ਪੰਦਰਾਂ ਰੁਪਏ

ਤਰਸੇਮ ਸਹਿਗਲ

(ਸਮਾਜ ਵੀਕਲੀ)

ਨੰਗਲ ਟਾਊਨਸਿਪ ਸ਼ਹਿਰ ਵਿੱਚ ਆਈ. ਟੀ ਆਈ. ਕਰਦੇ ਵਕਤ ਮੇਰੇ ਨਾਲ ਮੇਰੇ ਪਿੰਡਾਂ ਵੱਲ ਦਾ ਹੀ ਇੱਕ ਮੁੰਡਾ ਸਾਡਾ ਕਲਾਸ ਫੈਲੋ ਸੀ, ਜਿਸ ਦਾ ਨਾਂ ਗੋਪਾਲ ਸੀ l ਪਰ ਸਾਰੇ ਮੁੰਡੇ ਉਸ ਨੂੰ ਪਾਲੀ ਕਹਿ ਕੇ ਬੁਲਾਓਂਦੇ ਸਨ l ਇੱਕ ਵਾਰ ਉਹ ਸਾਈਕਲ ਤੇ ਅਨੰਦਪੁਰ ਸਾਹਿਬ ਦੇ ਨੇੜੇ ਅੰਗਮਪੁਰ ਪਿੰਡ ਕਿਸੇ ਕੰਮ ਲਈ ਗਿਆ, ਕਿਤੇ ਮੋੜ ਮੁੜਦੇ ਵਕਤ ਉਸ ਦਾ ਸਾਈਕਲ ਕਿਸੇ ਕੁੜੀ ਦੇ ਸਾਈਕਲ ਨਾਲ ਟਕਰਾ ਗਿਆ l ਦੋਨੋ ਡਿੱਗ ਪਏ l ਕੁੜੀ ਦੇ ਸਾਈਕਲ ਦਾ ਅਗਲਾ ਰਿਮ ਵਿੰਗਾ ਹੋ ਗਿਆ l ਕੁੜੀ ਲੱਗ ਪਈ ਪਾਲੀ ਨੂੰ ਗਾਲਾਂ ਕੱਢਣ ” ਢਹਿ ਜਾਣਿਆ, ਰੁੜ ਜਾਣਿਆ, ਅੱਖਾਂ ਤੋਂ ਅੰਨਿਆ, ਦੇਖ ਕੇ ਨੀ ਸਾਈਕਲ ਚਲਾ ਹੁੰਦਾ l ” ਪਾਲੀ ਫੁਰਤੀ ਨਾਲ ਉੱਠਿਆ, ਆਪਣੇ ਸਾਈਕਲ ਤੇ ਚੜ੍ਹ ਕੇ, ਸਾਈਕਲ ਦੀ ਰੇਲ ਬਣਾ ਦਿੱਤੀ l ਪਿੱਛਿਓਂ ਕੁੜੀ ਗਾਲਾਂ ਕੱਢਦੀ ਰਹਿ ਗਈ l

ਸੰਨ 1988 ਦੇ ਕਰੀਬ ਪਾਲੀ ਫੌਜ ਵਿੱਚ ਭਰਤੀ ਹੋ ਗਿਆ l ਪਾਲੀ ਦੇ ਘਰਦਿਆਂ ਨੇ ਪਾਲੀ ਦਾ ਵਿਆਹ ਕਰਨ ਲਈ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੱਤਾ l ਇੱਕ ਜਗਹ ਰਿਸ਼ਤੇ ਦੀ ਗੱਲ ਹੋ ਗਈ l ਪਾਲੀ ਦੇ ਘਰ ਵਾਲੇ ਤੇ ਕੁੜੀ ਦੇ ਘਰ ਵਾਲੇ ਰਿਸ਼ਤੇ ਲਈ ਸਹਿਮਤ ਹੋ ਗਏ l ਅੱਗੇ ਇਹ ਸਲਾਹ ਬਣੀ ਕਿ ਇੱਕ ਵਾਰ ਮੁੰਡਾ ਕੁੜੀ ਇੱਕ ਦੂਜੇ ਨੂੰ ਦੇਖ ਲੈਣ, ਤੇ ਮੁੰਡੇ, ਕੁੜੀ ਦੀ ਸਹਿਮਿਤੀ ਤੋਂ ਬਾਦ ਗੱਲ ਪੱਕੀ ਕਰ ਲਈ ਜਾਵੇਗੀ l

ਕੁੱਝ ਦਿਨਾਂ ਬਾਦ ਪਾਲੀ ਫੌਜ ਤੌਂ ਛੁੱਟੀ ਤੇ ਆਇਆ ਤਾਂ ਉਸ ਦੇ ਘਰਦਿਆਂ ਨੇ ਕੁੜੀ ਦੇ ਘਰਦਿਆਂ ਨਾਲ ਗੱਲ ਕਰਕੇ ਮੁੰਡੇ -ਕੁੜੀ ਦੀ ਮੁਲਾਕਾਤ ਲਈ ਇੱਕ ਦਿਨ ਰੱਖ ਲਿਆ l ਮੁੰਡੇ ਕੁੜੀ ਨੇ ਮੁਲਾਕਾਤ ਗੰਗੂਵਾਲ ਪਿੰਡ ਕਿਸੇ ਰਿਸਤੇਦਾਰ ਦੇ ਘਰ ਕਰਨੀ ਸੀ l ਮਿਥੇ ਦਿਨ ਪਾਲੀ ਆਪਣੇ ਘਰਦਿਆਂ ਨਾਲ ਗੰਗੂਵਾਲ ਪਿੰਡ ਪੁਹੰਚ ਗਿਆ ਤੇ ਪਾਲੀ ਨੂੰ ਅਲੱਗ ਇੱਕ ਕਮਰੇ ਵਿੱਚ ਬਿਠਾ ਦਿੱਤਾ l ਓਧਰ ਕੁੜੀ ਵਾਲਿਆਂ ਨੇ ਵੀ ਆਪਣੀ ਕੁੜੀ ਨੂੰ ਉਸ ਪਾਲੀ ਵਾਲੇ ਕਮਰੇ ਵਿੱਚ ਭੇਜ ਦਿੱਤਾ l

ਲੇਕਿਨ ਕੁੱਝ ਟਾਈਮ ਬਾਦ ਬਾਹਰ ਬੈਠੇ ਕੁੜੀ ਤੇ ਮੁੰਡੇ ਦੇ ਘਰ ਵਾਲਿਆਂ ਨੂੰ ਅੰਦਰ ਲੜਾਈ ਦੀਆਂ ਆਵਾਜਾਂ ਸੁਣਾਈ ਦੇਣ ਲੱਗੀਆਂ l ਕੁੜੀ ਤੇ ਮੁੰਡੇ ਦੇ ਘਰ ਦੇ ਫਟਾ -ਫਟ ਮੁਲਾਕਾਤ ਵਾਲੇ ਕਮਰੇ ਵੱਲ ਦੌੜ ਪਏ ਤਾਂ ਅੰਦਰ ਜਾ ਕੇ ਦੇਖਿਆ ਕੇ ਕੁੜੀ ਨੇ ਪਾਲੀ ਨੂੰ ਵਾਲਾਂ ਤੌਂ ਫੜਿਆ ਹੋਇਆ ਸੀ ਤੇ ਬੜੀ ਗੁਸੇ ਵਿੱਚ ਬੋਲ ਰਹੀ ਸੀ ” ਐਨੇ ਦਿਨਾਂ ਬਾਦ ਤੂੰ ਅੱਜ ਕਾਬੂ ਆਇਆ, ਓਦਣ ਸਾਈਕਲ ਵਿੱਚ ਸਾਈਕਲ ਮਾਰ ਕੇ ਕਿਦਾਂ ਦੌੜ ਗਿਆ ਸੀ, ਢਹਿ ਜਾਣਿਆ, ਕੰਜਰਾ, ਸਾਈਕਲ ਨੂੰ ਠੀਕ ਕਰਾਉਣ ਤੇ ਪੰਦਰਾਂ ਰੁਪਏ ਖਰਚਾ ਆਇਆ, ਕੱਢ ਪੰਦਰਾਂ ਰੁਪਏ, ਨਹੀਂ ਤਾਂ ਤੈਨੂੰ ਅੱਜ ਮੈਂ ਸੁੱਕਾ ਨੀ ਜਾਣ ਦੇਣਾ l ”

ਸੋ ਕੁੱਛ ਟਾਈਮ ਬਾਦ ਕੁੜੀ ਤੇ ਮੁੰਡੇ ਵਾਲਿਆਂ ਨੂੰ ਕਹਾਣੀ ਸਮਝ ਲੱਗੀ ਕਿ ਮਾਜਰਾ ਕੀ ਹੈ l ਕੁੜੀ ਵਾਲੇ, ਕੁੜੀ ਨੂੰ ਬਾਹਰ ਆਣ ਲਈ ਕਹਿਣ, ਪਰ ਕੁੜੀ ਕਹਿਣ ਲੱਗੀ ਕਿ ” ਨਹੀਂ ਪਹਿਲਾਂ ਸਾਈਕਲ ਮੂਰੰਮਤ ਦੇ ਪੰਦਰਾਂ ਰੁਪਏ ਲੈਣੇ, ਫਿਰ ਇਹਨੂੰ ਛੱਡਣਾ l ” ਕੁੜੀ ਦੇ ਘਰਦੇ ਕਹਿਣ” ਛੱਡ ਹੁਣ,” ਪਰ ਕੁੜੀ ਕਹਿਵੇ ,” ਨਾ ਜੀ ਨਾ, ਅੱਜ ਬੜੀ ਮੁਸ਼ਕਿਲ ਨਾਲ ਐਨੀ ਦੇਰ ਬਾਦ ਕਾਬੂ ਆਇਆ, ਪੰਦਰਾਂ ਰੁਪਏ ਲਏ ਵਗੈਰ ਨੀ ਮੈਂ ਇਹਨੂੰ ਛੱਡਦੀ ! ”

ਆਖਰ ਨੂੰ ਪਾਲੀ ਨੇ ਕੁੜੀ ਨੂੰ ਪੰਦਰਾਂ ਰੁਪਏ ਦਿੱਤੇ ਤੇ ਮੁੰਡਾ ਕੁੜੀ ਦੇ ਘਰਦੇ ਮੂੰਹ ਮਸੋਸੇ ਜਿਹੇ ਲੈ ਕੇ ਆਪਣੇ- ਆਪਣੇ ਘਰਾਂ ਨੂੰ ਆ ਗਏl..

ਤਰਸੇਮ ਸਹਿਗਲ
93578-96207

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਾਕਿ ਹਿੰਦੂ ਯਾਤਰੀਆਂ ਨੂੰ ਵਤਨ ਪਰਤਣ ਤੋਂ ਰੋਕਿਆ
Next articleਬੀ ਪੀ ਈ ਓ ਦੁਆਰਾ ਛੰਨਾ ਸ਼ੇਰ ਸਿੰਘ ਸਕੂਲ ਦਾ ਨਿਰੀਖਣ