ਪਹਿਲੀ ਛਾਪ ਆਖਰੀ ਪ੍ਰਭਾਵ ਹੈ

 (ਸਮਾਜ ਵੀਕਲੀ)- ਬ੍ਰਿਟਿਸ਼ ਵਿਦਵਾਨ “ਵਿਲੀਅਮ ਹੈਜਲਿਟ” ਦਾ ਕਥਨ ਹੈ,”first impression is the last impression” ਜਿਸਦਾ ਅਰਥ ਹੈ ਕੇ ਪਹਿਲੀ ਛਾਪ ਹੀ ਆਖਰੀ ਛਾਪ ਹੈ ਜਾ ਫਿਰ ਪਹਿਲਾ ਪ੍ਰਭਾਵ ਹੀ ਆਖਰੀ ਪ੍ਰਭਾਵ ਹੈ ਪਹਿਲੀ ਛ਼ਾਪ ਸਾਡੇ ਜੀਵਨ ਤੇ ਵਿਸ਼ੇਸ਼ ਪ੍ਰਭਾਵ ਪਾਉਂਦੀ ਹੈ ਇਹ ਸਾਡੇ ਭਵਿੱਖ ਨੂੰ ਪ੍ਰਭਾਵਿਤ ਕਰਦੀ ਹੈ ਤੇ ਅਸੀਂ ਅੰਤ ਤੱਕ ਇਸ ਤੋਂ ਮੁਕਤ ਨਹੀਂ ਹੋ ਸਕਦੇ ਹਰ ਇਨਸਾਨ ਪ੍ਰਭਾਵ ਅਧੀਨ ਹੈ ਕਿਸੇ ਨਾ ਕਿਸੇ ਤੋਂ ਪ੍ਰਭਾਵਿਤ ਹੈ ਉਹ ਜੋ ਵੀ ਚੰਗੇ ਜਾਂ ਬੁਰੇ ਕੰਮ ਕਰਦਾ ਹੈ ਸਭ ਪਹਿਲੇ ਪ੍ਰਭਾਵ ਦਾ ਹੀ ਨਤੀਜਾ ਹੈ। ਪ੍ਰਭਾਵ ਇੱਕ ਅਜਿਹਾ ਜਾਲ ਹੈ, ਇੱਕ ਅਜਿਹੀ ਕੈਦ ਹੈ ਜੋ ਇਨਸਾਨ ਦੀਆਂ ਅੱਖਾਂ ਤੇ ਪੱਟੀ ਬੰਨ ਦਿੰਦੀ ਹੈ ਅਕਲ ਤੇ ਪਰਦਾ ਪਾ ਦਿੰਦੀ ਹੈ ਤੇ ਇਨਸਾਨ ਅੰਤ ਤੱਕ ਇਸ ਤੋਂ ਮੁਕਤ ਨਹੀਂ ਹੋ ਸਕਦਾ। ਪ੍ਰਭਾਵ ਚੰਗਾ ਹੋਵੇ ਤਾਂ ਗੁਣ,ਮਾੜਾ ਹੋਵੇ ਤਾਂ ਔਗੁਣ ਬਸ ਇਹ ਕਹਿ ਲਵੋ ਕਿ ਇਨਸਾਨ ਦੀ ਆਦਤ ਬਣ ਜਾਂਦਾ ਹੈ ਅਜਿਹੀ ਹੀ ਇੱਕ ਆਦਤ ਹੈ ਸੱਚ ਲਿਖਣ ਦੀ, ਬੋਲਣ ਦੀ ਤੇ ਛਾਪਣ ਦੀ ਜੋ ਕਿ ਸੌਖਾ ਕੰਮ ਨਹੀ ਹੈ ਇਹ ਵੀ ਕ੍ਰਾਂਤੀਕਾਰੀ ਸੋਚ ਤੇ ਪ੍ਰਭਾਵ ਦਾ ਨਤੀਜਾ ਹੈ।
 ਮੈਂ ਬਚਪਨ ਵਿੱਚ ਸਕੂਲ ਦੀਆਂ ਕੰਧਾਂ ਤੇ ਲਿਖਿਆ ਪੜਿਆ “ਸਦਾ ਸੱਚ ਬੋਲੋ” ਤੇ ਉਸ ਤੋਂ ਪ੍ਰਭਾਵਿਤ ਹੋ ਗਿਆ ਫਿਰ ਮੈਂ ਕਿਤਾਬਾਂ ਵਿੱਚ ਅਖੌਤ ਪੜ੍ਹੀ “ਪੱਲੇ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ” ਤੇ ਢੰਡੋਰੇ ਪਿੱਟਣੇ ਸ਼ੁਰੂ ਕਰ ਦਿੱਤੇ ਥੋੜਾ ਹੋਰ ਵੱਡਾ ਹੋਇਆ ਤਾਂ ਮੈਂ ਜਸਵੰਤ ਸਿੰਘ ਕੰਵਲ ਦਾ ਨਾਵਲ “ਸੱਚ ਨੂੰ ਫਾਂਸੀ” ਪੜਿਆ ਪਰ ਸੱਚ ਬੋਲਣਾ ਨਾ ਛੱਡ ਸਕਿਆ ਮੈਂਨੂੰ ਆਪਣੀ ਸੱਚ ਬੋਲਣ ਦੀ ਇਸ ਆਦਤ ਕਰਕੇ ਸਰਕਾਰੀ ਸਕੂਲ ਵਿੱਚੋਂ ਸਿੱਖਿਆ ਵਲੰਟੀਅਰ ਦੀ ਨੌਕਰੀ ਤੋ ਅਸਤੀਫਾ ਦੇਣ ਤੋਂ ਇਲਾਵਾ ਪਤਾ ਹੀ ਨਹੀਂ ਕਿੰਨੇ ਹੋਰ ਘਾਟੇ ਜਰਨੇ ਪਏ ਇਥੋਂ ਤੱਕ ਕਿ ਮੈਨੂੰ ਦੋ ਵਾਰ ਜੇਲ ਵੀ ਜਾਣਾ ਪਿਆ। ਮੈਨੂੰ ਇਹ ਵੀ ਪਤਾ ਹੈ ਕਿ ਸਾਡੇ ਦੇਸ਼ ਵਿੱਚ ਸੱਚ ਬੋਲਣ ਵਾਲਿਆਂ ਨੂੰ ਜੇਲਾਂ ਵਿੱਚ ਡੱਕ ਦਿੱਤਾ ਜਾਂਦਾ ਹੈ ਤੇ ਘਰ ਦੇ ਬਾਹਰ ਹੀ ਗੋਲੀ ਮਾਰ ਦਿੱਤੀ ਜਾਂਦੀ ਹੈ। ਸਾਡੀ ਜੀਭ ਕੌੜੀਆਂ ਤੋਂ ਕੌੜੀਆਂ ਮਿਰਚਾਂ ਦਾ ਸਵਾਦ ਤਾਂ ਚੱਖ ਸਕਦੀ ਹੈ ਪਰ ਸੱਚ ਬੋਲਣ ਦਾ ਸਵਾਦ ਕੋਈ ਵਿਰਲਾ ਹੀ ਚੱਖ ਸਕਦਾ ਹੈ ਅਸਲ ਵਿੱਚ ਸੱਚ ਬੋਲਣਾ ਆਤਮਹੱਤਿਆ ਕਰਨ ਦੇ ਸਮਾਨ ਹੈ ਪਰ ਫਿਰ ਵੀ ਮੈਂ ਆਪਣੀ ਇਸ ਆਦਤ ਤੋਂ ਮਜਬੂਰ ਹਾਂ ਇਹ ਆਦਤ ਨਹੀਂ ਛੱਡ ਸਕਦਾ।ਮੈਂ ਸਾਡੇ ਮਹਾਨ ਸਾਹਿਤਕਾਰ ਸੁਰਜੀਤ ਪਾਤਰ ਜੀ ਦਾ ਕਹਿਣਾ ਵੀ ਨਹੀਂ ਮੰਨ ਸਕਿਆ ਜਿਨ੍ਹਾਂ ਨੇ ਕਿਹਾ ਸੀ ਕਿ “ਇਨਾ ਸੱਚ ਨਾ ਬੋਲ ਕੇ ਕੱਲਾ ਰਹਿ ਜਾਵੇ,ਚਾਰ ਕੁ ਬੰਦੇ ਛੱਡ ਲੈ ਮੋਢਾ ਦੇਣ ਲਈ” ਕਿਉਂਕਿ ਮੈਨੂੰ ਇਹ ਵੀ ਪਤਾ ਹੈ ਕਿ ਸਾਡੇ ਮੁਰਦੇ ਘਰ ਰੱਖਣ ਦਾ ਰਿਵਾਜ਼ ਨਹੀਂ ਮੇਰੀ ਇਸ ਆਦਤ ਕਰਕੇ ਮੇਰੇ ਕਈ ਦੋਸਤ ਤੇ ਰਿਸ਼ਤੇਦਾਰ ਮੈਨੂੰ ਛੱਡ ਗਏ ਤੇ ਮੈਂ ਇਕੱਲਾ ਰਹਿ ਗਿਆ ਪਰ ਫਿਰ ਵੀ ਮੈਨੂੰ ਆਪਣੇ ਇਕੱਲੇਪਣ ਦਾ ਅਹਿਸਾਸ ਨਹੀਂ ਹੁੰਦਾ, ਮੈਨੂੰ ਇਸ ਗੱਲ ਦਾ ਵੀ ਡਰ ਨਹੀਂ ਕਿ ਮੇਰੇ ਮਰਨ ਤੋਂ ਬਾਅਦ ਮੇਰੀ ਅਰਥੀ ਨੂੰ ਮੋਢਾ ਕੋਣ ਲਾਵੇਗਾ ਕਿਉਂਕਿ ਮੈਂ ਆਪਣੇ ਸਾਰੇ ਅੰਗ ਦਾਨ ਕਰਨ ਦੀ ਰਜਿਸਟਰੇਸ਼ਨ ਪੀਜੀਆਈ ਚੰਡੀਗੜ੍ਹ ਵਿਖੇ ਕਰਵਾ ਚੁੱਕਿਆ ਹਾਂ, ਹੁਣ ਮੈਨੂੰ ਹਕੂਮਤ ਤੋਂ ਵੀ ਕੋਈ ਡਰ ਨਹੀਂ ਲੱਗਦਾ ਕਿ ਉਹ ਮੈਨੂੰ ਮਰਵਾ ਦੇਣਗੇ ਕਿਉਂਕਿ ਮੇਰਾ ਮਰਨਾ ਤਾਂ ਕਈ ਸਰੀਰਾਂ ਵਿੱਚ ਜਾਨ ਪਾ ਦੇਵੇਗਾ ਤੇ ਮੈਂ ਇੱਕ ਤੋਂ ਅਨੇਕ ਹੋ ਜਾਵਾਂਗਾ ਇਸ ਲਈ ਮੈਂ ਸੱਚ ਲਿਖਦਾ ਰਹਿੰਦਾ ਹਾਂ ਸੱਚ ਬੋਲਦਾ ਰਹਿੰਦਾ ਹਾਂ ਤੇ ਸਭ ਤੋਂ ਵੱਧ ਮੈਂ ਸ਼ੁਕਰ ਗੁਜ਼ਾਰ ਹਾਂ ਆਪਣੇ ਉਨਾਂ ਦੋਸਤਾਂ ਦਾ ਖਾਸ ਕਰਕੇ ਰਮੇਸ਼ਵਰ ਸਿੰਘ ਜੀ(ਪੰਜਾਬੀ ਦੇ ਪ੍ਰਸਿੱਧ ਪੱਤਰਕਾਰ, ਲੇਖਕ ਤੇ ਸਾਹਿਤਕਾਰਾਂ ਨੂੰ ਪ੍ਰਮੋਟ ਕਰਨ ਵਾਲੇ), ਸਰਬਜੀਤ ਧੀਰ ਜੀ(ਪ੍ਰਸਿੱਧ ਲੇਖਕ ਤੇ ਸਾਹਿਤਿਕ ਸਾਂਝ ਮੈਗਜ਼ੀਨ ਵਾਲੇ) ਤੇ ਸੁਰਜੀਤ ਸੁਮਨ ਜੀ(ਕਵੀ,ਗੀਤਕਾਰ, ਪ੍ਰਸਿੱਧ ਲੇਖਕ ਤੇ ਸੁਰ ਸਾਂਝ ਮੈਗਜ਼ੀਨ ਵਾਲੇ)ਜੋ ਮੇਰੀਆਂ ਲਿਖਤਾਂ ਨੂੰ ਆਪਣੇ ਅਖਬਾਰਾਂ ਤੇ ਮੈਗਜ਼ੀਨਾਂ ਵਿੱਚ ਛਾਪਦੇ ਰਹਿੰਦੇ ਨੇ..!
ਜੇ. ਐੱਸ.ਮਹਿਰਾ,
ਪਿੰਡ ਬੜੌਦੀ,
ਤਹਿਸੀਲ ਖਰੜ,
 ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ,
ਪਿੰਨ ਕੋਡ 140110,
ਮੋਬਾਈਲ ਨੰਬਰ 9592430420
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਿੰਨੀ ਕਹਾਣੀ   ਸੋਧ ਦਿਆਂਗਾ   
Next articleਓਹੀਓ ਰੋਗ ਪਠੋਰੇ ਨੂੰ