(ਸਮਾਜ ਵੀਕਲੀ) ਜਦੋਂ ਵੀ ਪੰਜਾਬੀ ਲੋਕਧਾਰਾ ਦੀ ਗੱਲ ਕੀਤੀ ਜਾਂਦੀ ਹੈ ਤਾਂ ਉੱਥੇ ਗੁਰਮੀਤ ਬਾਵਾ ਦਾ ਨਾਂ ਇਕ ਅਜਿਹੀ ਗਾਇਕਾ ਵਜੋਂ ਲਿਆ ਜਾਂਦਾ ਹੈ, ਜਿਸ ਨੇ ਸੱਭਿਆਚਾਰ ਦੀ ਰੂਹ ਨੂੰ ਆਪਣੇ ਸੁਰਾਂ ਨਾਲ ਸ਼ਿੰਗਾਰਿਆ। ਉਹ ਕੇਵਲ ਇਕ ਗਾਇਕਾ ਹੀ ਨਹੀਂ, ਸਗੋਂ ਪੰਜਾਬੀ ਰੂਹਾਨੀਅਤ ਅਤੇ ਮਿੱਟੀ ਦੀ ਮਹਿਕ ਦਾ ਸਾਂਝਾ ਰੂਪ ਸੀ। 18 ਫਰਵਰੀ 1944 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਕੋਠਾ (ਅਲੀਵਾਲ) ਵਿਖੇ ਪਿਤਾ ਸ: ਉੱਤਮ ਸਿੰਘ ਤੇ ਮਾਤਾ ਰਾਮ ਕੌਰ ਦੇ ਘਰ ਗੁਰਮੀਤ ਬਾਵਾ ਨੇ ਜਨਮ ਲਿਆ। ਮਾਂ ਦੇ ਅਕਾਲ ਚਲਾਣੇ ਦੌਰਾਨ ਉਹ ਬਹੁਤ ਛੋਟੀ ਸੀ। ਪਰਿਵਾਰਕ ਸਹਿਯੋਗ, ਖਾਸ ਕਰਕੇ ਵੱਡੀਆਂ ਭੈਣਾਂ ਅਤੇ ਪਿਤਾ ਦੀ ਸਾਂਭ-ਸੰਭਾਲ ਨੇ ਉਨ੍ਹਾਂ ਦੇ ਜੀਵਨ ਨੂੰ ਹੌਸਲੇ ਅਤੇ ਸੰਘਰਸ਼ ਨਾਲ ਭਰ ਦਿੱਤਾ। ਦਸਵੀਂ ਤੋਂ ਬਾਅਦ ਜਦੋਂ ਉਨ੍ਹਾਂ ਨੇ ਜੇ.ਬੀ.ਟੀ. ਕਰਕੇ ਅਧਿਆਪਿਕਾ ਵਜੋਂ ਕੰਮ ਕਰਨਾ ਸ਼ੁਰੂ ਕੀਤਾ, ਤਾਂ ਇਹ ਇਲਾਕੇ ਲਈ ਇੱਕ ਨਵਾਂ ਕਦਮ ਸੀ। ਪਰ ਉਨ੍ਹਾਂ ਅੰਦਰਲੀ ਸੁਰੀਲੀ ਆਤਮਾ ਤਾਂ ਪਹਿਲਾਂ ਹੀ ਗਾਇਕੀ ਦੇ ਨਾਲ ਜੁੜੀ ਹੋਈ ਸੀ, ਜਿਸ ਨੇ ਉਨ੍ਹਾਂ ਨੂੰ ਸਿੱਖਿਆ ਤੋਂ ਅੱਗੇ ਵਧ ਕੇ ਲੋਕ-ਗੀਤਾਂ ਦੀ ਦੁਨੀਆ ਵਲ ਖਿੱਚਿਆ। 1968 ‘ਚ ਉਨ੍ਹਾਂ ਦਾ ਵਿਆਹ ਕਿਰਪਾਲ ਸਿੰਘ ਨਾਲ ਹੋਇਆ,ਜੋਕਿ ਨਿਰੋਲ ਗਾਇਕ ਤੇ ਅਧਿਆਪਕ ਹੋਣ ਦੇ ਨਾਲ-ਨਾਲ ਡੇਰਾ ਬਾਬਾ ਨਾਨਕ ਦੇ ਬੇਦੀ ਪਰਿਵਾਰ ਨਾਲ ਸੰਬੰਧਤ ਸਨ। ਦੋਵਾਂ ਨੇ ਅਧਿਆਪਕੀ ਤਿਆਗ ਕੇ ਗਾਇਕੀ ਨੂੰ ਹੀ ਆਪਣੇ ਜਿਊਣ ਦਾ ਮਕਸਦ ਬਣਾ ਲਿਆ। ਗੁਰਮੀਤ ਬਾਵਾ ਦੀਆਂ ਰਾਗਨੀਆਂ ਵਿਚ ਜੋ ਉਤਸ਼ਾਹ, ਭਾਵਨਾਤਮਕਤਾ ਅਤੇ ਰੂਹਾਨੀਅਤ ਪਹਿਲਾਂ ਸੀ, ਉਹ ਪਤੀ ਕਿਰਪਾਲ ਸਿੰਘ ਦੀ ਸੰਗਤ ਨਾਲ ਹੋਰ ਵੀ ਨਿਖਰ ਕੇ ਸਾਹਮਣੇ ਆਈ। ਉਨ੍ਹਾਂ ਦਾ ਪਹਿਲਾ ਗੀਤ, “ਮੈਂ ਜੱਟੀ ਪੰਜਾਬ ਦੀ ਮੇਰੀਆਂ ਰੀਸਾਂ ਕੌਣ ਕਰੇ”, ਐੱਲ.ਪੀ. ਰਿਕਾਰਡ ’ਤੇ 1968 ‘ਚ ਰਿਲੀਜ਼ ਹੋਇਆ, ਜਿਸ ਦੀਆਂ 13 ਹਜ਼ਾਰ ਕਾਪੀਆਂ ਵਿਕੀਆਂ। ਇਹ ਇਕ ਰਿਕਾਰਡ ਤੋੜ ਵਿਕਰੀ ਸੀ ਜਿਸ ਨੇ ਉਨ੍ਹਾਂ ਨੂੰ ਘਰ-ਘਰ ਪਹੁੰਚਾ ਦਿੱਤਾ। ਉਨ੍ਹਾਂ ਦੇ ਗੀਤਾਂ ਵਿੱਚ ਅਲਗੋਜ਼ਾ, ਚਿਮਟਾ, ਢੋਲਕੀ,
ਘੜਾ ਅਤੇ ਹਰਮੋਨੀਅਮ ਵਰਗੇ ਸਾਜ਼ ਵਰਤੇ ਜਾਂਦੇ ਸਨ, ਜੋ ਗਾਇਕੀ ਨੂੰ ਲੋਕ-ਰੰਗ ਨਾਲ ਹੋਰ ਵੀ ਗੂੜ੍ਹਾ ਜੋੜਦੇ ਸਨ। ਉਹ ‘ਜੁਗਨੀ’, ‘ਸੁਹਾਗ’, ‘ਘੋੜੀਆਂ’, ‘ਸਿਠਣੀਆਂ’, ਡੋਲੀ, ਮਾਹੀਆ , ਢੋਲਾ ਆਦਿ ਦੀਆਂ ਵੰਨਗੀਆਂ ਅਤੇ ‘ਲੋਕ ਗਾਥਾਵਾਂ’ ਗਾਉਣ ਵਿਚ ਮਾਹਿਰ ਸਨ। ਗੁਰਮੀਤ ਬਾਵਾ ਜਦੋਂ ਵੀ ਸਟੇਜ ਤੋਂ ਲੋਕ-ਗੀਤ ‘ ਜੁਗਨੀ’ ਜਾਂ ‘ ਮਿਰਜਾ’ ਗਾਉਂਦੀ ਤਾਂ ਸਮਾਂ ਰੁਕ ਜਿਹਾ ਜਾਂਦਾ ਸੀ। ਮੁੰਬਈ ਵਿੱਚ ਪੰਜਾਬ ਐਸੋਸੀਏਸ਼ਨ ਦੇ ਇਕ ਪ੍ਰੋਗਰਾਮ ਦੌਰਾਨ ਗੁਰਮੀਤ ਬਾਵਾ ਦੀ ਗਾਇਕੀ ਨੂੰ ਪ੍ਰੇਮ ਚੋਪੜਾ, ਰਾਜ ਕਪੂਰ ਅਤੇ ਪ੍ਰਾਣ ਵਰਗੇ ਸਿਤਾਰਿਆਂ ਨੇ ਖੜ੍ਹੇ ਹੋ ਕੇ ਸਿਰਾਹਿਆ। ‘ਮੈਂ ਜੱਟੀ ਪੰਜਾਬ ਦੀ’ ਗੀਤ ਲਈ ਰਾਜ ਕਪੂਰ ਦੀ ਖਾਸ ਬੇਨਤੀ ਉਨ੍ਹਾਂ ਦੀ ਜ਼ਿੰਦਗੀ ਦਾ ਯਾਦਗਾਰ ਪਲ ਬਣ ਗਈ। ਉਹਨਾਂ ਨੇ ਭਾਰਤ ਸਰਕਾਰ ਵਲੋਂ ਤਕਰੀਬਨ 25 ਦੇਸ਼ਾਂ ਵਿਚ ਆਪਣੀ ਪੰਜਾਬੀ ਗਾਇਕੀ ਦਾ ਪਰਚਮ ਲਹਿਰਾਇਆ। ਰਸ਼ੀਆ ਵਿੱਚ 45 ਸਕਿੰਟ ਦੀ ਲੰਮੀ ਹੇਕ ਲਗਾਕੇ ਉਨ੍ਹਾਂ ਨੇ 1988 ‘ਚ ਇਕ ਅੰਤਰਰਾਸ਼ਟਰੀ ਰਿਕਾਰਡ ਵੀ ਕਾਇਮ ਕੀਤਾ। ਜਦੋਂ ਜਲੰਧਰ ਦੂਰਦਰਸ਼ਨ ਦੀ ਸ਼ੁਰੂਆਤ ਹੋਈ ਤਾਂ ਸਭ ਤੋਂ ਪਹਿਲੀ ਮਹਿਲਾ ਗੀਤ ਗਾਉਣ ਵਾਲੀ ਗੁਰਮੀਤ ਬਾਵਾ ਹੀ ਸਨ। ਦਿੱਲੀ ਦੂਰਦਰਸ਼ਨ ਅਤੇ ਅਕਾਸ਼ਵਾਣੀ ਉੱਤੇ ਵੀ ਉਨ੍ਹਾਂ ਨੂੰ ਹਾਈ ‘ਏ’ ਗਰੇਡ ਦੀ ਗਾਇਕਾ ਵਜੋਂ ਦਰਜਾ ਮਿਲਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਬਹੁਤ ਸਾਰੀਆ ਪੰਜਾਬੀ ਫ਼ਿਲਮਾਂ ਵਿਚ ਵੀ ਆਪਣੇ ਸਭਿਆਚਾਰਕ ਅਖਾੜੇ ਲਾਏ। ਗੁਰਮੀਤ ਬਾਵਾ ਨੇ ਨੰਦ ਲਾਲ ਨੂਰਪੁਰੀ, ਸ਼ਿਵ ਕੁਮਾਰ ਬਟਾਲਵੀ, ਬਾਬੂ ਸਿੰਘ ਮਾਨ, ਦੇਵ ਥਰੀਕਿਆਂ ਵਾਲਾ, ਇੰਦਰਜੀਤ ਹਸਨਪੁਰੀ, ਚਮਨ ਲਾਲ ਚਮਨ ਅਤੇ ਸ਼ਮਸ਼ੇਰ ਸੰਧੂ ਵਰਗੇ ਉੱਘੇ ਲੇਖਕਾਂ ਦੀਆਂ ਰਚਨਾਵਾਂ ਨੂੰ ਆਪਣੇ ਅਣਗਣਿਤ ਗੀਤਾਂ ਰਾਹੀਂ ਅਮਰਤਾ ਦੇ ਗਹਿਣੇ ਪਹਿਨਾਏ ਜਿਸ ਨਾਲ ਉਹ ਅੱਜ ਵੀ ਚਮਕ ਰਹੇ ਹਨ। ਗੁਰਮੀਤ ਬਾਵਾ ਨੇ ਆਪਣੀ 55 ਸਾਲਾਂ ਦੀ ਲੰਬੀ ਅਤੇ ਲੋਕ-ਗੀਤਾਂ ਨੂੰ ਸਮਰਪਿਤ
ਕਲਾਤਮਕ ਯਾਤਰਾ ਦੌਰਾਨ ਸੰਗੀਤ ਦੀ ਦੁਨੀਆ ਵਿੱਚ ਉਹ ਮਾਣ ਅਤੇ ਪਛਾਣ ਹਾਸਲ ਕੀਤੀ ਜੋ ਚੰਦ ਕੁ ਨਸੀਬਾਂ ਵਾਲਿਆਂ ਨੂੰ ਮਿਲਦੀ ਹੈ। ਉਨ੍ਹਾਂ ਦੀ ਕਲਾ ਅਤੇ ਉਪਲੱਬਧੀਆਂ ਨੂੰ ਦੇਖਦਿਆਂ ਉਨ੍ਹਾਂ ਨੂੰ ਕਈ ਇਨਾਮਾਂ ਅਤੇ ਸਨਮਾਨਾਂ ਨਾਲ ਨਵਾਜਿਆ ਗਿਆ। 1991 ਵਿੱਚ ਪੰਜਾਬ ਰਾਜ ਪੁਰਸਕਾਰ, 2002 ਵਿੱਚ ਉਨ੍ਹਾਂ ਨੂੰ ਰਾਸ਼ਟਰੀ ਪੱਧਰ ‘ਤੇ ਦੇਵੀ ਅਹਿਲਿਆ ਪੁਰਸਕਾਰ, 2008 ਵਿੱਚ ਉਨ੍ਹਾਂ ਨੂੰ ‘ਸ਼੍ਰੋਮਣੀ ਗਾਇਕਾ’ ਦਾ ਖਿਤਾਬ ਮਿਲਿਆ। ਭਾਰਤ ਸਰਕਾਰ ਵੱਲੋਂ ਵੀ ਉਨ੍ਹਾਂ ਨੂੰ ‘ਸੰਗੀਤ ਨਾਟਕ ਅਕਾਦਮੀ ਅਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਆਪਣੇ ਦੇਸ਼ ਦੇ ਸਨਮਾਨਾਂ ਤੋਂ ਇਲਾਵਾ ਖੁਬਸੂਰਤ ਗਾਇਕੀ ਅਤੇ ਵਿਰਾਸਤੀ ਸੰਗੀਤ ਲਈ ਉਨ੍ਹਾਂ ਨੂੰ 2019 ਵਿੱਚ ਨਿਊਜ਼ੀਲੈਂਡ ਦੀ ਪਾਰਲੀਮੈਂਟ ਵਿੱਚ ਵੀ ਵਿਸ਼ੇਸ਼ ਸਨਮਾਨ ਅਤੇ ਅਮਰੀਕਨ ਬਾਇਓਗ੍ਰਾਫੀ ਇਨ ਨਿਓਯਾਰਕ ਮਿਲੇਨੀਅਮ 2000 ਐਵਾਰਡ ਦਿੱਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦਾ ਘਰ ਦੇਸ਼-ਵਿਦੇਸ਼ ਤੋਂ ਮਿਲੇ ਕਈ ਸਨਮਾਨਾਂ ਅਤੇ ਯਾਦਗਾਰ ਚਿੰਨ੍ਹਾਂ ਨਾਲ ਸਜਿਆ ਹੋਇਆ ਹੈ। ਉਹਨਾਂ ਦੇ ਮਰਨ ਤੋਂ ਬਾਅਦ ਭਾਰਤ ਸਰਕਾਰ ਨੇ 2022 ਵਿੱਚ ‘ਪਦਮ ਭੂਸ਼ਣ’ ਵਰਗਾ ਉੱਚ ਮਾਨਤਾ ਵਾਲਾ ਅਵਾਰਡ ਦੇ ਕੇ ਉਨ੍ਹਾਂ ਦੀ ਯਾਦ ਨੂੰ ਅਮਰ ਕਰ ਦਿੱਤਾ। ਜ਼ਿਕਰਯੋਗ ਹੈ ਕਿ ਗੁਰਮੀਤ ਬਾਵਾ ਦੀ ਸਭਿਆਚਾਰਕ ਲੋਕ-ਗੀਤਾਂ ਦੀ ਗਾਇਕੀ ਉੱਤੇ ਕਈ ਵਿਦਿਆਰਥੀਆਂ ਵਲੋਂ ਐਮ. ਫਿਲ. ਅਤੇ ਪੀ. ਐੱਚ. ਡੀ. ਵੀ ਕੀਤੀ ਗਈ ਹੈ ਤੇ ਇਨ੍ਹਾਂ ਉੱਤੇ ਵੱਖ-ਵੱਖ ਲੇਖਕਾਂ ਵੱਲੋਂ ਪੁਸਤਕਾਂ ਵੀ ਲਿਖੀਆਂ ਗਈਆਂ ਹਨ। ਸੰਗੀਤਿਕ ਪਰੰਪਰਾ ਨੂੰ ਅੱਗੇ ਵਧਾਉਂਦੀਆਂ ਗੁਰਮੀਤ ਬਾਵਾ ਦੀਆਂ ਦੋਵੇਂ ਧੀਆਂ ਲਾਚੀ ਬਾਵਾ ਤੇ ਗਲੋਰੀ ਬਾਵਾ ਵੀ ਆਪਣੀ ਮਾਂ ਦੀ ਤਰ੍ਹਾਂ ਹੀ ਸੰਗੀਤ ਨਾਲ ਜੁੜੀਆਂ ਅਤੇ ਲੋਕ ਗੀਤਾਂ ਦੀ ਸੇਵਾ ਕਰਦਿਆਂ ਰਹੀਆਂ। ਪਰ ਜ਼ਿੰਦਗੀ ਦੀ ਇਹ ਖੁਸ਼ੀ ਉਸ ਵੇਲੇ ਝੁਰ ਗਈ, ਜਦੋਂ ਇੱਕ ਮਾਂ ਆਪਣੀ ਝੋਲੀ ‘ਚੋਂ ਆਪਣੀ ਲਾਡਲੀ ਧੀ ਗੁਆ ਬੈਠੀ। ਲਾਚੀ ਬਾਵਾ ਦੀ ਅਚਾਨਕ ਮੌਤ ਨੇ ਗੁਰਮੀਤ ਬਾਵਾ ਨੂੰ ਅੰਦਰੋਂ ਤੋੜ ਦਿੱਤਾ। ਇਸ ਅਣਸਹਿਣੇ ਦੁੱਖ ਨੇ ਉਨ੍ਹਾਂ ਦੀ ਤਬੀਅਤ ਨੂੰ ਵੀ ਪ੍ਰਭਾਵਿਤ ਕੀਤਾ ਅਤੇ ਆਖ਼ਰਕਾਰ 21 ਨਵੰਬਰ 2021 ਨੂੰ 77 ਸਾਲ ਦੀ ਉਮਰ ਵਿੱਚ ਉਹ ਸਦਾ ਲਈ ਇਸ ਸੰਸਾਰ ਤੋਂ ਖਾਮੋਸ਼ ਹੋ ਗਈ। ਉਸ ਤੋਂ ਢਾਈ ਸਾਲ ਬਾਅਦ ਹੀ ਉਨ੍ਹਾਂ ਦੇ ਪਤੀ ਕਿਰਪਾਲ ਸਿੰਘ ਬਾਵਾ ਵੀ ਇਸ ਦੁਨੀਆ ਨੂੰ ਅਲਵਿਦਾ ਆਖ ਗਏ। ਗੁਰਮੀਤ ਬਾਵਾ ਪੰਜਾਬੀ ਗਾਇਕੀ ਦੀ ਉਹ ਅਮਰ ਅਵਾਜ਼ ਰਹੀ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਮਿੱਟੀ ਦੀ ਪਛਾਣ, ਸੱਭਿਆਚਾਰ ਦੀ ਅਹਿਮੀਅਤ ਅਤੇ ਲੋਕਧਾਰਾ ਦੀ ਗੂੰਜ ਵਜੋਂ ਸਦਾ ਪ੍ਰੇਰਿਤ ਕਰਦੀ ਰਹੇਗੀ। ਉਹਨਾਂ ਦੇ ਸੁਰ, ਉਹਨਾਂ ਦੀ ਹੇਕ, ਪੁਰਾਤਨ ਸਾਜ਼ਾਂ ਨਾਲ ਗਾਉਣਾ ਅਤੇ ਉਹਨਾਂ ਦੀ ਭਾਵਨਾਤਮਕ ਅਦਾਇਗੀ ਅੱਜ ਵੀ ਸਾਡੇ ਦਿਲਾਂ ਵਿਚ ਗੂੰਜ ਰਹੀ ਹੈ ਅਤੇ ਹਮੇਸ਼ਾ ਗੂੰਜਦੀ ਰਹੇਗੀ।
ਬਲਦੇਵ ਸਿੰਘ ਬੇਦੀ ਜਲੰਧਰ
9041925181



