੇ ਵੀ ਨਾ ਤਾਂ ਕੋਈ ਧੁਨੀ ਕਿਸੇ ਸ਼ਬਦ ਦੇ ਲੁੜੀਂਦੇ ਅਰਥ ਪ੍ਰਦਾਨ ਕਰਨ ਦੀ ਸਮਰੱਥਾ ਤੋਂ ਵੱਧ ਹੈ ਤੇ ਨਾ ਹੀ ਘੱਟ। ਕੀ ਇਸ ਸਾਰੀ ਗੁੰਝਲ਼ਦਾਰ ਪ੍ਰਕਿਰਿਆ ਨੂੰ ਆਮ ਜਾਂ ਘੱਟ ਸੂਝ ਵਾਲ਼ਾ ਕੋਈ ਸਧਾਰਨ ਜਾਂ ਅਨਪੜ੍ਹ ਵਿਅਕਤੀ ਅੰਜਾਮ ਦੇ ਸਕਦਾ ਹੈ?
ਦਰਅਸਲ ਸ਼ਬਦ-ਵਿਉਤਪਤੀ ਸੰਬੰਧੀ ਅਵਿਗਿਆਨਿਕ /ਗ਼ੈਰ ਭਾਸ਼ਾ-ਵਿਗਿਆਨਿਕ ਕਿਸਮ ਦੀ ਸੋਚ ਦਾ ਕਾਰਨ ਇਹ ਹੈ ਕਿ ਧੁਨੀਆਂ ਦੇ ਅਰਥਾਂ ਬਾਰੇ ਅੱਜ ਤੱਕ ਨਿੱਠ ਕੇ ਕਦੇ ਕੋਈ ਖੋਜ ਹੀ ਨਹੀਂ ਕੀਤੀ ਗਈ। ਅਸੀਂ ਲਕੀਰ ਦੇ ਫ਼ਕੀਰ ਬਣ ਕੇ ਪੀੜ੍ਹੀ ਦਰ ਪੀੜ੍ਹੀ ਪੁਰਾਤਨ ਮਾਨਤਾਵਾਂ ਦੀ ਮਿਥ ਨੂੰ ਸੱਚ ਮੰਨ ਕੇ ਇਸ ਵਿਚਾਰਧਾਰਾ ਅੱਗੇ ਸਦੀਆਂ ਤੋਂ ਬਿਨਾਂ ਸੋਚੇ-ਸਮਝੇ ਤੇ ਬਿਨਾਂ ਕਿਸੇ ਤਰਕ ਦੇ ਸਿਰ ਝੁਕਾਉਂਦੇ ਚੱਲੇ ਆ ਰਹੇ ਹਾਂ। ਏਨਾ ਹੀ ਨਹੀਂ ਸਗੋਂ ਸਾਡੇ ਵਿਦਵਾਨ ਤਾਂ ਇਸ ਮਿਥ ਨੂੰ ਤੋੜਨ ਦੀ ਬਜਾਏ ਅਤੇ ਇਸ ਸੰਬੰਧ ਵਿੱਚ ਆਪ ਕੁਝ ਕਰਨ ਦੀ ਬਜਾਏ, ਦੂਜਿਆਂ ਨੂੰ ਵੀ ਇਸ ਕੰਮੋਂ ਇਹ ਕਹਿ ਕੇ ਵਰਜਦੇ/ਨਿਰਉਤਸ਼ਾਹਿਤ ਕਰਦੇ ਨਜ਼ਰ ਆ ਰਹੇ ਹਨ ਕਿ ਸ਼ਬਦ ਤਾਂ ਨਿਰੇ ਅਨਪੜ੍ਹ ਲੋਕਾਂ ਨੇ ਬਣਾਏ ਹਨ। ਅਜਿਹਾ ਕਹਿਣ ਵਾਲ਼ਿਆਂ ਨੂੰ ਇਹ ਗੱਲ ਵੀ ਦੱਸਣੀ ਬਣਦੀ ਹੈ ਕਿ ਅਜਿਹਾ ਉਹ ਕਿਹੜੀ ਖੋਜ ਦੇ ਆਧਾਰ ‘ਤੇ ਕਹਿ ਰਹੇ ਹਨ? ਉਹ ਅਜਿਹੀਆਂ ਗੱਲਾਂ ਦਾ ਕੂੜ-ਪ੍ਰਚਾਰ ਕੇਵਲ ਸੁਣੀਆਂ-ਸੁਣਾਈਆਂ ਜਾਂ ਮਨੋ-ਕਲਪਿਤ ਮਿਥਾਂ ਦੇ ਆਧਾਰ ਉੱਤੇ ਕਿਉਂ ਕਰਦੇ ਆ ਰਹੇ ਹਨ ਜਦੋਂਕਿ ਇਸ ਸੰਬੰਧ ਵਿੱਚ ਉਹਨਾਂ ਦਾ ਕੋਈ ਨਿੱਜੀ ਤਜਰਬਾ ਜਾਂ ਅਧਿਐਨ ਹੀ ਨਹੀਂ ਹੈ।
ਜਿਹੜੇ ਲੋਕ ਉਪਰੋਕਤ ਮੱਤ / ਵਿਚਾਰਧਾਰਾ ਦੇ ਧਾਰਨੀ ਹਨ, ਉਹਨਾਂ ਨੂੰ ਸ਼ਬਦ-ਵਿਉਤਪਤੀ ਸੰਬੰਧੀ ਹੇਠ ਲਿਖੇ ਤੱਥਾਂ ਨੂੰ ਜ਼ਰੂਰ ਵਾਚਣਾ ਚਾਹੀਦਾ ਹੈ : ਬੇਸ਼ੱਕ ਪੰਜਾਬੀ ਵਿੱਚ ਬਹੁਤ ਸਾਰੇ ਸ਼ਬਦ ਅਗੇਤਰਾਂ ਦੀ ਸਹਾਇਤਾ ਨਾਲ਼ ਵੀ ਬਣੇ ਹਨ ਪਰ ਇਹਨਾਂ ਅਗੇਤਰਾਂ ਵਿੱਚੋਂ ਵੀ ਕੁਝ ਅਗੇਤਰ ਅਜਿਹੇ ਹਨ ਜੋਕਿ ਕੇਵਲ ਇੱਕ-ਅੱਖਰੀ ਹੀ ਹਨ। ਕੀ ਇਹਨਾਂ ਇੱਕ-ਅੱਖਰੀ ਅਗੇਤਰਾਂ (ਅ,ਸ,ਕ,ਨ ਆਦਿ) ਦੇ ਕੋਈ ਅਰਥ ਨਹੀਂ ਹਨ? -ਜਦਕਿ ਵਿਆਕਰਨਿਕ ਨਿਯਮਾਂ ਅਨੁਸਾਰ ਹਰ ਅਗੇਤਰ ਅਤੇ ਮੂਲ ਸ਼ਬਦ ਦਾ ਕੋਈ ਨਾ ਕੋਈ ਅਰਥ ਹੁੰਦਾ ਹੈ ਜਿਸ ਦੇ ਕਾਰਨ ਕੋਈ ਅਗੇਤਰ ਕਿਸੇ ਮੂਲ ਸ਼ਬਦ ਦੇ ਅੱਗੇ ਲੱਗ ਕੇ ਕਿਸੇ ਨਵੇਂ ਸ਼ਬਦ ਦੀ ਸਿਰਜਣਾ ਕਰਦਾ ਹੈ। ਸੋ, ਜੇਕਰ ਇਹਨਾਂ ਇੱਕ-ਅੱਖਰੀ ਅਗੇਤਰਾਂ (ਅੱਖਰਾਂ) ਦੇ ਕੋਈ ਅਰਥ ਹਨ ਤਾਂ ਉਹ ਕਿਵੇਂ ਕਹਿ ਸਕਦੇ ਹਨ ਕਿ ਬਾਕੀ ਧੁਨੀਆਂ, ਜਿਵੇਂ: ਤ, ਪ, ਜ, ਲ, ਮ, ਖ, ਦ, ਚ, ਬ, ਭ ਆਦਿ ਦੇ ਕੋਈ ਅਰਥ ਹੀ ਨਹੀਂ ਹਨ।
ਹੇਠਾਂ ਕੁਝ ਇੱਕ-ਅੱਖਰੀ ਅਗੇਤਰਾਂ ਅਤੇ ਉਹਨਾਂ ਤੋਂ ਬਣਨ ਵਾਲ਼ੇ ਕੁਝ ਸ਼ਬਦਾਂ ਦੀਆਂ ਉਦਾਹਰਨਾਂ ਪੇਸ਼ ਹਨ:
1.ਅ:- ਇਸ ਅਗੇਤਰ ਦੇ ਅਰਥ ਹਨ: ਬਿਨਾਂ, ਹੀਣ, ਨਾਂਹਵਾਚਕ; ਜਿਵੇਂ ਅਸਹਿ, ਅਕਹਿ, ਅਸੰਭਵ, ਅਸਮਰਥ, ਅਹਿੰਸਾ, ਅਕਾਰਨ, ਅਸਧਾਰਨ, ਅਰੋਗ ਆਦਿ
2.ਸ:- ‘ਸ’ ਮੁਕਤਾ ਦੀ ਧੁਨੀ ਵਾਲ਼ੇ ਅਗੇਤਰ ਨਾਲ਼ ਬਣਨ ਵਾਲ਼ੇ ਸ਼ਬਦ ਹਨ- ਸਚਿੱਤਰ, ਸਪੁੱਤਰ, ਸਜੀਵ, ਸਫਲ,ਸਲੂਣਾ, ਸ਼ਸ਼ੋਭਿਤ ਆਦਿ। ਇਸ ਅਗੇਤਰ ਦੇ ਅਰਥ ਹਨ- ਸਾਥ, ਚੰਗਾ, ਸਮੇਤ ਆਦਿ।
3.ਕ:- ‘ਕ’ ਧੁਨੀ/ਅਗੇਤਰ ਨਾਲ਼ ਬਣਨ ਵਾਲ਼ੇ ਸ਼ਬਦ ਹਨ- ਕਪੂਤ, ਕਸੂਤਾ, ਕਪੁੱਤਰ ਆਦਿ। ਇਸ ਅਗੇਤਰ ਦਾ ਅਰਥ ਹੈ- ਬੁਰਾ, ਭੈੜਾ ਆਦਿ
4. ਨ: ‘ਨ’ ਅਗੇਤਰ ਦਾ ਅਰਥ ਹੈ- ਬਿਨਾਂ, ਨਾਂਹਵਾਚਕ ਆਦਿ; ਜਿਵੇਂ: ਨਕਾਰਾ, ਨਹੱਕਾ, ਨਖੱਟੂ, ਨਤਾਕਤਾ ਆਦਿ।
ਇਸੇ ਤਰ੍ਹਾਂ ਕਿਸੇ ਅੱਖਰ ਨਾਲ਼ ਲੱਗੀ ਇੱਕ-ਅੱਧ ਲਗ-ਮਾਤਰਾ ਵਾਲ਼ੇ ਕੁਝ ਹੋਰ ਅਗੇਤਰ ਵੀ ਹਨ ਜਿਨ੍ਹਾਂ ਦੇ ਉਹਨਾਂ ਵਿਚਲੀਆਂ ਧੁਨੀਆਂ ਅਨੁਸਾਰ ਵੱਖੋ-ਵੱਖਰੇ ਅਰਥ ਹਨ: ਅੌ/ਅਵ (ਅੌਗਣ), ਸੁ (ਸੁਚੱਜਾ, ਸੁਭਾਗ), ਸੰ (ਸੰਯੋਗ, ਸੰਗਠਨ), ਕੁ (ਕੁਸੰਗ, ਕੁਚੱਜ), ਚੁ (ਚੁਗਿਰਦਾ, ਚੁਪਾਇਆ), ਚੌ (ਚੌਮੁਖੀ, ਚੌਰਸ), ਦੁ (ਦੁਬਾਰਾ, ਦੁਆਬਾ), ਨਾ (ਨਾਜਾਇਜ਼, ਨਾਚੀਜ਼), ਵਿ=ਦੋ ਅਰਥ: ਖ਼ਾਸ, ਬਹੁਤ (ਵਿਨਾਸ, ਵਿਗਿਆਨ) ਅਤੇ ਵਿ=ਬਿਨਾਂ (ਵਿਅਰਥ, ਵਿਜੋਗ) ਆਦਿ।
ਸੋ ਉਪਰੋਕਤ ਨਿੱਕੇ-ਮੋਟੇ ਅਗੇਤਰਾਂ ਦੇ ਆਪੋ-ਆਪਣੇ ਅਰਥਾਂ ਨੂੰ ਦੇਖਦਿਆਂ ਹੋਇਆਂ ਇਹ ਗੱਲ ਯਕੀਨੀ ਤੌਰ ‘ਤੇ ਆਖੀ ਜਾ ਸਕਦੀ ਹੈ ਕਿ ਹਰ ਧੁਨੀ ਦਾ ਕੋਈ ਨਾ ਕੋਈ ਅਰਥ ਹੁੰਦਾ ਹੈ। ਇਹ ਗੱਲ ਵੱਖਰੀ ਹੈ ਕਿ ਅਸੀਂ ਇਹਨਾਂ ਦੀ ਸ਼ਬਦ ਸਿਰਜਣ ਦੀ ਇਸ ਵਿਲੱਖਣ ਸਮਰੱਥਾ ਨੂੰ ਕਿਸੇ ਕਾਰਨ ਅੱਜ ਤੱਕ ਪਛਾਣਨ ਵਿੱਚ ਸਫਲ ਨਹੀਂ ਹੋ ਸਕੇ। ਉਪਰੋਕਤ ਕਿਸਮ ਦੇ ਲੋਕਾਂ ਨੇ ਹਾਲਾਤ ਇਹੋ-ਜਿਹੇ ਬਣਾ ਦਿੱਤੇ ਹਨ ਕਿ ਧੁਨੀਆਂ ਦੇ ਅਰਥਾਂ ਦੀ ਗੱਲ ਨੂੰ ਤਾਂ ਅੱਜ ਕੋਈ ਚਿਮਟੀ ਨਾਲ਼ ਚੁੱਕ ਕੇ ਪਰੇ ਰੱਖਣ ਲਈ ਵੀ ਤਿਆਰ ਨਹੀਂ; ਇਸ ਵਿਸ਼ੇ ‘ਤੇ ਖੋਜ ਕਰਨੀ ਤਾਂ ਬਹੁਤ ਦੂਰ ਦੀ ਗੱਲ ਹੈ।
ਇਸ ਤੋਂ ਬਿਨਾਂ ਧੁਨੀਆਂ ਦੇ ਅਰਥਾਂ ਦਾ ਅਧਿਐਨ ਕਰਦਿਆਂ ਮੈਨੂੰ ਤਾਂ ਅੱਜ ਤੱਕ ਇੱਕ ਵੀ ਸ਼ਬਦ ਅਜਿਹਾ ਨਹੀਂ ਮਿਲ਼ਿਆ ਜਿਸ ਤੋਂ ਇਹ ਪਤਾ ਲੱਗਦਾ ਹੋਵੇ ਕਿ ਕਿਸੇ ਭੰਨ-ਤੋੜ ਆਦਿ ਕਰਨ ਦੇ ਅਰਥਾਂ ਵਾਲ਼ੇ ਸ਼ਬਦ ਵਿੱਚ ਉਸਾਰੀ ਜਾਂ ਨਿਰਮਾਣਕਾਰੀ ਦੇ ਅਰਥਾਂ ਵਾਲੀਆਂ ਜਾਂ ਨਿਰਮਾਣਕਾਰੀ ਦੇ ਅਰਥਾਂ ਵਾਲ਼ੇ ਸ਼ਬਦਾਂ ਵਿੱਚ ਭੰਨ-ਤੋੜ ਆਦਿ ਕਰਨ ਨਾਲ਼ ਸੰਬੰਧਿਤ ਅਰਥਾਂ ਵਾਲ਼ੀਆਂ ਧੁਨੀਆਂ ਵਰਤੀਆਂ ਗਈਆਂ ਹੋਣ ਜਾਂ ਇਸ ਪ੍ਰਕਾਰ ਕਿਧਰੇ ਹੋਰ ਆਪਾ-ਵਿਰੋਧੀ ਧੁਨੀਆਂ ਵਰਤੀਆਂ ਗਈਆਂ ਹੋਣ। ਹਾਂ, ਧੁਨੀਆਂ ਦੀਆਂ ਕਲਾਵਾਂ ਕਾਰਨ ਕਦੇ-ਕਦਾਈਂ ਸ਼ਬਦਾਂ ਦੇ ਅਰਥਾਂ ਵਿੱਚ ਥੋੜ੍ਹਾ ਉਲਟ-ਫੇਰ ਜ਼ਰੂਰ ਹੋ ਸਕਦਾ ਹੈ।
ਹਰ ਸ਼ਬਦ ਵਿੱਚ ਹਰ ਧੁਨੀ ਦੇ ਅਰਥ ਮੁੱਢ ਕਦੀਮ ਤੋਂ ਹੀ ਨਿਸ਼ਚਿਤ ਹਨ ਅਤੇ ਇਹਨਾਂ ਵਿੱਚ ਕਿਸੇ ਵੀ ਕਿਸਮ ਦੇ ਬਦਲਾਅ ਦੀ ਕੋਈ ਵੀ ਸੰਭਾਵਨਾ ਨਹੀਂ ਹੈ। ਮੇਰੀ ਜਾਚੇ ਇਸ ਸੰਬੰਧ ਵਿੱਚ ਇੱਥੇ ‘ਵਿਸਤਾਰ’ ਸ਼ਬਦ ਦੀ ਇੱਕ ਉਦਾਹਰਨ ਦੇਣੀ ਕੁਥਾਂ ਨਹੀਂ ਹੋਵੇਗੀ। ਮੂਲ ਰੂਪ ਵਿੱਚ ਇਹ ਸ਼ਬਦ ‘ਤ+ਰ’ ਦੀਆਂ ਧੁਨੀਆਂ ਤੋਂ ਬਣਿਆ ਹੋਇਆ ਹੈ ਜਿਸ ਕਾਰਨ ਇਸ ਨੂੰ ‘ਤ’ ਅੱਖਰ ਨਾਲ਼ ਲਿਖਣਾ ਹੀ ਜਾਇਜ਼ ਹੈ (ਵਿਸਤ੍ਰਿਤ ਵੇਰਵਾ ਕਦੇ ਫਿਰ)) ਪਰ ਅੱਜ ਇਸ ਨੂੰ ਧੱਕੇ ਨਾਲ਼ ਹੀ ਕਈਆਂ ਨੇ ‘ਵਿਸਥਾਰ’ ਲਿਖਣਾ ਸ਼ੁਰੂ ਕਰ ਦਿੱਤਾ ਹੈ।
ਇਸ ਦਾ ਵਿਸ਼ੇਸ਼ਣੀ ਰੂਪ ਵੀ ‘ਤ’ ਅੱਖਰ ਨਾਲ਼ ਅਰਥਾਤ ‘ਵਿਸਤ੍ਰਿਤ’ ਹੀ ਹੈ ਪਰ ਅਜਿਹੇ ਲੋਕਾਂ ਨੇ ਗ਼ਲਤੀ ਦਰ ਗ਼ਲਤੀ ਕਰਦਿਆਂ ‘ਵਿਸਤ੍ਰਿਤ’ ਨੂੰ ਵੀ ‘ਵਿਸਥਾਰਤ’ ਦਾ ਰੂਪ ਦੇ ਦਿੱਤਾ ਹੈ ਜਦਕਿ ਪੰਜਾਬੀ ਵਿੱਚ ਇਸ ਨਾਂ ਦਾ ਕੋਈ ਸ਼ਬਦ ਹੀ ਨਹੀਂ ਹੈ। ‘ਵਿਸਤ੍ਰਿਤ’ ਇੱਕ ‘ਭੂਤ-ਕ੍ਰਿਦੰਤ’ ਸ਼ਬਦ ਹੈ ਜਿਸ ਦੇ ਅੰਤਿਮ ਅੱਖਰ ‘ਤ’ ਤੋਂ ਪਹਿਲੇ ਅੱਖਰ ਨਾਲ਼ ਸਿਹਾਰੀ ਪਾਉਣ ਦਾ ਨਿਯਮ ਹੈ, ਜਿਵੇਂ : ਸੰਪਾਦਿਤ, ਸੰਗਠਿਤ, ਪ੍ਰਬੰਧਿਤ, ਸੰਬੰਧਿਤ ਆਦਿ ਪਰ ਇੱਥੇ ਆਪਹੁਦਰੀਆਂ ਕਰ ਕੇ ਇਸ ਨਿਯਮ ਦੀਆਂ ਵੀ ਧੱਜੀਆਂ ਉਡਾ ਕੇ ਰੱਖ ਦਿਤੀਆਂ ਗਈਆਂ ਹਨ। ਇਹ ਗੱਲ ਤਾਂ ਬਿਲਕੁਲ ਉਵੇਂ ਹੈ, ਜਿਵੇਂ ਕੱਲ੍ਹ ਨੂੰ ਅਸੀਂ ‘ਇਸਤਰੀ’ ਸ਼ਬਦ ਨੂੰ ‘ਇਸਥਰੀ’ ਲਿਖਣਾ ਸ਼ੁਰੂ ਕਰ ਦੇਈਏ ਕਿਉਂਕਿ ਇਹਨਾਂ ਦੋਂਹਾਂ ਸ਼ਬਦਾਂ ਦੀ ਜਨਮਦਾਤੀ ਉੱਪਰ ਲਿਖੀ ਇੱਕ ਹੀ ਧੁਨੀ/ਧੁਨੀਆਂ ਹਨ। ਸਾਨੂੰ ਅਜਿਹੀਆਂ ਕੁਤਾਹੀਆਂ ਅਤੇ ਆਪਹੁਦਰੀਆਂ ਤੋਂ ਬਚਣ ਦੀ ਲੋੜ ਹੈ।
ਸੋ, ਉਪਰੋਕਤ ਵਿਚਾਰਾਂ ਦੇ ਮੱਦੇ-ਨਜ਼ਰ ਧੁਨੀਆਂ ਦੇ ਅਰਥਾਂ ਸੰਬੰਧੀ ਇਹ ਗੱਲ ਅਸੀਂ ਦਾਅਵੇ ਨਾਲ਼ ਕਹਿ ਸਕਦੇ ਹਾਂ ਕਿ ਜਿਵੇਂ ਸੰਗੀਤ ਦੀਆਂ ਸੱਤ ਸੁਰਾਂ ਨਾਲ਼ ਲੱਖਾਂ-ਕਰੋੜਾਂ ਤਰਜ਼ਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ, ਠੀਕ ਇਸੇ ਤਰ੍ਹਾਂ ਧੁਨੀਆਂ ਦੇ ਅਰਥਾਂ ਦੀ ਮਦਦ ਨਾਲ਼ ਹੁਣ ਤੱਕ ਹਜ਼ਾਰਾਂ ਸ਼ਬਦ ਬਣਾਏ ਗਏ ਹਨ ਅਤੇ ਹਜ਼ਾਰਾਂ ਹੋਰ ਵੀ ਬਣਾਏ ਜਾ ਸਕਦੇ ਹਨ, ਬਸ਼ਰਤੇ ਕਿ ਸਾਨੂੰ ਧੁਨੀਆਂ ਨੂੰ ਬੀੜਨ ਦੀ ਉਹ ਜਾਚ ਆਉਂਦੀ ਹੋਵੇ ਜਿਹੜੀ ਕਿ ਅੱਜ ਤੋਂ ਹਜ਼ਾਰਾਂ ਵਰ੍ਹੇ ਪਹਿਲਾਂ ਸਾਡੇ ਪੁਰਖਿਆਂ ਕੋਲ਼ ਮੌਜੂਦ ਸੀ।
ਧੁਨੀਆਂ ਦੇ ਅਰਥਾਂ ਨੂੰ ਤਿਆਗ ਕੇ ਮਨੁੱਖ ਤੋਂ ਬਹੁਤ ਵੱਡੀ ਭੁੱਲ ਹੋਈ ਹੈ। ਪਤਾ ਨਹੀਂ ਸਮੇਂ ਦੇ ਕਿਹੜੇ ਪੜਾਅ ‘ਤੇ ਅਸੀਂ ਸ਼ਬਦ-ਰਚਨਾ ਦੇ ਇਸ ਬੇਸ਼ਕੀਮਤੀ ਸਰਮਾਏ ਨੂੰ ਆਪਣੇ ਹੱਥੋਂ ਸਦਾ-ਸਦਾ ਲਈ ਗੁਆ ਬੈਠੇ ਹਾਂ। ਇਹਨਾਂ ਦੀ ਅਣਹੋਂਦ ਕਾਰਨ ਨਵੇਂ ਸ਼ਬਦ ਤਾਂ ਅਸੀਂ ਕੀ ਬਣਾਉਣੇ ਸਨ, ਸਾਡੇ ਲਈ ਤਾਂ ਪਹਿਲਾਂ ਤੋਂ ਬਣੇ ਸ਼ਬਦਾਂ ਨੂੰ ‘ਡੀਕੋਡ’ ਕਰਨਾ (ਵਿਸ਼ਲੇਸ਼ਣ ਕਰਕੇ ਉਹਨਾਂ ਦੀ ਬਣਤਰ/ਬੁਣਤਰ ਅਤੇ ਅਰਥਾਂ ਨੂੰ ਸਮਝਣਾ) ਹੀ ਇੱਕ ਬੁਝਾਰਤ ਬਣਿਆ ਹੋਇਆ ਹੈ। ਅਜੇ ਏਨਾ ਸ਼ੁਕਰ ਹੈ ਕਿ ਸ਼ਬਦ-ਕੋਸ਼ਾਂ ਵਿੱਚ ਧੁਨੀਆਂ ਦੇ ਅਰਥਾਂ ਅਤੇ ਉਹਨਾਂ ਦੀਆਂ ਵੱਖ-ਵੱਖ ਕਲਾਵਾਂ ਕਾਰਨ ਹੋਂਦ ਵਿੱਚ ਆਏ ਸ਼ਬਦਾਂ ਦੇ ਸਾਰੇ ਸੰਭਾਵਿਤ ਅਰਥਾਂ ਦਾ ਕੀਮਤੀ ਸਰਮਾਇਆ ਸਾਡੇ ਕੋਲ਼ ਮੂਲ ਰੂਪ ਵਿੱਚ ਉਸੇ ਤਰ੍ਹਾਂ ਸੁਰੱਖਿਅਤ ਸਾਂਭਿਆ ਪਿਆ ਹੈ।
ਅੱਜ ਤੱਕ ਅਨੇਕਾਂ ਵਿਦਵਾਨਾਂ ਨੇ ਆਪੋ-ਆਪਣੀ ਸਮਰੱਥਾ ਅਨੁਸਾਰ ਸ਼ਬਦਾਂ ਦੇ ਰਹੱਸ ਨੂੰ ਜਾਣਨ ਦੀ ਕੋਸ਼ਸ਼ ਕੀਤੀ ਹੈ ਅਤੇ ਹਰ ਵਿਦਵਾਨ ਦੇ ਦੂਜੇ ਵਿਦਵਾਨਾਂ ਨਾਲ਼ ਮੱਤ-ਭੇਦ ਵੀ ਰਹੇ ਹਨ ਪਰ ਅਸਲ ਸਮੱਸਿਆ ਨੂੰ ਕਿਸੇ ਨੇ ਸਮਝਣ ਦਾ ਯਤਨ ਹੀ ਨਹੀਂ ਕੀਤਾ। ਹਰ ਵਿਦਵਾਨ/ਨਿਰੁਕਤਕਾਰ ਆਪਣੇ ਤੋਂ ਪਹਿਲੇ ਵਿਦਵਾਨਾਂ ਵਾਂਗ ਆਪਣੀਆਂ ਅਤੇ ਵਿਦੇਸ਼ੀ (ਆਰੀਆਈ ਭਾਸ਼ਾ-ਪਰਿਵਾਰ ਦੀਆਂ) ਬੋਲੀਆਂ ਦੇ ਸਮਾਨਾਰਥਕ ਸ਼ਬਦਾਂ ਨੂੰ ਖੁਰਚ-ਖੁਰਚ ਕੇ ਉਹਨਾਂ ਵਿੱਚੋਂ ਧਾਤੂ ਅਰਥਾਤ ਮੂਲ਼ ਸ਼ਬਦ ਲੱਭਣ ਤੇ ਉਹਨਾਂ ਦੀ ਆਪਸੀ ਸਾਂਝ ਜਾਂ ਤਾਲ-ਮੇਲ (ਸਮਨਵੈ) ਬਿਠਾਉਣ ਦੀ ਕੋਸ਼ਸ਼ ਕਰਦਾ ਹੀ ਨਜ਼ਰ ਆ ਰਿਹਾ ਹੈ।
ਇਸ ਦੇ ਬਾਵਜੂਦ ਅੱਜ ਤੱਕ ਸਿੱਟਾ ਕੁਝ ਵੀ ਨਹੀਂ ਨਿਕਲ਼ਿਆ ਤੇ ਗੱਲ ਕਿਸੇ ਵੀ ਤਣ-ਪੱਤਣ ਨਹੀਂ ਲੱਗ ਸਕੀ।ਕਾਰਨ ਇਹੋ ਹੈ ਕਿ ਧੁਨੀਆਂ ਦੇ ਅਰਥਾਂ ਨੂੰ ਜਾਣੇ ਤੋਂ ਬਿਨਾਂ ਅਸੀਂ ਕਦੇ ਵੀ ਸ਼ਬਦ ਦੀ ਮੂਲ ਬਣਤਰ, ਉਸ ਦੇ ਸਹੀ ਅਰਥਾਂ ਅਤੇ ਉਸ ਦੀ ਰੂਹ ਤੱਕ ਨਹੀਂ ਪਹੁੰਚ ਸਕਦੇ।ਸਾਡੇ ਨਵੇਂ-ਪੁਰਾਣੇ ਨਿਰੁਕਤਕਾਰ/ਵਿਦਵਾਨ ਕਮੋ-ਬੇਸ਼ ਸਾਰੇ ਇਹੋ ਕੁਝ ਕਰਦੇ ਹੀ ਨਜ਼ਰ ਆ ਰਹੇ ਹਨ। ਧੁਨੀਆਂ ਦੇ ਅਰਥਾਂ ਵਾਲ਼ੇ ਪਾਸੇ ਤੁਰਨਾ ਤਾਂ ਉਹ ਕਿਸੇ ਲਛਮਣ-ਰੇਖਾ ਨੂੰ ਤੋੜਨ ਦੇ ਸਮਾਨ ਅਤੇ ਇੱਕ ਮੂਰਖਤਾਪੂਰਨ ਕਾਰਵਾਈ ਜਾਂ ਕਿਸੇ ਅਪਰਾਧ ਤੋਂ ਘੱਟ ਨਹੀਂ ਸਮਝਦੇ। ਅਜਿਹੀਆਂ ਆਧਾਰਹੀਣ ਗੱਲਾਂ ਦਾ ਪ੍ਰਚਾਰ ਤੇ ਇਹਨਾਂ ਉੱਤੇ ਅਮਲ ਵੀ ਉਹ ਹੁਣ ਤੱਕ ਗੱਜ-ਵੱਜ ਕੇ ਕਰਦੇ ਆ ਰਹੇ ਹਨ
ਸਾਇੰਸ ਸਾਨੂੰ ਇੱਕ ਗੱਲ ਦੱਸਦੀ ਹੈ ਕਿ ਦੁਨੀਆ ਦੀ ਹਰ ਚੀਜ਼ ਕੁਦਰਤ ਦੇ ਨਿਯਮਾਂ ਵਿੱਚ ਬੱਝੀ ਹੋਈ ਹੈ। ਹਰ ਕੰਮ ਦਾ ਕੋਈ ਨਾ ਕੋਈ ਨਿਯਮ, ਆਧਾਰ, ਸਬਬ ਜਾਂ ਕਾਰਨ ਜ਼ਰੂਰ ਹੁੰਦਾ ਹੈ। ਕੀ ਕਦੇ ਪਹਿਲੀ ਮੰਜ਼ਲ ਬਣਾਏ ਬਿਨਾਂ ਉੱਪਰਲੀਆਂ ਮੰਜ਼ਲਾਂ ਦੀ ਉਸਾਰੀ ਸੰਭਵ ਹੋ ਸਕਦੀ ਹੈ? ਸਗੋਂ ਅਜਿਹਾ ਤਾਂ ਸੋਚਣਾ ਹੀ ਵਿਅਰਥ ਹੈ। ਇਹੋ-ਜਿਹੀ ਸੋਚ ਨੂੰ ਠੱਲ੍ਹ ਪਾਉਣ ਦੀ ਲੋੜ ਹੈ ਅਤੇ ਸ਼ਬਦ-ਵਿਉਤਪਤੀ ਦੇ ਕਾਰਜ ਨੂੰ ਹਰ ਹੀਲੇ ਵਿਗਿਆਨਿਕ ਅਤੇ ਭਾਸ਼ਾ-ਵਿਗਿਆਨਕ ਢੰਗ ਨਾਲ਼ ਧੁਨੀਆਂ ਦੇ ਅਰਥਾਂ ਪੱਖੋਂ ਵਾਚਣ ਦੀ ਲੋੜ ਹੈ।
ਸ਼ਬਦਾਂ ਦਾ ਇਤਿਹਾਸ ਗਵਾਹ ਹੈ ਕਿ ਸ਼ਬਦ ਬਣਨ ਤੋਂ ਪਹਿਲਾਂ ਧੁਨੀਆਂ ਹੀ ਬਣੀਆਂ ਸਨ। ਪਹਿਲਾਂ-ਪਹਿਲ ਕਾਫ਼ੀ ਦੇਰ ਤੱਕ ਜ਼ਰੂਰ ਮਨੁੱਖ ਨੇ ਧੁਨੀਆਂ ਦੇ ਆਸਰੇ ਹੀ ਕੰਮ ਚਲਾਇਆ ਹੋਵੇਗਾ ਤੇ ਇਹਨਾਂ ਰਾਹੀਂ ਹੀ ਉਹ ਆਪਣੇ ਮਨੋਭਾਵਾਂ ਨੂੰ ਦੂਜਿਆਂ ਅੱਗੇ ਪ੍ਰਗਟ ਕਰਦਾ ਰਿਹਾ ਹੋਵੇਗਾ। ਸ਼ਬਦ ਕੋਈ ਰਾਤੋ-ਰਾਤ ਨਹੀਂ ਬਣੇ। ਧੁਨੀਆ ਤੋਂ ਸ਼ਬਦਾਂ ਤੱਕ ਦੇ ਸਫ਼ਰ ਦੌਰਾਨ ਜ਼ਰੂਰ ਧੁਨੀਆਂ ਦੇ ਅਰਥ ਵੀ ਸਥਾਪਿਤ ਹੋ ਚੁੱਕੇ ਹੋਣਗੇ ਤੇ ਸ਼ਬਦ ਬਣਨ ਦੀ ਪ੍ਰਕਿਰਿਆ ਇਸ ਤੋਂ ਬਾਅਦ ਹੀ ਸ਼ੁਰੂ ਹੋਈ ਹੋਵੇਗੀ। ਇਹੀ ਕਾਰਨ ਹੈ ਕਿ ਸ਼ਬਦਾਂ ਵਿੱਚ ਧੁਨੀਆਂ ਦੇ ਅਰਥਾਂ ਨੂੰ ਨਕਾਰਿਆ ਨਹੀਂ ਜਾ ਸਕਦਾ। ਅੱਜ ਸਮੇਂ ਦੀ ਲੋੜ ਹੈ ਕਿ ਧੁਨੀਆਂ ਦੇ ਅਰਥਾਂ ਨੂੰ ਖੰਘਾਲ਼ਿਆ ਜਾਵੇ ਅਤੇ ਆਉਣ ਵਾਲ਼ੀਆਂ ਪੀੜ੍ਹੀਆਂ ਨੂੰ ਇਹਨਾਂ ਤੋਂ ਜਾਣੂ ਕਰਵਾਇਆ ਜਾਵੇ।
ਸੋ, ਸ਼ਬਦ-ਵਿਉਤਪਤੀ ਦੇ ਸੰਬੰਧ ਵਿੱਚ ਇਸ ਸਮੇਂ ਸਾਨੂੰ ਵਿਗਿਆਨਿਕ ਅਤੇ ਭਾਸ਼ਾ-ਵਿਗਿਆਨਿਕ ਆਧਾਰ ਨੂੰ ਅਪਣਾਉਣ ਅਤੇ ਅਵਿਗਿਆਨਿਕ ਅਤੇ ਗ਼ੈਰ ਭਾਸ਼ਾ-ਵਿਗਿਆਨਿਕ ਢੰਗ ਦੇ ਸਦੀਆਂ ਪੁਰਾਣੇ ਰਵਾਇਤੀ ਕਿਸਮ ਦੇ ਰਵੱਈਏ ਨੂੰ ਤਿਆਗਣ ਅਤੇ ਨਵੀਂਆਂ ਲੀਹਾਂ ਉੱਤੇ ਚੱਲਣ ਦੀ ਸਖ਼ਤ ਲੋੜ ਹੈ।
ਨੋਟ: ਭਾਸ਼ਾ-ਵਿਗਿਆਨਿਕ ਨਿਯਮਾਂ ‘ਤੇ ਆਧਾਰਿਤ ਉਸਾਰੂ/ਸਾਰਥਕ ਆਲੋਚਨਾ/ਸੁਝਾਵਾਂ ਦਾ ਸੁਆਗਤ ਹੈ ਜੀ!
ਜਸਵੀਰ ਸਿੰਘ ਪਾਬਲਾ
ਲੰਗੜੋਆ, ਨਵਾਂਸ਼ਹਿਰ।
ਸੰਪਰਕ: 98884-03052.
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly