(ਸਮਾਜ ਵੀਕਲੀ)

ਕਿਰਤ ਕਰਨੀ ਅਤੇ ਵੰਡ ਛਕਣਾ ਸਿੱਖ ਧਰਮ ਵਿੱਚ ਮੁੱਢ ਤੋਂ ਸਿਖਾਇਆ ਜਾਂਦਾ ਹੈ l
ਭਾਵੇਂ ਕਿ ਵੱਡੀ ਗਿਣਤੀ ਵਿੱਚ ਲੋਕ ਕਿਰਤ ਛੱਡ ਕੇ ਸੌਖੀ ਜਿੰਦਗੀ ਦੀ ਤਲਾਸ਼ ਵਿੱਚ ਹਨ ਪਰ ਫਿਰ ਵੀ ਕੁੱਝ ਇਸੇ ਸਿੱਖਿਆ ਨੂੰ ਲੈ ਕੇ ਅੱਜ ਵੀ ਇਸ ਉੱਪਰ ਪੂਰਾ ਅਮਲ ਕਰ ਰਹੇ ਹਨ l
ਇਸ ਤਰਾਂ ਦੇ ਮਿਹਨਤੀ ਲੋਕ ਭਾਵੇਂ ਪੰਜਾਬ ਵਿੱਚ ਹੋਣ ਜਾਂ ਵਿਦੇਸ਼ਾਂ ਵਿੱਚ ਚਲੇ ਜਾਣ l ਉਹ ਆਪਣੀ ਲਈ ਹੋਈ ਸਿੱਖਿਆ ਪੱਲੇ ਹੀ ਬੰਨ ਕੇ ਰੱਖਦੇ ਹਨ l
ਇਸੇ ਤਰਾਂ ਦੇ ਅੰਮ੍ਰਿਤਧਾਰੀ ਸਿੰਘ ਸਰਦਾਰ ਹਰਮੇਲ ਸਿੰਘ ਤੂਰ ਹਨ ਜੋ ਕਈ ਸਾਲ ਪਹਿਲਾਂ ਆਪਣਾ ਜੱਦੀ ਪਿੰਡ ਖੋਸਾ ਰਣਧੀਰ ਜਿਲ੍ਹਾ ਮੋਗਾ ਛੱਡ ਕੇ ਬੇਹਤਰ ਜਿੰਦਗੀ ਦੀ ਤਲਾਸ਼ ਵਿੱਚ ਨਿਊਜ਼ੀਲੈਂਡ ਆ ਵਸੇ ਸਨ l ਸਕੂਲ ਵਿੱਚ ਪੜ੍ਹਾਈ ਉਨ੍ਹਾਂ ਬੇਸ਼ੱਕ ਪੰਜਵੀਂ ਜਮਾਤ ਤੱਕ ਹੀ ਕੀਤੀ ਪਰ ਇਸ ਥੋੜ੍ਹੀ ਪੜ੍ਹਾਈ ਨੂੰ ਉਨ੍ਹਾਂ ਕਦੇ ਵੀ ਆਪਣੀ ਕਮੀ ਨਹੀਂ ਬਣਨ ਦਿੱਤਾ l
ਸਰਦਾਰ ਹਰਮੇਲ ਸਿੰਘ ਤੂਰ ਪੰਜਾਬ ਹੁੰਦਿਆਂ ਵੀ ਵਧੀਆ ਖੇਤੀਬਾੜੀ ਕਰਦੇ ਸੀ ਅਤੇ ਉਨ੍ਹਾਂ ਆਪਣਾ ਘਰ ਵੀ ਆਪ ਹੀ ਬਣਾਇਆ ਸੀ l
ਨਿਊਜ਼ੀਲੈਂਡ ਆ ਕੇ ਉਹ ਮੇਰੇ ਵਾਲੇ ਸ਼ਹਿਰ ਪੁਕੀਕੋਹੀ (ਔਕਲੈਂਡ) ਵਿੱਚ ਵਸ ਗਏ ਜਿਥੇ ਮੇਰੀ ਉਨ੍ਹਾਂ ਨਾਲ ਅਕਸਰ ਮੁਲਾਕਾਤ ਹੁੰਦੀ ਰਹਿੰਦੀ l ਉਮਰ ਵਿੱਚ ਕਾਫੀ ਵੱਡੇ ਹੋਣ ਕਰਕੇ ਮੈਂ ਉਨ੍ਹਾਂ ਨੂੰ ਅੰਕਲ ਜੀ ਹੀ ਆਖਦਾ ਹਾਂ l
ਅੰਕਲ ਜੀ ਨੇ ਨਿਊਜ਼ੀਲੈਂਡ ਰਹਿੰਦਿਆਂ ਵੱਖ ਵੱਖ ਸ਼ਹਿਰਾਂ ਵਿੱਚ ਜਾ ਕੇ ਵੱਖ ਵੱਖ ਫਾਰਮਾਂ ਅਤੇ ਬਾਗਾਂ ਵਿੱਚ ਹੱਡ ਭੰਨਵੀਂ ਮਿਹਨਤ ਕੀਤੀ l ਉਨ੍ਹਾਂ ਕੋਲ ਪੁਕੀਕੋਹੀ ਵਿੱਚ ਆਪਣਾ ਮੁੱਲ ਦਾ ਘਰ ਬਹੁਤ ਸਮੇਂ ਤੋਂ ਹੈ l
ਤਕਰੀਬਨ ਦਸ ਬਾਰਾਂ ਸਾਲ ਪਹਿਲਾਂ ਅੰਕਲ ਜੀ ਮੇਰੀ ਕੀਵੀਫਰੂਟ ਕੰਪਨੀ ਵਿੱਚ ਕੰਮ ਕਰਦੇ ਹੁੰਦੇ ਸੀ l ਉਨ੍ਹਾਂ ਦਿਨਾਂ ਵਿੱਚ ਮੇਰੀ ਕੰਪਨੀ ਵਿੱਚ ਹੋਰ ਵੀ ਸੈਂਕੜ੍ਹੇ ਵਿਅਕਤੀ ਹਰ ਸਾਲ ਕੰਮ ਕਰਦੇ ਹੁੰਦੇ ਸੀ ਕਿਉਂਕਿ ਕੀਵੀਫਰੂਟ ਦੇ ਨਾਲ ਨਾਲ ਮੈਂ ਘਰਾਂ ਦੀ ਇਨਵੈਸਟਮੈਂਟ ਦਾ ਕੰਮ ਵੀ ਕਰਦਾ ਹੁੰਦਾ ਸੀ l
ਮੈਂ ਜਦੋਂ ਵੀ ਘਰ ਖਰੀਦਦਾ ਤਾਂ ਆਪਣੇ ਸਟਾਫ ਵਾਸਤੇ ਮਠਿਆਈ ਲੈ ਕੇ ਜਾਂਦਾ ਅਤੇ ਚਾਹ ਸਾਰਿਆਂ ਨਾਲ ਇਕੱਠੇ ਬੈਠ ਕੇ ਹੀ ਪੀਂਦੇ ਹੁੰਦੇ ਸੀ l ਮਠਿਆਈ ਖਾਂਦੇ ਖਾਂਦੇ ਨਾਲ ਹੀ ਸਾਰੇ ਸਟਾਫ ਨੂੰ ਦੱਸਣਾ ਕਿ ਕੀਵੀਫਰੂਟ ਤੋਂ ਵੱਧ ਆਮਦਨ ਘਰ ਖਰੀਦਣ ਵਿੱਚ ਹੈ l ਅੰਕਲ ਜੀ ਨਾਲ ਵੀ ਇਹ ਗੱਲ ਕਰ ਲੈਂਦਾ ਹੁੰਦਾ ਸੀ l ਕਈ ਵਾਰ ਮੈਂ ਹਫਤੇ ਬਾਦ ਹੀ ਘਰ ਖਰੀਦ ਲੈਣਾ ਅਤੇ ਫਿਰ ਮਠਿਆਈ ਸਟਾਫ ਵਾਸਤੇ ਲੈ ਕੇ ਜਾਣਾ l ਇਸ ਨੂੰ ਦੇਖ ਕੇ ਅੰਕਲ ਜੀ ਨੇ ਵੀ ਇਹ ਕੰਮ ਕਰਨ ਦਾ ਫੈਸਲਾ ਕੀਤਾ l
ਉਨ੍ਹਾਂ 58 ਸਾਲ ਦੀ ਉਮਰ ਵਿੱਚ ਪ੍ਰੋਪਰਟੀ ਇਨਵੈਸਟਮੈਂਟ ਦਾ ਕੰਮ ਸ਼ੁਰੂ ਕੀਤਾ ਅਤੇ ਹੁਣ ਉਨ੍ਹਾਂ ਕੋਲ 17 ਤੋਂ ਵੱਧ ਆਪਣੇ ਘਰ ਹਨ l
ਪਿਛਲੇ ਤਕਰੀਬਨ 3-4 ਹਫਤਿਆਂ ਤੋਂ ਨਿਊਜ਼ੀਲੈਂਡ ਵਿੱਚ ਕਰੋਨਾ ਕਰਕੇ ਲੌਕ ਡੌਨ ਚੱਲ ਰਿਹਾ ਹੈ l ਜਿਸ ਵਿੱਚ ਬਹੁਤ ਲੋਕਾਂ ਦੇ ਕੰਮ ਬੰਦ ਪਏ ਹਨ ਪਰ ਤੁਸੀਂ ਆਪਣੇ ਘਰ ਵਿੱਚ ਕੰਮ ਕਰ ਸਕਦੇ ਹੋ l
ਅੰਕਲ ਜੀ ਨੇ ਇੱਕ ਘਰ ਤਿੰਨ ਕੁ ਮਹੀਨੇ ਪਹਿਲਾਂ ਬਹੁਤ ਮਾੜੀ ਹਾਲਤ ਵਿੱਚ ਟਮਰਾਨੂਈ ਸ਼ਹਿਰ ਵਿੱਚ ਖਰੀਦਿਆ ਸੀ l ਇਹ ਘਰ ਪੁਲਿਸ ਸਟੇਸ਼ਨ ਦੇ ਬਿਲਕੁਲ ਨੇੜੇ ਹੈ ਅਤੇ ਇਸ ਦੇ ਲਾਗੇ ਹੀ ਪੂਲ ਅਤੇ ਕਈ ਵੱਖ ਵੱਖ ਗਰਾਊਂਡਾਂ ਹਨ ਅਤੇ ਬਜ਼ਾਰ ਦੇ ਬਿਲਕੁਲ ਲਾਗੇ ਹੈ l ਇਹ ਕਿਹਾ ਜਾ ਸਕਦਾ ਕਿ ਉਹ ਇਲਾਕੇ ਵਿੱਚ ਸਭ ਤੋਂ ਮਾੜਾ ਘਰ ਸੀ ਪਰ ਵਧੀਆ ਇਲਾਕੇ ਵਿੱਚ ਸੀ l ਇਕੋ ਛੱਤ ਦੇ ਥੱਲੇ ਦੋ ਘਰ ਦੋ ਦੋ ਬੈੱਡਰੂਮ ਦੇ ਬਣੇ ਹੋਏ ਸੀ l ਉਹ ਦੋਨੋਂ ਦੋ ਦੋ ਬੈੱਡਰੂਮ ਦੇ ਘਰ ਅੰਕਲ ਜੀ ਨੇ $238,000 ਦੇ ਖਰੀਦੇ ਸੀ ਭਾਵ ਜੇ ਇਕੱਲੇ ਇਕੱਲੇ ਦੀ ਕੀਮਤ ਦੇਖੀ ਜਾਵੇ ਤਾਂ ਦੋ ਬੈੱਡਰੂਮ ਘਰ ਦੀ ਕੀਮਤ $119,000 ਬਣਦੀ ਹੈ l ਉਸ ਤੋਂ ਬਾਦ ਅੰਕਲ ਜੀ ਨੇ ਘਰ ਅੰਦਰੋਂ ਅਤੇ ਬਾਹਰੋਂ ਪੇਂਟ ਕੀਤੇ ਅਤੇ ਕੁੱਝ ਥਾਵਾਂ ਤੇ ਜਿਬ ਬੋਰਡ ਵੀ ਨਵੀਂ ਲਗਾਈ ਅਤੇ ਬਾਹਰੋਂ ਛੱਤ ਵੀ ਪੇਂਟ ਕੀਤੀ, ਘਰਾਂ ਵਿੱਚ ਨਵੀਂ ਕਾਰਪੈੱਟ ਵੀ ਪਾਈ l ਇਸ ਕੰਮ ਨੂੰ ਕਰਨ ਵਿੱਚ ਤਕਰੀਬਨ 2 ਮਹੀਨੇ ਲੱਗੇ l ਕੁੱਝ ਪੈਸੇ ਸਮਾਨ ਤੇ ਲੱਗੇ ਅਤੇ ਕੁੱਝ ਕੰਮ ਬਾਹਰੋਂ ਇਲੇਕਟ੍ਰਿਸ਼ਨ ਤੋਂ ਕਰਵਾਇਆ ਜਿਸ ਵਿੱਚ ਹੀਟ ਪੰਪ, ਬਾਥਰੂਮਾਂ ਵਿੱਚ ਐਕਸਟ੍ਰੈਕਟਰ ਪੱਖੇ ਅਤੇ ਕਿਚਨਾਂ ਵਿੱਚ ਰੇਂਜਹੁੱਡ ਵੀ ਲਗਾਏ ਗਏ l ਅੰਕਲ ਜੀ ਦੀ ਆਪਣੀ ਮਿਹਨਤ ਤੋਂ ਇਲਾਵਾ ਬਾਕੀ ਖਰਚਾ 45,000 ਡਾਲਰ ਬਣਿਆ l ਇਸ ਨਾਲ ਘਰ ਹੈਲਥੀ ਹੋਮ ਸਟੈਂਡਰਡ ਤੇ ਵੀ ਪੂਰੇ ਉਤਰਨ ਲੱਗ ਪਏ l
ਅਸਲੀ ਖਰੀਦ $238,000 ਅਤੇ $45,000 ਮਿਲਾ ਕੇ $283,000 ਵਿੱਚ ਦੋ ਘਰ ਦੋ ਦੋ ਬੈੱਡਰੂਮ ਪਏ ਹਨ l ਹੁਣ ਇਨ੍ਹਾਂ ਦੀ ਕੀਮਤ $400,000 ਹੈ ਅਤੇ ਇਨ੍ਹਾਂ ਦੋਨਾਂ ਘਰਾਂ ਦਾ ਕਿਰਾਇਆ $560 ਪ੍ਰਤੀ ਹਫਤਾ ਬਣਦਾ ਹੈ l
ਇਸ ਤਰਾਂ ਅੰਕਲ ਜੀ ਨੇ ਮਿਹਨਤ ਕਰਕੇ ਘਰਾਂ ਵਿੱਚੋਂ $117,000 ਦੀ ਇਕੱਊਟੀ ਗੇਨ ਕੀਤੀ l ਭਾਵ ਜੇ ਉਹ ਅੱਜ ਇਨ੍ਹਾਂ ਘਰਾਂ ਨੂੰ ਵੇਚਣ ਤਾਂ ਉਨ੍ਹਾਂ ਨੂੰ $117,000 ਦੀ ਬੱਚਤ ਹੋਵੇਗੀ ਜੋ ਕਿ ਉਨ੍ਹਾਂ ਦਾ ਸਿਰਫ ਦੋ ਮਹੀਨੇ ਦਾ ਕੰਮ ਹੈ l ਭਾਰਤ ਦੀ ਕਰੰਸੀ ਮੁਤਾਬਕ ਇਹ ਦੋ ਮਹੀਨੇ ਦੀ ਬੱਚਤ 60 ਲੱਖ ਰੁਪਏ ਦੇ ਕਰੀਬ ਬਣਦੀ ਹੈ l
ਅੱਜ ਨਿਊਜ਼ੀਲੈਂਡ ਵਿੱਚ ਕਿਹਾ ਜਾਂਦਾ ਹੈ ਕਿ ਘਰ ਬਹੁਤ ਮਹਿੰਗੇ ਹਨ ਜਾਂ ਕਿਹਾ ਜਾਂਦਾ ਹੈ ਕਿ ਘਰ ਬਹੁਤ ਸਾਲ ਪਹਿਲਾਂ ਹੀ ਸਸਤੇ ਮਿਲਦੇ ਹੁੰਦੇ ਸੀ ਪਰ ਸਰਦਾਰ ਹਰਮੇਲ ਸਿੰਘ ਤੂਰ ਵਰਗੇ ਮਿਹਨਤੀ ਇਨਸਾਨ ਅੱਜ ਵੀ ਸਸਤੇ ਘਰ ਲੱਭ ਲੈਂਦੇ ਹਨ ਅਤੇ ਆਪਣੀ ਮਿਹਨਤ ਸਦਕਾ ਉਨ੍ਹਾਂ ਦੀ ਕੀਮਤ ਵਧਾ ਲੈਂਦੇ ਹਨ l
ਇਥੇ ਇਹ ਵਰਨਣਯੋਗ ਹੈ ਕਿ ਸਰਦਾਰ ਹਰਮੇਲ ਸਿੰਘ ਜੀ ਦੀ ਉਮਰ 69 ਸਾਲ ਦੇ ਲਾਗੇ ਹੈ ਅਤੇ ਬੈਂਕਾਂ ਉਨ੍ਹਾਂ ਨੂੰ ਅੱਜ ਵੀ ਕਰਜ਼ਾ ਦੇ ਦਿੰਦੀਆਂ ਹਨ l
ਇਸ ਆਰਟੀਕਲ ਦੇ ਥੱਲੇ ਘਰਾਂ ਦੀਆਂ ਫੋਟੋ ਹਨ ਜੋ ਤਿਆਰ ਹੋ ਚੁੱਕੇ ਹਨ l
ਅੰਕਲ ਜੀ ਦੀ ਉਦਾਹਰਣ ਤੋਂ ਇਹ ਵੀ ਪਤਾ ਲਗਦਾ ਹੈ ਕਿ ਇਨਸਾਨ ਘੱਟ ਵੀ ਪੜ੍ਹਿਆ ਹੋਵੇ ਤਾਂ ਵੀ ਆਪਣੀ ਮਿਹਨਤ ਸਦਕਾ ਪੜ੍ਹਿਆਂ ਹੋਇਆਂ ਨਾਲੋਂ ਵੀ ਵੱਧ ਕਮਾਈ ਕਰ ਸਕਦਾ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



