ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਨਿਰਦੇਸ਼ਾਂ ਹੇਠ 4 ਮਈ ਤੋਂ 10 ਮਈ 2026 ਤੱਕ “ਫਾਇਰ ਸੇਫਟੀ ਵੀਕ” ਮਨਾਇਆ ਜਾ ਰਿਹਾ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਸਿਹਤ ਸੰਸਥਾਵਾਂ ਅਤੇ ਆਮ ਜਨਤਾ ਵਿੱਚ ਅੱਗ ਤੋਂ ਬਚਾਅ, ਐਮਰਜੈਂਸੀ ਤਿਆਰੀ ਅਤੇ ਸੁਰੱਖਿਆ ਉਪਾਵਾਂ ਬਾਰੇ ਵਿਆਪਕ ਜਾਗਰੂਕਤਾ ਪੈਦਾ ਕਰਨਾ ਹੈ। ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਹੁਸ਼ਿਆਰਪੁਰ ਡਾ. ਮਨਦੀਪ ਕਮਲ ਨੇ ਦੱਸਿਆ ਕਿ ਇਸ ਹਫ਼ਤੇ ਦੀ ਸ਼ੁਰੂਆਤ ਅੱਜ ਤੋਂ ਹੋ ਰਹੀ ਹੈ। ਇਸ ਮੌਕੇ ਸਾਰੇ ਸਰਕਾਰੀ ਅਤੇ ਨਿੱਜੀ ਸਿਹਤ ਕੇਂਦਰਾਂ ਵਿੱਚ ਫਾਇਰ ਸੇਫਟੀ ਪ੍ਰੋਟੋਕੋਲ ਦੀ ਪਾਲਣਾ ਯਕੀਨੀ ਬਣਾਉਣ ਲਈ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹੈ। ਉਨ੍ਹਾਂ ਨੇ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਹਫ਼ਤੇ ਦੌਰਾਨ ਹਸਪਤਾਲਾਂ, ਪ੍ਰਾਇਮਰੀ ਹੈਲਥ ਸੈਂਟਰਾਂ ਅਤੇ ਹੋਰ ਸਿਹਤ ਸੰਸਥਾਵਾਂ ਵਿੱਚ ਫਾਇਰ ਡ੍ਰਿਲਜ਼, ਐਮਰਜੈਂਸੀ ਇਵੈਕੂਏਸ਼ਨ ਅਭਿਆਸ, ਅਤੇ ਸੁਰੱਖਿਆ ਉਪਕਰਣਾਂ ਦੀ ਜਾਂਚ ਕਰਵਾਈ ਜਾਵੇਗੀ। ਅੱਗ ਲੱਗਣ ਦੀ ਸਥਿਤੀ ਵਿੱਚ ਤੁਰੰਤ ਕਾਰਵਾਈ ਕਰਨ ਲਈ ਸਟਾਫ਼ ਨੂੰ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਤੋਂ ਇਲਾਵਾ, ਸਕੂਲਾਂ, ਆੰਗਣਵਾਡੀ ਕੇਂਦਰਾਂ ਅਤੇ ਭੀੜ ਵਾਲੇ ਸਥਾਨਾਂ ’ਤੇ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਨੂੰ ਅੱਗ ਦੇ ਖਤਰੇ, ਗੈਸ ਲੀਕ, ਸ਼ਾਰਟ ਸਰਕਿਟ ਅਤੇ ਹੋਰ ਸੰਭਾਵਿਤ ਕਾਰਣਾਂ ਬਾਰੇ ਜਾਣੂ ਕਰਵਾਇਆ ਜਾਵੇਗਾ। ਪੰਫਲੈਟ, ਪੋਸਟਰ ਅਤੇ ਆਡੀਓ-ਵੀਡੀਓ ਮਾਧਿਅਮਾਂ ਰਾਹੀਂ ਵੀ ਸੁਨੇਹਾ ਪਹੁੰਚਾਇਆ ਜਾਵੇਗਾ। ਡਾ. ਮਨਦੀਪ ਕਮਲ ਨੇ ਦੱਸਿਆ ਕਿ 5, 6 ਅਤੇ 7 ਮਈ 2026 ਨੂੰ ਦੁਪਹਿਰ 3:00 ਵਜੇ ਤੋਂ 4:00 ਵਜੇ ਤੱਕ ਤਕਨੀਕੀ ਵੈਬਿਨਾਰ ਕਰਵਾਏ ਜਾਣਗੇ। ਇਨ੍ਹਾਂ ਵਿੱਚ ਮਾਹਿਰ ਵਿਅਕਤੀ ਫਾਇਰ ਸੇਫਟੀ ਮੈਨੇਜਮੈਂਟ, ਰਿਸਕ ਅਸੈਸਮੈਂਟ, ਐਮਰਜੈਂਸੀ ਰਿਸਪਾਂਸ ਅਤੇ ਸੁਰੱਖਿਆ ਉਪਕਰਣਾਂ ਦੀ ਸਹੀ ਵਰਤੋਂ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਣਗੇ। ਭਾਗ ਲੈਣ ਲਈ ਜਾਰੀ ਕੀਤੇ ਗਏ QR ਕੋਡ ਰਾਹੀਂ ਰਜਿਸਟ੍ਰੇਸ਼ਨ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਸਾਰੇ ਸਿਹਤ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ-ਆਪਣੇ ਸੰਸਥਾਨਾਂ ਵਿੱਚ ਫਾਇਰ ਸੇਫਟੀ ਉਪਕਰਣ ਜਿਵੇਂ ਕਿ ਫਾਇਰ ਐਕਸਟਿੰਗਵਿਸ਼ਰ, ਅਲਾਰਮ ਸਿਸਟਮ ਅਤੇ ਐਮਰਜੈਂਸੀ ਏਗਜ਼ਿਟਸ ਦੀ ਕਾਰਗੁਜ਼ਾਰੀ ਦੀ ਪੂਰੀ ਜਾਂਚ ਕਰਨ। ਨਾਲ ਹੀ ਬਿਜਲੀ ਦੇ ਉਪਕਰਣਾਂ ਦੀ ਸਮੇਂ-ਸਮੇਂ ਤੇ ਮੁਰੰਮਤ ਅਤੇ ਸੁਰੱਖਿਅਤ ਵਰਤੋਂ ਯਕੀਨੀ ਬਣਾਈ ਜਾਵੇ। ਆਮ ਜਨਤਾ ਨੂੰ ਸੰਬੋਧਨ ਕਰਦਿਆਂ ਡਾ. ਮਨਦੀਪ ਕਮਲ ਨੇ ਅਪੀਲ ਕੀਤੀ ਕਿ ਘਰਾਂ ਅਤੇ ਕੰਮਕਾਜ ਵਾਲੀਆਂ ਥਾਵਾਂ ’ਤੇ ਅੱਗ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ, ਗੈਸ ਸਿਲਿੰਡਰ ਅਤੇ ਬਿਜਲੀ ਉਪਕਰਣਾਂ ਦੀ ਸੁਰੱਖਿਅਤ ਵਰਤੋਂ ਕਰਨ ਅਤੇ ਐਮਰਜੈਂਸੀ ਨੰਬਰਾਂ ਬਾਰੇ ਜਾਣਕਾਰੀ ਰੱਖਣ। ਉਨ੍ਹਾਂ ਨੇ ਕਿਹਾ ਕਿ “ਫਾਇਰ ਸੇਫਟੀ ਵੀਕ” ਸਿਰਫ ਇੱਕ ਮੁਹਿੰਮ ਨਹੀਂ, ਸਗੋਂ ਜਾਨਾਂ ਬਚਾਉਣ ਲਈ ਇੱਕ ਜ਼ਰੂਰੀ ਕਦਮ ਹੈ, ਜਿਸ ਵਿੱਚ ਹਰ ਨਾਗਰਿਕ ਦੀ ਭਾਗੀਦਾਰੀ ਬਹੁਤ ਮਹੱਤਵਪੂਰਨ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



