ਨਵੀਂ ਦਿੱਲੀ (ਸਮਾਜ ਵੀਕਲੀ): ਤੇਜ਼ੀ ਨਾਲ ਬਦਲ ਰਹੇ ਭੂ-ਸਿਆਸੀ ਹਾਲਾਤ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਬੋਰਿਸ ਜੌਹਨਸਨ ਨੇ ਨਵੀਂ ਅਤੇ ਮੋਕਲੀ ਭਾਰਤ-ਯੂਕੇ ਰੱਖਿਆ ਭਾਈਵਾਲੀ ਲਈ ਸਹਿਮਤੀ ਦਿੱਤੀ ਹੈ। ਦੋਵਾਂ ਆਗੂਆਂ ਨੇ ਸਾਲ ਦੇ ਅਖੀਰ ਤੱਕ ਮੁਕਤ ਵਪਾਰ ਸਮਝੌਤੇ (ਐੱਫਟੀਏ) ਨੂੰ ਸਹੀਬੰਦ ਕਰਨ ਦਾ ਸੰਕਲਪ ਵੀ ਦੁਹਰਾਇਆ। ਦੋਵਾਂ ਧਿਰਾਂ ਨੇ ਵਣਜ ਤੇ ਅਰਥਚਾਰੇ, ਰੱਖਿਆ ਤੇ ਸੁਰੱਖਿਆ, ਵਾਤਾਵਰਨ ਤਬਦੀਲੀ ਸਣੇ ਹੋਰ ਕਈ ਖੇਤਰਾਂ ਵਿੱਚ ਰਿਸ਼ਤਿਆਂ ਦਾ ਘੇਰਾ ਵਧਾਉਣ ਲਈ 10 ਸਾਲਾ ਰੋਡਮੈਡ ਅਪਣਾਉਣ ਦੀ ਸਹਿਮਤੀ ਦਿੱਤੀ। ਜੌਹਨਸਨ ਨੇ ਦੋਵਾਂ ਮੁਲਕਾਂ ਦੀ ਸਾਂਝ ਦੀਆਂ ਸਿਫ਼ਤਾਂ ਕੀਤੀਆਂ। ਆਪਣੀ ਦੋ ਰੋਜ਼ਾ ਭਾਰਤ ਫੇਰੀ ਦੇ ਆਖਰੀ ਦਿਨ ਬਰਤਾਨਵੀ ਪ੍ਰਧਾਨ ਮੰਤਰੀ ਨੇ ਅੱਜ ਇੱਥੇ ਹੈਦਰਾਬਾਦ ਹਾਊਸ ’ਚ ਸ੍ਰੀ ਮੋਦੀ ਨਾਲ ਵੱਖ ਵੱਖ ਮੁੱਦਿਆਂ ’ਤੇ ਤਫ਼ਸੀਲ ਵਿੱਚ ਗੱਲਬਾਤ ਕੀਤੀ।
ਜੌਹਨਸਨ ਨੇ ਕਿਹਾ ਕਿ ਯੂਕੇ ਵੱਲੋਂ ਭਾਰਤ ਲਈ ਓਪਨ ਜਨਰਲ ਐਕਸਪੋਰਟ ਲਾਇਸੈਂਸ (ਓਜੀਈਐੱਲ) ਸਿਰਜਿਆ ਜਾ ਰਿਹਾ ਹੈ, ਜਿਸ ਨਾਲ ਰੱਖਿਆ ਖਰੀਦ ਵਿੱਚ ‘ਅਫ਼ਸਰਸ਼ਾਹੀ ਨਾਲ ਜੁੜੇ ਅੜਿੱਕੇ ਤੇ ਡਲਿਵਰੀ ਦਾ ਸਮਾਂ’ ਘਟਾਉਣ ਵਿੱਚ ਮਦਦ ਮਿਲੇਗੀ। ਬਰਤਾਨਵੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਜਲ, ਥਲ, ਹਵਾ ਤੇ ਸਾਈਬਰ ਕਾਰਜ-ਖੇਤਰਾਂ ’ਚ ਦਰਪੇਸ਼ ਨਵੀਆਂ ਚੁੁਣੌਤੀਆਂ ਦੇ ਟਾਕਰੇ ਲਈ ਮਿਲ ਕੇ ਕੰਮ ਕਰਨ ’ਤੇ ਸਹਿਮਤੀ ਦਿੱਤੀ। ਜੌਹਨਸਨ ਨੇ ਕਿਹਾ ਕਿ ਯੂਕੇ ਨਵੀਂ ਲੜਾਕੂ ਜੈੱਟ ਤਕਨੀਕ ਤੇ ਸਾਗਰੀ ਫਰੰਟ ’ਤੇ ਮੌਜੂਦਾ ਖਤਰਿਆਂ ਨਾਲ ਸਿੱਝਣ ਲਈ ਭਾਰਤ ਨਾਲ ਭਾਈਵਾਲੀ ਪਾਏਗਾ। ਉਨ੍ਹਾਂ ਕਿਹਾ, ‘‘ਅੱਜ ਅਸੀਂ ਨਵੀਂ ਤੇ ਵਿਆਪਕ ਰੱਖਿਆ ਤੇ ਸੁਰੱਖਿਆ ਭਾਈਵਾਲੀ ਅਤੇ ਦਹਾਕਿਆਂ ਪੁਰਾਣੀ ਆਪਣੀ ਵਚਨਬੱਧਤਾ ਕਿ ਅਸੀਂ ਨਾ ਸਿਰਫ਼ ਰਿਸ਼ਤਿਆਂ ਨੂੰ ਹੋਰ ਗੂੜ੍ਹਾ ਕਰਾਂਗੇ ਬਲਕਿ ਨਰੇਂਦਰ (ਮੋਦੀ) ਦੇ (ਰੱਖਿਆ ਖੇਤਰ ਵਿੱਚ) ਮੇਕ ਇਨ ਇੰਡੀਆ ਦੇ ਟੀਚੇ ਨੂੰ ਵੀ ਪੂਰਾ ਕਰਾਂਗੇ।’’ ਮੁਕਤ ਵਪਾਰ ਸਮਝੌਤੇ (ਐੱਫਟੀਏ) ਦਾ ਹਵਾਲਾ ਦਿੰਦਿਆਂ ਜੌਹਨਸਨ ਨੇ ਕਿਹਾ ਕਿ ਉਨ੍ਹਾਂ ਦੀ ਇੱਛਾ ਹੈ ਕਿ ਦੋਵਾਂ ਧਿਰਾਂ ਦੇ ਵਾਰਤਾਕਾਰ ਅਕਤੂਬਰ ਵਿੱਚ ਦੀਵਾਲੀ ਤੋਂ ਪਹਿਲਾਂ ਸਮਝੌਤਾ ਸਹੀਬੰਦ ਕਰ ਲੈਣ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐੱਫਟੀਏ ਦਾ ਜ਼ਿਕਰ ਕਰਦੇ ਹੋੲੋ ਕਿਹਾ ਕਿ ਮੁਕਤ ਵਪਾਰ ਸਮਝੌਤੇੇ ਨੂੰ ਲੈ ਕੇ ‘ਸਾਕਾਰਾਤਮਕ ਪੇਸ਼ਕਦਮੀ’ ਹੋਈ ਹੈ ਤੇ ਦੋਵਾਂ ਧਿਰਾਂ ਨੇ ਇਸ ਸਾਲ ਦੇ ਅਖੀਰ ਤੱਕ ਸਮਝੌਤਾ ਸਿਰੇ ਚਾੜ੍ਹਨ ਲਈ ਆਪਣਾ ਬਿਹਤਰੀਨ ਦੇਣ ਦਾ ਫੈਸਲਾ ਕੀਤਾ ਹੈ। ਸ੍ਰੀ ਮੋਦੀ ਨੇ ਕਿਹਾ, ‘‘ਪਿਛਲੇ ਕੁਝ ਮਹੀਨਿਆਂ ਵਿੱਚ ਭਾਰਤ ਨੇ ਯੂਏਈ ਤੇ ਆਸਟਰੇਲੀਆ ਨਾਲ ਮੁਕਤ ਵਪਾਰ ਸਮਝੌਤੇ ਸਿਰੇ ਚਾੜੇ ਹਨ। ਅਸੀਂ ਉਸੇ ਰਫ਼ਤਾਰ ਤੇ ਉਸੇ ਵਚਨਬੱਧਤਾ ਨਾਲ ਯੂਕੇ ਨਾਲ ਮਿਲ ਕੇ ਐੱਫਟੀਏ ਵੱਲ ਅੱਗੇ ਵਧਣਾ ਚਾਹਾਂਗੇ।’’ ਉਨ੍ਹਾਂ ਕਿਹਾ, ‘‘ਅਸੀਂ ਰੱਖਿਆ ਸੈਕਟਰ ਵਿਹ ਸਹਿਯੋਗ ਵਧਾਉਣ ’ਤੇ ਵੀ ਸਹਿਮਤੀ ਦਿੱਤੀ ਹੈ। ਅਸੀਂ ਰੱਖਿਆ ਸੈਕਟਰ ਵਿੱਚ ਭਾਰਤ ਨੂੰ ਨਿਰਮਾਣ, ਤਕਨਾਲੋਜੀ, ਡਿਜ਼ਾਈਨ ਤੇ ਵਿਕਾਸ ਵਿਚ ‘ਆਤਮ ਨਿਰਭਰ’ ਬਣਾਉਣ ਲਈ ਯੂਕੇ ਵੱਲੋਂ ਦਿੱਤੀ ਜਾਣ ਵਾਲੀ ਹਮਾਇਤ ਦਾ ਸਵਾਗਤ ਕਰਦੇ ਹਾਂ।’’
ਯੂਕਰੇਨ ਸੰਕਟ ਬਾਰੇ ਗੱਲ ਕਰਦਿਆਂ ਸ੍ਰੀ ਮੋਦੀ ਨੇ ਫੌਰੀ ਗੋਲੀਬੰਦੀ ਅਤੇ ਮਸਲੇ ਨੂੰ ਸੰਵਾਦ ਤੇ ਕੂਟਨੀਤੀ ਜ਼ਰੀਏ ਸੁਲਝਾਉਣ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ, ‘‘ਅਸੀਂ ਸਾਰੇ ਦੇਸ਼ਾਂ ਦੀ ਪ੍ਰਾਦੇਸ਼ਕ ਅਖੰਡਤਾ ਤੇ ਪ੍ਰਭੂਸੱਤਾ ਦੇ ਸਤਿਕਾਰ ਦੀ ਅਹਿਮੀਅਤ ’ਤੇ ਜ਼ੋਰ ਦਿੰਦੇ ਹਾਂ।’’ ਭਾਰਤ-ਪ੍ਰਸ਼ਾਂਤ ਦੇ ਹਵਾਲੇ ਨਾਲ ਸ੍ਰੀ ਮੋਦੀ ਨੇ ਖੇਤਰ ਵਿੱਚ ਮੁਕਤ, ਖੁੱਲ੍ਹਾ ਤੇ ਸੰਮਲਿਤ ਤੇ ਨਿਯਮਾਂ ਅਧਾਰਿਤ ਹੁਕਮਾਂ ਦੀ ਪਾਲਣਾ ’ਤੇ ਜ਼ੋਰ ਦਿੱੱਤਾ। ਉਨ੍ਹਾਂ ਕਿਹਾ ਕਿ ਯੂਕੇ ਦੇ ਭਾਰਤ-ਪ੍ਰਸ਼ਾਂਤ ਸਾਗਰੀ ਪਹਿਲਕਦਮੀ ਵਿੱਚ ਸ਼ਾਮਲ ਹੋਣ ਦੇ ਫੈਸਲੇ ਦਾ ਭਾਰਤ ਸਵਾਗਤ ਕਰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਅਮਨ, ਸਥਿਰ ਤੇ ਸੁਰੱਖਿਅਤ ਅਫ਼ਗ਼ਾਨਿਸਤਾਨ ਦੀ ਹਮਾਇਤ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਹੈ ਕਿ ਅਫ਼ਗ਼ਾਨ ਖੇਤਰ ਨੂੰ ਹੋਰਨਾਂ ਮੁਲਕਾਂ ਵਿੱਚ ਦਹਿਸ਼ਤਵਾਦ ਦੇ ਪ੍ਰਚਾਰ ਪਾਸਾਰ ਲਈ ਨਾ ਵਰਤਿਆ ਜਾਵੇ।
ਗੱਲਬਾਤ ਦੌਰਾਨ ਮੋਦੀ ਤੇ ਜੌਹਨਸਨ ਨੇ ਸਾਫ਼ ਤੇ ਨਵਿਆਉਣਯੋਗ ਊਰਜਾ ਵਿੱਚ ਨਵੇਂ ਸਹਿਯੋਗ ਬਾਰੇ ਵੀ ਵਿਚਾਰ ਚਰਚਾ ਕੀਤੀ। ਦੋਵਾਂ ਧਿਰਾਂ ਨੇ ਕੋਪ26 ਵਿੱਚ ਐਲਾਨ ਕੀਤੇ ਟੀਚਿਆਂ ਦੀ ਪ੍ਰਾਪਤੀ ਲਈ ਵਰਚੁਅਲ ਹਾਈਡਰੋਜਨ ਸਾਇੰਸ ਤੇ ਇਨੋਵੇਸ਼ਨ ਹੱਬ ਵੀ ਲਾਂਚ ਕੀਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly