ਕਪੂਰਥਲਾ (ਸਮਾਜ ਵੀਕਲੀ) ( ਕੌੜਾ ) – ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਚ ਪੰਜ ਵਾਰ ਕੌਸਲਰ ਦੀ ਚੋਣ ਜਿੱਤ ਕੇ ਗੁਰੂ ਨਗਰੀ ਦੀਆਂ ਸਮੂਹ ਸੰਗਤਾਂ ਦੀ ਨਿਸ਼ਕਾਮ ਸੇਵਾ ਕਰਨ ਵਾਲੇ ਇੰਮਪਰੂਵਮੈਟ ਟਰੱਸਟ ਸੁਲਤਾਨਪੁਰ ਲੋਧੀ ਦੇ ਸਾਬਕਾ ਚੇਅਰਮੈਨ ਤੇਜਵੰਤ ਸਿੰਘ ਦੇ ਪਰਿਵਾਰ ਦੀ ਸੇਵਾ ਭਾਵਨਾ ਸੱਦਕਾ ਸ੍ਰ. ਤੇਜਵੰਤ ਸਿੰਘ ਦੀ ਧਰਮ ਪਤਨੀ ਸ੍ਰੀਮਤੀ ਗੁਰਜੀਤ ਕੌਰ ਨੇ ਜਿਲਾ ਕਪੂਰਥਲਾ ਵਿਚੋਂ ਸਭ ਤੋਂ ਵੱਧ 400 ਵੋਟਾਂ ਦੀ ਵੱਡੀ ਲੀਡ ਨਾਲ ਦੂਜੀ ਵਾਰ ਚੋਣ ਜਿੱਤ ਕੇ ਨਵਾਂ ਇਤਿਹਾਸ ਸਿਰਜ ਦਿੱਤਾ ਹੈ । ਹਲਕਾ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦੇ ਧੜੇ ਆਜਾਦ ਉਮੀਦਵਾਰ ਵੱਜੋ ਚੋਣ ਜਿੱਤਣ ਵਾਲੀ ਦੂਜੀ ਵਾਰ ਕੌਸਲਰ ਬਣੀ ਗੁਰਜੀਤ ਕੌਰ ਨੂੰ ਸਭ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤਣ ਤੇ ਸਾਰੇ ਸ਼ਹਿਰ ਦੀਆਂ ਸੰਗਤਾਂ ਵੱਲੋਂ ਵੱਡਾ ਸਤਿਕਾਰ ਦਿੱਤਾ ਜਾ ਰਿਹਾ ਹੈ ।ਦੱਸਣਯੋਗ ਹੈ ਕਿ ਚੇਅਰਮੈਨ ਤੇਜਵੰਤ ਸਿੰਘ ਸ਼ਹਿਰ ਦੀਆਂ ਸੰਗਤਾਂ ਦੇ ਪਿਆਰ ਸੱਦਕਾ ਪੰਜ ਵਾਰ ਆਪ ਕੌਸਲਰ ਦੀ ਚੋਣ ਬੜੀ ਸ਼ਾਨ ਨਾਲ ਜਿੱਤ ਕੇ ਸੇਵਾ ਕਰਦੇ ਆ ਰਹੇ ਹਨ ਤੇ ਉਨ੍ਹਾਂ ਦੀ ਧਰਮ ਪਤਨੀ ਸ੍ਰੀਮਤੀ ਗੁਰਜੀਤ ਕੌਰ ਦੋ ਵਾਰ ਐਮ.ਸੀ. ਦੀ ਚੋਣ ਜਿੱਤ ਚੁੱਕੀ ਹੈ ।ਜਿਸ ਸੱਦਕਾ ਇਸ ਪਰਿਵਾਰ ਨੂੰ ਸ਼ਹਿਰ ਦੇ ਵੋਟਰਾਂ ਵੱਲੋਂ ਦਿੱਤੇ ਗਏ ਬੇਮਿਸਾਲ ਸਤਿਕਾਰ ਸੱਦਕਾ ਇਸ ਪਰਿਵਾਰ ਦੀ ਐਮ.ਸੀ. ਚੋਣਾਂ ਤੇ ਸੱਤਵੀਂ ਜਿੱਤ ਹੈ ।ਇਸ ਵਾਰ ਸੁਲਤਾਨਪੁਰ ਲੋਧੀ ਦੇ ਵਾਰਡ ਨੰਬਰ 5 ਤੋਂ ਉਨ੍ਹਾਂ ਆਪਣੀ ਧਰਮ ਪਤਨੀ ਕੌਸਲਰ ਗੁਰਜੀਤ ਕੌਰ ਨੂੰ ਚੋਣ ਲੜਾਈ ਤੇ ਖੁਦ ਇਕੱਲੇ ਇਕੱਲੇ ਵੋਟਰ ਤੱਕ ਪਹੁੰਚ ਕੀਤੀ । ਉਨ੍ਹਾਂ ਦੱਸਿਆ ਕਿ ਭਾਵੇਂ ਉਨ੍ਹਾਂ ਦੇ ਵਿਰੋਧੀਆਂ ਵੱਲੋਂ ਇਸ ਵਾਰ ਪੂਰੀ ਵਾਹ ਲਗਾਈ ਪਰ ਫਿਰ ਵੀ ਵਾਰਡ ਦੇ ਵੋਟਰਾਂ ਨੇ ਪਹਿਲਾਂ ਨਾਲੋ ਵੀ ਵੱਧ ਸਹਿਯੋਗ ਦਿੱਤਾ ਤੇ 400 ਤੋਂ ਵੱਧ ਵੋਟਾਂ ਦੀ ਵੱਡੀ ਲੀਡ ਦੇ ਕੇ ਜੇਤੂ ਬਣਾਇਆ । ਸ੍ਰ. ਤੇਜਵੰਤ ਸਿੰਘ ਇੰਮਪਰੂਵਮੈਟ ਟਰੱਸਟ ਸੁਲਤਾਨਪੁਰ ਲੋਧੀ ਦੇ ਚੇਅਰਮੈਨ ਵੀ ਰਹਿ ਚੁੱਕੇ ਹਨ ਤੇ ਅਤੇ ਨਗਰ ਕੌਸਲ ਸੁਲਤਾਨਪੁਰ ਲੋਧੀ ਦੇ ਤਿੰਨ ਵਾਰੀ ਮੀਤ ਪ੍ਰਧਾਨ ਵੱਜੋ ਵੀ ਸ਼ਹਿਰ ਦੇ ਵਿਕਾਸ ਲਈ ਸ਼ਾਨਦਾਰ ਸੇਵਾਵਾਂ ਨਿਭਾ ਚੁੱਕੇ ਹਨ ।ਇਕ ਵਾਰ ਨਗਰ ਕੌਸਲ ਦੇ ਆਫੀਸ਼ੀਟਿੰਗ ਪ੍ਰਧਾਨ ਵੀ ਰਹਿ ਚੁੱਕੇ ਹਨ। ਬਹੁਤ ਹੀ ਪੜ੍ਹੇ ਲਿਖੇ ਤੇ ਸੂਝਵਾਨ ਚੇਅਰਮੈਨ ਤੇਜਵੰਤ ਸਿੰਘ ਤੇ ਕੌਸਲਰ ਗੁਰਜੀਤ ਕੌਰ ਦੋਵੇ ਪਤੀ ਪਤਨੀ ਨੇ ਹੀ ਗ੍ਰੈਜੂਏਸ਼ਨ ਕੀਤੀ ਹੋਈ ਹੈ ਤੇ ਪੂਰੇ ਸ਼ਹਿਰ ਸੁਲਤਾਨਪੁਰ ਲੋਧੀ ਦੇ ਸਾਰੇ ਹੀ ਵਾਰਡਾਂ ਦੇ ਲੋਕਾਂ ਵੱਲੋਂ ਇਕ ਆਵਾਜ ਦੇਣ ਤੇ ਹੀ ਉਨ੍ਹਾਂ ਦੇ ਤਹਿਸੀਲ ਵਿਚ ਰਜਿਸਟਰੀ , ਮੈਰਿਜ ਰਜਿਸਟਰੇਸ਼ਨ ਤੇ ਹੋਰ ਸਰਕਾਰੇ ਦਰਬਾਰੇ ਦੇ ਕੰਮਾਂ ਲਈ ਹਰ ਵੇਲੇ ਤਿਆਰ ਰਹਿੰਦੇ ਹਨ ।ਇਸ ਸਬੰਧੀ ਹੋਰ ਗੱਲਬਾਤ ਕਰਦੇ ਹੋਏ ਚੇਅਰਮੈਨ ਤੇਜਵੰਤ ਸਿੰਘ ਨੇ ਕਿਹਾ ਕਿ ਮਨੁੱਖਤਾ ਦੇ ਰਹਿਬਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਕਿਰਪਾ ਸੱਦਕਾ ਸਾਡੇ ਪਰਿਵਾਰ ਨੂੰ ਜੋ ਸੇਵਾ ਮਿਲੀ ਹੈ , ਉਹ ਪੂਰੀ ਈਮਾਨਦਾਰੀ ਨਾਲ ਨਿਭਾਵਾਂਗੇ । ਉਨ੍ਹਾਂ ਕਿਹਾ ਕਿ ਮੈ ਸ਼ਹਿਰ ਦੇ ਲੋਕਾਂ ਦੇ ਬਹੁਤ ਸਾਰੇ ਝਗੜਿਆਂ ਦੇ ਰਾਜੀਨਾਵੇ ਕਰਵਾਏ ਹਨ ਤੇ ਮੇਰੀ ਕੋਸ਼ਿਸ਼ ਇਹੋ ਹੁੰਦੀ ਹੈ ਕਿ ਦੋ ਧਿਰਾਂ ਦੇ ਝਗੜੇ ਨੂੰ ਥਾਣੇ ਲਿਜਾਣ ਦੀ ਬਿਜਾਏ ਘਰਾਂ ਵਿਚ ਬੈਠ ਕੇ ਹੀ ਸਮਝੋਤਾ ਕਰਵਾਇਆ ਜਾਵੇ ।ਇਸ ਨਾਲ ਆਪਸੀ ਵੈਰ ਵਿਰੋਧ ਵੀ ਖਤਮ ਹੁੰਦਾ ਹੈ ਤੇ ਪੈਸੇ ਦੀ ਬਰਬਾਦੀ ਵੀ ਨਹੀ ਹੁੰਦੀ । ਉਨ੍ਹਾਂ ਵਾਰਡ ਨੰਬਰ 5 ਦੇ ਸਮੂਹ ਵੋਟਰਾਂ ਤੇ ਸਪੋਟਰਾਂ ਦਾ ਤਹਿ ਦਿਲੋ ਧੰਨਵਾਦ ਕਰਦੇ ਵਿਸ਼ਵਾਸ਼ ਦਿਵਾਇਆ ਕਿ ਸਾਡਾ ਸਾਰਾ ਪਰਿਵਾਰ ਹੀ ਵਾਰਡ ਤੇ ਸ਼ਹਿਰ ਨਿਵਾਸੀਆਂ ਦੀ ਸੇਵਾ ਲਈ ਹਮੇਸ਼ਾ ਯਤਨਸ਼ੀਲ ਰਹੇਗਾ । ਉਨ੍ਹਾਂ ਕਿਹਾ ਕਿ ਸੰਤਾਂ ਮਹਾਂਪੁਰਸ਼ਾਂ ਦੇ ਅਸ਼ੀਰਵਾਦ ਸੱਦਕਾ ਸਮੂਹ ਧਾਰਮਿਕ ਜਥੇਬੰਦੀਆਂ ਦੇ ਸਹਿਯੋਗ ਨਾਲ ਇਸ ਗੁਰੂ ਨਗਰੀ ਦੇ ਵਿਕਾਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਡਟ ਜਾਣਾ ਚਾਹੀਦਾ ਹੈ ਤਾਂ ਜੋ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ ।ਉਨ੍ਹਾਂ ਕਿਹਾ ਕਿ ਨੌਜਵਾਨਾਂ ਤੇ ਬੱਚਿਆਂ ਨੂੰ ਹਰ ਤਰ੍ਹਾਂ ਦੇ ਨਸ਼ਿਆਂ ਤੋਂ ਰਹਿਤ ਕਰਨ ਲਈ ਜਿੱਥੇ ਅਸੀ ਯਤਨਸ਼ੀਲ ਹਾਂ, ਉੱਥੇ ਲੋਕਾਂ ਨੂੰ ਆਪਸੀ ਝਗੜੇ ਕਲੇਸ਼ ਤੋਂ ਬਚਾਉਣ ਲਈ ਹਮੇਸ਼ਾ ਚੰਗੀ ਸੋਚ ਗ੍ਰਹਿਣ ਕਰਨ ਦੀ ਅਪੀਲ ਕਰਦਾ ਹਾਂ ।ਕੌਸਲਰ ਗੁਰਜੀਤ ਕੌਰ ਤੇ ਬੈਂਕ ਮੈਨੇਜਰ ਅਰਸ਼ਜੋਤ ਸਿੰਘ ਨੇ ਅੱਜ ਆਪਣੇ ਸਾਥੀਆਂ ਸਮੇਤ ਵਾਰਡ ਨੰਬਰ 5 ਦਾ ਦੌਰਾ ਕੀਤਾ ਤੇ ਸਮੂਹ ਵੋਟਰਾਂ ਦਾ ਤਹਿ ਦਿਲੋ ਧੰਨਵਾਦ ਕੀਤਾ ਤੇ ਵਿਸ਼ਵਾਸ਼ ਦਿਵਾਇਆ ਕਿ ਕਿਸੇ ਨੂੰ ਕੋਈ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ । ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਛੋਟੇ ਮੋਟੇ ਝਗੜੇ ਥਾਣੇ ਲਿਜਾਣ ਦੀ ਬਿਜਾਏ ਘਰਾਂ ਵਿਚ ਭਾਈਚਾਰੇ ਵਿਚ ਬੈਠ ਕੇ ਆਪਸੀ ਰਾਜੀਨਾਵੇ ਕੀਤੇ ਜਾਣ । ਉਨ੍ਹਾਂ ਕਿਹਾ ਕਿ ਸ਼ਹਿਰ ਦੇ ਆਪਣੇ ਵਾਰਡ ਦੇ ਵਿਕਾਸ ਲਈ ਉਹ ਹਮੇਸ਼ਾ ਯਤਨਸ਼ੀਲ ਰਹਿਣਗੇ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


