(ਸਮਾਜ ਵੀਕਲੀ)
ਥਾਵਾਂ ,ਹਵਾਵਾਂ ਟਹਿਕੀਆਂ ਨੇ
ਸਭ ਰਸਤੇ ਰੁਸ਼ਨਾ ਗਏ ਨੇ
ਦਰਵਾਜ਼ੇ ਖੁੱਲ੍ਹੇ ਬਹਿਸ਼ਤ ਦੇ
ਧਰਤ ਨੂੰ ਭਾਗ ਲਗਾ ਗਏ ਨੇ।
ਹਰ ਕਿਣਕੇ ‘ਚ ਮਹਿਕਾਂ ਸੱਚ ਦੀਆਂ
ਝੂਠ ਨੂੰ ਰਾਹ ਨਾ ਲੱਭਦੇ ਨੇ
ਸੀ ਦੱਬੇ ਕੁਚਲੇ ਜੋ ਜੁਲਮਾਂ ਦੇ
ਹੁਣ ਵਾਂਗ ਖੰਡੇ ਦੇ ਗੱਜਦੇ ਨੇ।
ਮਿੱਟੀ ਵਿੱਚ ਵਿਸ਼ਮਾਦ ਮਹਿਕੇ
ਵਹਿ ਤੁਰੇ ਨੇ ਝਰਨੇ ਨੂਰ ਦੇ
ਉਹ ਵੰਡਦਾ ਬਾਣੀ ਸ਼ਹਿਦ ਜਿਹੀ
ਭਰ -ਭਰ ਕੇ ਬਾਟੇ ਸਰੂਰ ਦੇ।
ਕਿਰਤ ਦੀ ਬਾਤ ਪਾਂਵਦਾ ਉਹ
ਕਰਤਾਰਪੁਰ ਚ ਹੱਲ ਚਲਾਂਵਦਾ
ਬਾਬਰ ਨੂੰ ਸ਼ਬਦੀਂਂ ਲਲਕਾਰ ਕੇ
ਮਾਨਵਤਾ ਦੀ ਜੜ੍ਹ ਉਹ ਲਾਂਵਦਾ।
ਭਲਾ ਸਰਬੱਤ ਦਾ ਮੰਗੇ ਉਹ
ਪੈਗੰਬਰੀ ਝੋਲ਼ਾ ਪਾਇਆ ਏ
ਮਿਟ ਧੁੰਦ ਸਭ ਹਨੇਰ ਗਏ
ਸੂਹੇ ਸੂਰਜਾਂ ਦਾ ਜਾਇਆ ਏ।
ਦਿਲਬਾਗ ਰਿਉਂਦ
ਜਿਲ੍ਹਾ ਮਾਨਸਾ (ਪੰਜਾਬ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly