ਪੁਸਤਕ ਦਾ ਨਾਂ – ਬੰਦ ਘਰਾਂ ਦੇ ਵਾਸੀ
ਕਵੀ – ਹਰੀਪਾਲ
ਕਰੀਬ ਪੰਨੇ – 77 ਕੀਮਤ – 80/- ਰੁਪਏ
ਪ੍ਰਕਾਸ਼ਕ – ਚੇਤਨਾ ਪ੍ਰਕਾਸ਼ਨ, ਲੁਧਿਆਣਾ।
ਰਿਵਿਊਕਾਰ – ਤੇਜਿੰਦਰ ਚੰਡਿਹੋਕ

(ਸਮਾਜ ਵੀਕਲੀ) ਕਵਿਤਾ ਇਕ ਕੋਮਲਭਾਵੀ ਵਿਧਾ ਹੈ ਅਤੇ ਇਸ ਵਿਧਾ ਰਾਹੀਂ ਪ੍ਰਗਟ ਕੀਤੇ ਗਏ ਭਾਵ ਵੀ ਕੋਮਲ ਹੁੰਦੇ ਹਨ ਜਿਹੜੇ ਕਿਸੇ ਤਰ੍ਹਾਂ ਦੀ ਠੇਸ ਨਾਲ ਟੁੱਟ ਕੇ ਬਿਖਰ ਜਾਂਦੇ ਹਨ। ਸਾਡਾ ਸ਼ਾਇਰ ਹਰੀਪਾਲ ਵੀ ਸੂਖਮ ਵਿਚਾਰਾਂ ਦਾ ਧਾਰਨੀ ਹੈ ਜਿਹੜਾ ਅੱਜਕਲ ਕੈਨੇਡਾ ਦੀ ਧਰਤੀ ਤੇ ਰਹਿੰਦਾ ਹੈ ਅਤੇ ਉਸ ਦੇ ਮਨ ਨੂੰ ਉਥੋਂ ਦੇ ਵਾਤਾਵਰਨ ਨੇ ਕਾਵਿ ਵਿਧਾ ਵੱਲ ਤੋਰਿਆ ਹੈ। ਹਥਲੀ ਪੁਸਤਕ ਹਰੀਪਾਲ ਦਾ ਕਾਵਿ ਸੰਗ੍ਰਹਿ ਹੈ ਜਿਸ ਵਿਚ ਉਸ ਨੇ ਕਰੀਬ ਚੌਂਤੀ ਕਵਿਤਾਵਾਂ ਸ਼ੁਮਾਰ ਕੀਤੀਆਂ ਹਨ ਅਤੇ ਆਪਣੇ ਸਵਰਗੀ ਪਿਤਾ ਗੁਰਮੇਲ ਸਿੰਘ ਹੁਰਾਂ ਨੂੰ ਸਮਰਪਿਤ ਕੀਤੀ ਹੈ।
ਪਿੱਛੇ ਜਿਹੇ ਉਹ ਦੇਸ਼ ਆਇਆ ਤਾਂ ਆਪਣੇ ਹਥਲੇ ਕਾਵਿ ਸੰਗ੍ਰਹਿ ਨਾਲ ਕੈਨੇਡਾ ਦੇ ਹੋਰ ਲੇਖਕਾਂ ਦੀਆਂ ਪੁਸਤਕਾਂ ਪੜਚੋਲ ਕਰਨ ਲਈ ਦਿੱਤੀਆਂ। ਉਸ ਦੇ ਇਸ ਕਾਵਿ ਸੰਗ੍ਰਹਿ ਬੰਦ ਘਰਾਂ ਦੇ ਵਾਸੀ ਦੇ ਅਧਿਐਨ ਕਰਨ ਤੋਂ ਉਸ ਦੀ ਸੋਚ ਅਤੇ ਭਾਵਨਾ ਦਾ ਗਿਆਨ ਹੁੰਦਾ ਹੈ। ਇਸ ਦੀ ਕਵਿਤਾ ਵਿਚ ਅੱਜ ਦੇ ਮਸ਼ੀਨੀ ਯੁੱਗ, ਇਕੱਲਤਾ, ਮਾਂ ਬੋਲੀ, ਮੁਹੱਬਤਾਂ ਅਤੇ ਯਾਦਾਂ ਆਦਿ ਅਨੇਕ ਭਾਵਨਾਵਾਂ ਉਜਾਗਰ ਹੁੰਦੀਆਂ ਹਨ। ਬੰਦ ਘਰਾਂ ਦੇ ਵਾਸੀ ਪੁਸਤਕ ਵਿਚ ਸਤਵੀਂ ਕਵਿਤਾ ਹੈ ਜਿਸ ਉਸ ਨੇ ਵਿਦੇਸ਼ੀ ਜਨ ਜੀਵਨ ਦੀ ਬਾਤ ਪਾਈ ਹੈ ਕਿ ਜਦੋਂ ਲੋਕੀ ਘਰਾਂ ਵਿੱਚ ਹੁੰਦੇ ਹਨ ਤਾਂ ਘਰਾਂ ਨੂੰ ਅੰਦਰੋਂ ਜਿੰਦੇ ਤੇ ਜਦੋਂ ਬਾਹਰ ਹੋਣ ਤਾਂ ਬਾਹਰੋਂ ਜਿੰਦੇ ਲਗੇ ਹੁੰਦੇ ਹਨ। ਉਹਨਾਂ ਦਾ ਕਿਸੇ ਨਾਲ ਕੋਈ ਸਰੋਕਾਰ ਨਹੀਂ ਹੁੰਦਾ। ਫਿਰ ਉਥੋਂ ਦੇ ਕੰਮ ਲੱਭਣ ਦੀ ਸੋਚ, ਪ੍ਰਸ਼ਾਸ਼ਨਿਕ ਕਾਨੂੰਨ, ਜ਼ਿੰਦਗੀ ਦੀਆਂ ਕੀਮਤਾਂ ਉਤਰਦੇ ਅੱਗੇ ਤੁਰ ਜਾਂਦੇ ਹਨ। ਬਿਗਾਨੇ ਦੇਸ਼ ਵਾਸੀਆਂ ਵੱਲੋਂ ਉਹਨਾਂ ਨੂੰ ” ਹਿੰਡੂਜ ” ਆਖਣਾ ਜਿਵੇਂ ਅਸੀਂ ਅਤੇ ਭਾਈਆਂ ਨੂੰ ਭਾਈਆ ਆਖਦੇ ਹਾਂ, ਇਕੋ ਵਰਤਾਰਾ ਹੈ।
ਪਾਰਕ ਵਿੱਚ ਬੈਠਾ ਤਾਇਆ ਨਿਹਾਲਾ ਕਵਿਤਾ ਦੇਸ਼ ਵਿੱਚੋ ਪ੍ਰਦੇਸ਼ ਗਏ ਬਜ਼ੁਰਗਾਂ ਦੀ ਸੋਚ ਦਾ ਪ੍ਰਗਟਾਵਾ ਕਰਦੀ ਹੈ। ਕਵਿਤਾ ਦਾ ਬੰਦ ਹੈ –
” ਤਾਇਆ ਨਿਹਾਲਾ
ਪਾਰਕ ਵਿਚ ਬਹਿੰਦਾ ਹੈ
ਕੁਝ ਨਹੀਂ ਬੋਲਦਾ
ਪਰ ਸੋਚਦਾ ਹੀ ਰਹਿੰਦਾ ਹੈ
ਸੋਚਦਾ ਹੀ ਰਹਿੰਦਾ ਹੈ। ” (ਪੰਨਾ 28)
ਇਸੇ ਸੰਧਰਭ ਵਿਚ ਅਗਲੀ ਕਵਿਤਾ ਕੈਦ ਸੋਚਾਂ, ਸੋਚਣ ਲਈ ਮਜ਼ਬੂਰ ਕਰਦੀਆਂ ਹਨ ਕਿ ਨਾ ਇੱਥੇ ਪੇਕੇ ਹਨ ਨਾ ਸਹੁਰੇ ਪਰ ਕਮਾਈ ਦੇ ਚੱਕਰ ਵਿੱਚ ਫਸੇ ਲੋਕ ਇੱਕ ਦੂਜੇ ਤੋਂ ਅੱਗੇ ਹਨ। ਭਾਸ਼ਾਵਾਂ ਦੀ ਗੱਲ ਕਰਦੀ ਕਵਿਤਾ ਮੇਰੀ ਜ਼ੁਬਾਨ ਦੇਸ਼ ਦੇ ਦਰਿਆ, ਬੇਲੇ, ਬੁੱਲੇ ਸ਼ਾਹ ਦੀ ਕਾਫ਼ੀ, ਭਾਈ ਮਨੀ ਸਿੰਘ, ਭਗਤ ਸਿੰਘ ਅਤੇ ਬੋਲੀ ਨੂੰ ਯਾਦ ਕਰਦਿਆਂ ਬੋਲੀ ਨੂੰ ਨਾ ਭੁੱਲਣ ਦਾ ਸੰਦੇਸ਼ ਦਿੰਦੀ ਹੈ। ਕਵਿਤਾਵਾਂ ਯੁੱਧ ਦਾ ਪਹਿਲਾ ਪੜਾਅ ਅਤੇ ਸੰਨ ਸੰਤਾਲੀ ਦੁਬਾਰਾ ਨਹੀਂ ਦੋ ਵੱਖ ਵੱਖ ਲੜਾਈਆਂ ਨੂੰ ਸਮੇਟਦੀ ਹੈ ਪਰ ਦੋਨਾਂ ਦਾ ਮੁੱਖ ਸੰਦੇਸ਼ ਇਕੋ ਹੀ ਹੈ ਕਿ ਲੜਾਈ ਦਾ ਹਰ ਪੜਾਅ ਜਿੱਤ ਨਹੀਂ ਹੁੰਦਾ। ਸਭਨਾਂ ਨੂੰ ਰਲ ਮਿਲ ਕੇ ਇਕੱਠੇ ਰਹਿਣ ਲਈ ਪ੍ਰੇਰਦੀ ਹੈ। ਨਾਲ ਹੀ ਪੁਸਤਕ ਦੀਆਂ ਕਵਿਤਾਵਾਂ ਬੰਦ ਘਰਾਂ ਦੇ ਵਾਸੀ ਅਤੇ ਵੰਗਾਰ ਕੈਨੇਡਾ ਵਿੱਚ ਪਾਸ ਹੋਏ ਬਿੱਲ ਗਿਆਰਾਂ ਦੀ ਗੱਲ ਵੀ ਕਰਦੀਆਂ ਹਨ ਜਿਹੜਾ ਸਿਹਤ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਬਣਿਆ ਗਿਆ। ਕਵਿਤਾ ਦੇ ਬੋਲ ਹਨ – ” ਘਬਰਾਈ ਨਾ ਮੇਰੇ ਦੋਸਤ
ਲੜ੍ਹਾਈ ਦਾ ਹਰ ਪੜਾਅ
ਜਿੱਤ ਨਹੀਂ ਹੁੰਦਾ
ਤੇ ਹਰ ਪੜਾਅ ਤੇ ਅੱਗੇ ਵਧਣਾ
ਸਾਡਾ ਹਿੱਤ ਨਹੀਂ ਹੁੰਦਾ। ” (ਪੰਨਾ 39)
ਕਵਿਤਾ ਦਵੰਦ ਆਪਣੀ ਜਨਮ ਭੂਮੀ ਅਤੇ ਵਸੇਵੇ ਦੀ ਯਾਦ ਨੂੰ ਦੁਚਿੱਤੀ ਵਿੱਚ ਪਾਉਂਦੀ ਹੈ। ਵਿਦੇਸ਼ ਗਿਆ ਵਿਅਕਤੀ ਦਾ ਦਿਲ ਕਿਤੇ ਵੀ ਨਹੀਂ ਲਗਦਾ। ਨਾ ਓਥੇ ਰਹਿਣਾ ਚਾਹੁੰਦਾ ਹੈ ਤੇ ਨਾ ਮੁੜ ਦੇਸ਼ ਵਾਪਸ ਆ ਸਕਦਾ ਹੈ। ਉਸ ਵਲੋ ਪਿਆਰੇ ਨਾਲ ਬਿਤਾਏ ਪਲ ਪਿੱਛਾ ਨਹੀਂ ਛੱਡਦੀ। ਕਵਿਤਾ ਨਜ਼ਮ ਦਾ ਸ਼ਿਅਰ ਦੇਖੋ – ” ਜਦ ਕਦੇ ਵੀ
ਯਾਦ ਤੇਰੀ ਦੀ ਗੱਲ ਤੁਰਦੀ ਹੈ
ਮਨ ਦੀ ਮਹਿਫ਼ਲ
ਅੱਖਾਂ ਸਾਹਵੇਂ ਆ ਖੜਦੀ ਹੈ। ” (ਪੰਨਾ 66)
ਕਵਿਤਾਵਾਂ ਯਾਦ, ਬੇ – ਬਸੀ, ਮਨੁੱਖ ਦੀ ਮੌਤ ਅਤੇ ਚੀਸ ਵੀ ਕਵੀ ਨੂੰ ਪ੍ਰਭਾਵਿਤ ਕਰਦੀਆਂ ਹਨ । ਉਹ ਸਹਿਗਲ, ਤਲਤ, ਰੂੜੀ ਮਾਰਕਾ, ਘੁੱਗੀਆਂ, ਕਾਂ, ਤੀਆਂ ਨੂੰ ਚੇਤੇ ਕਰਦਾ ਹੈ। ਉਸ ਅਨੁਸਾਰ ਮਨੁੱਖ ਦੀ ਮੌਤ ਗੋਲੀ ਨਾਲ ਨਹੀਂ ਸ਼ਰੀਕਾਂ ਦੀ ਬੋਲੀ ਨਾਲ, ਬਿਮਾਰੀ ਨਾਲ ਨਹੀਂ ਲਾਚਾਰੀ ਨਾਲ ਅਤੇ ਭੁੱਖ ਨਾਲ ਨਹੀਂ ਟੁੱਟੇ ਹੋਏ ਦਿਲ ਨਾਲ ਹੁੰਦੀ ਹੈ ਤੇ ਫਿਰ ਉਸ ਦੇ ਅੰਦਰ ਵਤਨ ਦੀ ਯਾਦ ਦੀ ਚੀਸ ਉੱਠਦੀ ਹੈ।
ਇਹਨਾਂ ਕਵਿਤਾਵਾਂ ਤੋਂ ਇਲਾਵਾ ਕਪੁੱਤਰ, ਠੰਡਾ ਯਖ਼ ਦਿਲ, ਅਸੀਂ ਨਾਸਤਕ ਹਾਂ ਅਤੇ ਸੁਫ਼ਨਾ ਤੇ ਅਸਲੀਅਤ ਵੀ ਪੜ੍ਹਨਯੋਗ ਅਤੇ ਵਿਚਾਰਯੋਗ ਹਨ। ਭਾਵੇਂ ਪੁਸਤਕ ਦੀਆਂ ਰਚਨਾਵਾਂ ਬਹੁਤੀਆਂ ਵਿਦੇਸ਼ ਇਕਲਾਪੇ ਦੇ ਦੁਖਾਂਤ ਦੀਆਂ ਹਨ ਪਰ ਕਵੀ ਦੀਆਂ ਭਾਵਨਾਵਾਂ ਵੀ ਪ੍ਰਗਟ ਕਰਦੀਆਂ ਹਨ।



