ਇੰਗਲੈਂਡ ਚ ਪਹਿਲੇ ਅੰਤਰਰਾਸ਼ਟਰੀ ਪੱਧਰ ਤੇ ਮਾਨਤਾ ਪ੍ਰਾਪਤ ਪਵਿੱਤਰ ਸਿੱਖ ਸੰਗੀਤ ਸਿਲੇਬਸ ਨੂੰ ਅਧਿਕਾਰਤ ਤੌਰ ਤੇ ਕੀਤਾ ਗਿਆ ਜਾਰੀ

ਬਰਮਿੰਘਮ (ਸਮਾਜ ਵੀਕਲੀ) (ਇੰਗਲੈਂਡ), (ਸੁਖਜਿੰਦਰ ਸਿੰਘ ਢੱਡੇ, ਪਰਵਿੰਦਰ ਸਿੰਘ)-ਗਲੋਬਲ ਸਿੱਖ ਵਿਜਨ ਲੰਡਨ ਦੇ ਅਣਥੱਕ ਯਤਨਾਂ ਸਦਕਾ ਇੰਗਲੈਂਡ ਦੇ ਸ਼ਹਿਰ ਬਰਮਿੰਘਮ ਦੇ ਮਸ਼ਹੂਰ  (ਸਿਟੀ ਆਫ ਬਰਮਿੰਘਮ ਸਿੰਫਨੀ ਆਰਕੈਸਟਰਾ) ਵਿੱਚ ਪਹਿਲੇ ਅੰਤਰਰਾਸ਼ਟਰੀ ਪੱਧਰ ਤੇ ਮਾਨਤਾ ਪ੍ਰਾਪਤ ਤੰਤੀ ਸਾਜ਼ਾਂ ਦੇ ਪਵਿੱਤਰ ਸਿੱਖ ਸੰਗੀਤ ਸਿਲੇਬਸ ਨੂੰ ਅਧਿਕਾਰਤ ਤੌਰ ਤੇ ਜਾਰੀ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿੱਖ ਗਲੋਬਲ ਵਿਜਨ ਲੰਡਨ ਦੇ ਕੋਹਲੀ ਰਵਿੰਦਰਪਾਲ ਸਿੰਘ  ਨੇ ਦੱਸਿਆ ਕਿ ਇਹ ਸਿਲੇਬਸ ਡਾ. ਹਰਜਿੰਦਰ ਸਿੰਘ ਲਾਲੀ ਦੁਆਰਾ ਤਿਆਰ ਕੀਤਾ ਗਿਆ ਹੈ। ਜੋ ਵਿਸ਼ਵ ਪੱਧਰ ਤੇ ਸਿੱਖ ਸੰਗੀਤਕ ਵਿਰਾਸਤ ਨੂੰ ਅੱਠਵੀਂ-ਗਰੇਡ ਸੰਗੀਤ ਪ੍ਰੀਖਿਆ ਪ੍ਰਣਾਲੀ ਵਿੱਚ ਏਕੀਕ੍ਰਿਤ ਕਰਦੀ ਹੈ। ਜਿਸ ਵਿੱਚ ਰਵਾਇਤੀ ਸਿੱਖ ਤੰਤੀ ਸਾਜ਼ਾ ਦਾ ਅਧਿਐਨ ਹੁਣ ਇੰਗਲੈਂਡ ਦੀ UCAS ਦੁਆਰਾ ਰਵਾਇਤੀ ਤੌਰ ਤੇ ਅਧਿਕ੍ਰਿਤ ਕੀਤਾ ਗਿਆ ਹੈ।ਵਰਤਮਾਨ ਵਿੱਚ 5 ਸਿੱਖ ਤੰਤੀ ਸਾਜ਼ਾ ਨੂ ਅਧਿਕ੍ਰਿਤ ਕੀਤਾ ਗਿਆ ਹੈ, ਇਹ ਯੰਤਰ ਪੰਜਾਬ ਦੇ ਹਨ। ਜਿਨ੍ਹਾਂ ਦੇ ਨਾਮ ਹਨ:
(1) ਦਿਲਰੁਬਾ         (2) ਤਾਊਸ        (3) ਇਸਰਾਜ         (4) ਸਾਰੰਗੀ      (5)ਸਾਰੰਦਾ
 ਇਸ ਸਮਾਗਮ ਦੇ ਮੁਖੀ ਪ੍ਰਬੰਧਕ ਕੁਲਦੀਪ ਸਿੰਘ ਉੱਭੀ ਨੇ ਦੱਸਿਆ ਕਿ ਇਸ ਸਮਾਗਮ ਦੀ ਮਹੱਤਤਾ ਨੂੰ ਹੋਰ ਵਧਾਉਣ ਲਈ ਪ੍ਰਸਿੱਧ ਕਲਾਕਾਰ ਬਲਵੰਤ ਸਿੰਘ (ਵੋਕਲ), ਕਿਰਪਾਲ ਸਿੰਘ (ਇਸਰਾਜ) ਅਤੇ ਹੋਰ ਮਸ਼ਹੂਰ ਕਲਾਕਾਰ ਵਿਸ਼ੇਸ਼ ਤੌਰ ਤੇ ਸ੍ਰੀ ਭੈਣੀ ਸਾਹਿਬ, ਪੰਜਾਬ ਤੋਂ ਹਿੱਸਾ ਲੈਣ ਪਹੁੰਚੇ। ਜ਼ਿਕਰਯੋਗ ਹੈ ਕਿ ਨਾਮਧਾਰੀ ਸਿੱਖ ਸੰਗਤ ਇਸ ਪਵਿੱਤਰ ਵਿਰਸੇ ਦੇ ਸਰੋਤ ਅਤੇ ਰੱਖਿਅਕ ਦੋਵਾਂ ਵਜੋਂ ਇੱਕ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ। ਸਾਲਾਂ ਦੀ ਅਣਥੱਕ ਮਿਹਨਤ ਨਾਲ ਸਤਿਗੁਰੂ ਜਗਜੀਤ ਸਿੰਘ ਜੀ ਨੇ ਸਿੱਖ ਕੀਰਤਨ ਨੂੰ ਇਸ ਦੇ ਅਸਲੀ, ਨਿਰਵਿਘਨ ਰੂਪ ਵਿੱਚ ਮੁੜ ਸੁਰਜੀਤ ਕੀਤਾ ਹੈ।ਗਿਆਨੀ ਰਘਬੀਰ ਸਿੰਘ ਜੀ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਬਰਤਾਨੀਆ ਦੀ ਸਿੱਖਿਆ ਪ੍ਣਾਲੀ ਵਿਚ ਗੁਰਮਤਿ ਸੰਗੀਤ ਸ਼ਾਮਲ ਕਰਨ ਦੀ ਸਿੱਖਾ ਦੀ ਇਸ  ਪ੍ਰਾਪਤੀ ਬਦਲੇ ਬਰਤਾਨੀਆ ਦੇ ਸਿੱਖਾਂ ਨੂੰ ਵਧਾਈ ਦਿੱਤੀ ਹੈ। ਅਤੇ ਕਿਹਾ ਬਰਤਾਨੀਆ ਦੀ ਸਿੱਖ ਸੰਗਤ ਦੀਆ ਅਣਥੱਕ ਕੋਸ਼ਿਸ਼ਾਂ ਨਾਲ ਇਹ ਮਾਣਮੱਤੀ ਪ੍ਰਾਪਤੀ ਹੋਈ ਹੈ।ਵਿਸ਼ਵ ਪ੍ਰਸਿੱਧ ਉਸਤਾਦ ਸੁਰਜੀਤ ਸਿੰਘ ਨੇ ਦੱਸਿਆ ਕਿ ਇਹ ਵਿਲੱਖਣ ਸੁਝਾਅ ‘ਗਲੋਬਲ ਸਿੱਖ ਵਿਜ਼ਨ ਲੰਡਨ’ ਦਾ ਹੈ, ਜਿਨ੍ਹਾਂ ਨੇ ਸਭ ਤੋਂ ਪਹਿਲਾਂ 2022 ਵਿੱਚ ਗੁਰੂ ਸਾਹਿਬਾਨ ਦੁਆਰਾ ਪ੍ਰਚਲਿਤ ਤੰਤੀ ਸਾਜ਼ਾ ਨੂੰ ਪੁਨਰਜੀਵਿਤ ਕਰਨ ਦਾ ਸੰਕਲਪ ਅਮਲ ਵਿੱਚ ਲਿਆਂਦਾ ਸੀ। ਊਹਨਾ ਨੇ ਮਈ 2022 ਵਿੱਚ ਵਾਲਸਾਲ ਫੁੱਟਬਾਲ ਸਟੇਡੀਅਮ ਵਿੱਖੇ ਇੱਕ ਸ਼ਾਨਦਾਰ ਪ੍ਰੋਗਰਾਮ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ “ਗੁਰੂ ਤੇਗ ਬਹਾਦਰ ਰੈਪਸੋਡੀ” ਦਾ ਆਯੋਜਨ ਕੀਤਾ ਸੀ,ਜਿਸ ਵਿੱਚ 400 ਤੰਤੀ ਸਾਜ਼ਾ ਦੀ ਵਰਤੋਂ ਕੀਤੀ ਗਈ ਸੀ,ਅਤੇ ਇਸ ਇਤਿਹਾਸਕ ਘਟਨਾ ਨੇ ਇੱਕ ਨਵਾਂ ਵਿਲੱਖਣ ਵਿਸ਼ਵ ਰਿਕਾਰਡ ਕਾਇਮ ਕੀਤਾ, ਅਤੇ ਇਸ ਨੂੰ “ਵਰਲਡ ਬੁੱਕ ਆਫ਼ ਰਿਕਾਰਡਜ਼ ਲੰਡਨ ਦੇ ਗੋਲਡ ਐਡੀਸ਼ਨ” ਵਿੱਚ ਸਥਾਨ ਪ੍ਰਾਪਤ ਹੋਇਆ। ਇਸ ਪ੍ਰਕਾਰ ਤੰਤੀ ਸਾਜ਼ਾ ਦੀ ਮਹੱਤਤਾ ਨੂੰ ਗਲੋਬਲ ਸਿੱਖ ਵਿਜ਼ਨ ਨੇ ਸਫਲਤਾ ਪੂਰਵਕ ਉਜਾਗਰ ਕੀਤਾ, ਅਤੇ ਵਿਸ਼ਵ ਪੱਧਰ ਤੇ ਵੱਖ-ਵੱਖ ਸੰਸਥਾਵਾਂ ਦੁਆਰਾ ਇਸ ਤੇ ਕੰਮ ਸ਼ੁਰੂ ਹੋਇਆ।ਇਸ ਮੌਕੇ ਤੇ ਭਾਰਤ ਦੇ ਬਰਮਿੰਘਮ ਚ ਕੌਂਸਲ ਜਨਰਲ ਡਾ. ਵੈਂਕਟਚਲਮ ਮੁਰੂਗਨ ਮੁੱਖ ਮਹਿਮਾਨ ਵਜੋ ਸਮਾਗਮ ਵਿੱਚ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਸਿੱਖ ਕੌਮ ਦੀ ਇਸ ਪ੍ਰਾਪਤੀ ਤੇ ਆਪਣੀਆਂ ਸ਼ੁਭਕਾਮਨਾਵਾਂ ਅਤੇ ਵਧਾਈਆਂ ਦਿੱਤੀਆਂ।
ਕੈਪਸਨ:-
ਸਮਾਗਮ ਨੂੰ ਸੰਬੋਧਨ ਕਰਦੇ ਹੋਏ ਬਰਮਿੰਘਮ ਦੇ ਕੋਸ਼ਲ ਜਨਰਲ ਡਾ ਵੈਕਟਚਲਮ ਮੁਰੂਗਨ, ਕੋਹਲੀ ਰਵਿੰਦਰਪਾਲ ਸਿੰਘ,ਡਾ ਹਰਜਿੰਦਰ ਸਿੰਘ ਲਾਲੀ, ਅਤੇ ਹੋਰ। ਤੰਤੀ ਸਾਜ਼ਾਂ ਨਾਲ ਕੀਰਤਨ ਕਰਦਾ ਹੋਇਆ ਜਥਾ ਅਤੇ ਸਮਾਗਮ ਚ ਹਾਜ਼ਿਰ ਪਤਵੰਤੇ।
   ਤਸਵੀਰਾਂ:- ਸੁਖਜਿੰਦਰ ਸਿੰਘ ਢੱਡੇ 
Previous articleਲੋਹੀਆਂ ਥਾਣਾ ਦੀ ਪੁਲਿਸ ਵੱਲੋਂ ਗਹਿਣਿਆਂ ਸਮੇਤ 02 ਸ਼ਾਤਿਰ ਚੋਰਾਂ ਨੂੰ ਕੀਤਾ ਗ੍ਰਿਫਤਾਰ 17 ਤੋਲੇ ਸੋਨਾ ਤੇ ਮੋਟਰਸਾਈਕਲ ਹੋਇਆ ਬਰਾਮਦ
Next articleਪਾਣੀ