ਕਿਸਾਨ ਅੱਜ ਮਨਾਉਣਗੇ ‘ਖੇਤੀ ਬਚਾਓ-ਲੋਕਤੰਤਰ ਬਚਾਓ’ ਦਿਵਸ

ਨਵੀਂ ਦਿੱਲੀ (ਸਮਾਜ ਵੀਕਲੀ): ਦਿੱਲੀ ਦੀਆਂ ਹੱਦਾਂ ’ਤੇ ਚੱਲ ਰਹੇ ਇਤਿਹਾਸਕ ਕਿਸਾਨ-ਅੰਦੋਲਨ ਦੇ ਭਲਕੇ 26 ਜੂਨ ਨੂੰ 7 ਮਹੀਨੇ ਪੂਰੇ ਹੋ ਜਾਣਗੇ। ਇਨ੍ਹਾਂ ਸੱਤ ਮਹੀਨਿਆਂ ’ਚ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ’ਚ ਭਾਰਤ ਦੀਆਂ ਸੈਂਕੜੇ ਕਿਸਾਨ ਜਥੇਬੰਦੀਆਂ ਨੇ ਭਾਰਤ ਦੇ ਕਈ ਰਾਜਾਂ ਦੇ ਲੱਖਾਂ ਕਿਸਾਨਾਂ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਹੈ।

ਕਿਸਾਨ ਆਗੂ  ਡਾ. ਦਰਸ਼ਨ ਪਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਮਨਾਇਆ ਜਾ ਰਿਹਾ ‘ਖੇਤੀ ਬਚਾਓ, ਲੋਕਤੰਤਰ ਬਚਾਓ ਦਿਵਸ’ 1975 ਤੋਂ 1977 ਤੱਕ ਲੱਗੀ ਐਮਰਜੈਂਸੀ ਦੇ ਕਾਲੇ-ਦਿਨਾਂ ਦੀ ਪਿੱਠਭੂਮੀ ਖ਼ਿਲਾਫ਼ ਹੈ। ਉਹ ਅਜਿਹਾ ਸਮਾਂ ਸੀ ਜਦੋਂ ਨਾਗਰਿਕਾਂ ਦੇ ਲੋਕਤੰਤਰੀ ਅਧਿਕਾਰ ਬੇਰਹਿਮੀ ਨਾਲ ਕੁਚਲੇ ਗਏ ਅਤੇ ਮਨੁੱਖੀ ਅਧਿਕਾਰਾਂ ’ਤੇ ਰੋਕ ਲਗਾਈ ਗਈ ਸੀ। ਉਨ੍ਹਾਂ ਕਿਹਾ, ‘ਅੱਜ ਦਾ ਤਾਨਾਸ਼ਾਹੀ ਸ਼ਾਸਨ ਉਨ੍ਹਾਂ ਕਾਲੇ ਦਿਨਾਂ ਦੀ ਯਾਦ ਦਿਵਾਉਂਦਾ ਹੈ ਜਦੋਂ ਪ੍ਰਗਟਾਵੇ ਦੀ ਆਜ਼ਾਦੀ ਤੇ ਵਿਰੋਧ ਕਰਨ ਦਾ ਹੱਕ ਸਭ ਕੁਝ ਰੋਕ ਦਿੱਤਾ ਗਿਆ ਸੀ। ਹੁਣ ਵੀ ਹਾਲਾਤ ਉਸੇ ਤਰ੍ਹਾਂ ਦੇ ਹਨ। ਉਨ੍ਹਾਂ ਕਿਹਾ ਕਿ ਭਲਕੇ ਗਵਰਨਰਾਂ ਨੂੰ ਰਾਸ਼ਟਰਪਤੀ ਦੇ ਨਾਂ ਮੰਗ-ਪੱਤਰ ਸੌਂਪਦਿਆਂ ਸੰਵਿਧਾਨਿਕ ਹੱਕਾਂ, ਸਿਧਾਤਾਂ, ਲੋਕਤੰਤਰ ਦੀ ਰਾਖੀ ਅਤੇ ਕਿਸਾਨਾਂ ਦੀਆਂ ਮੰਗਾਂ ਮੰਨੇ ਜਾਣ ਦੀ ਅਪੀਲ ਕੀਤੀ ਜਾਵੇਗੀ।  ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਭਲਕੇ ਦੇਸ਼ ਭਰ ਦੇ ਹਜ਼ਾਰਾਂ ਕਿਸਾਨ ਵੱਖ ਵੱਖ ਰਾਜਾਂ ’ਚ ਰਾਜ ਭਵਨਾਂ ਵੱਲ ਰੈਲੀਆਂ ਲਈ ਤਿਆਰ ਹੋ ਰਹੇ ਹਨ। ਭਾਰਤੀ ਕਿਸਾਨਾਂ ਨਾਲ ਇਕਜੁੱਟਤਾ ਵਜੋਂ ਪਰਵਾਸੀ ਭਾਰਤੀਆਂ ਨੇ ਵੀ ਰੈਲੀਆਂ ਕਰਨ ਦਾ ਫ਼ੈਸਲਾ ਕੀਤਾ ਹੈ। ਅਜਿਹੀ ਹੀ ਇਕ ਰੈਲੀ ਦੀ ਯੋਜਨਾ ਅਮਰੀਕਾ ਦੇ ਮੈਸੇਚਿਊਸੈੱਟਸ ਵਿਚ ਕੀਤੀ ਜਾ ਰਹੀ ਹੈ।

ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਿਸਾਨ-ਅੰਦੋਲਨ ਸਦਕਾ ਦੇਸ਼ ਦੇ ਕਿਸਾਨਾਂ ਨੂੰ ਮਾਣ ਤੇ ਸਨਮਾਨ ਮੁੜ ਹਾਸਲ ਹੋਇਆ ਹੈ। ਦੇਸ਼ ਦਾ ਨੌਜਵਾਨ ਵਰਗ ਵੀ ਕਿਸਾਨ ਅਖਵਾਉਣ ’ਚ ਮਾਣ ਮਹਿਸੂਸ ਕਰ ਰਿਹਾ ਹੈ ਤੇ ਅੰਦੋਲਨ ਦਾ ਹਿੱਸਾ ਬਣ ਰਿਹਾ ਹੈ। ਕਿਸਾਨ ਔਰਤਾਂ ਵੀ ਸਰਗਰਮੀ ਨਾਲ ਅੰਦੋਲਨ ’ਚ ਹਿੱਸਾ ਲੈ ਰਹੀਆਂ ਹਨ ਤੇ ਕਿਸਾਨਾਂ ਦੇ ਹੱਕਾਂ ਦੀ ਰਾਖੀ ਲਈ ਸੰਘਰਸ਼ ਕਰ ਰਹੀਆਂ ਹਨ। ਉਨ੍ਹਾਂ ਮੁਤਾਬਕ ਭਾਜਪਾ ਸਰਕਾਰ ਵੱਲੋਂ ਕੀਤੀਆਂ ਕਈ ਕੋਸ਼ਿਸ਼ਾਂ ਦੇ ਬਾਵਜੂਦ ਕਿਸਾਨਾਂ ਦੀ ਏਕਤਾ ਬਣੀ ਹੋਈ ਹੈ। ਦੇਸ਼ ਦੇ ਨਾਗਰਿਕਾਂ ਤੇ ਉਨ੍ਹਾਂ ਦੇ ਹਿੱਤਾਂ ਤੇ ਭਲਾਈ ਪ੍ਰਤੀ ਸਰਕਾਰ ਦੀ ਜਵਾਬਦੇਹੀ ਸੰਘਰਸ਼ ਦੇ ਕੇਂਦਰ ਵਿਚ ਹੈ।

ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਭਲਕੇ ਵੀਹਵੀਂ ਸਦੀ ਦੇ ਭਾਰਤ ਦੇ ਜਿਮੀਂਦਰੀ ਪ੍ਰਣਾਲੀ ਦੇ ਵਿਰੁੱਧ ਲੜਨ ਵਾਲੇ ਮਹਾਨ ਕਿਸਾਨ ਆਗੂ ਸਵਾਮੀ ਸਹਿਜਾਨੰਦ ਸਰਸਵਤੀ ਦੀ ਵੀ ਬਰਸੀ ਹੈ। ਸ਼ਿਵਕੁਮਾਰ ਸ਼ਰਮਾ ‘ਕੱਕਾ ਜੀ’ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਫੇਸਬੁੱਕ ਲਾਈਵ ਰਾਹੀਂ ਇੱਕ ਪ੍ਰੋਗਰਾਮ ਕਰਵਾਇਆ ਗਿਆ ਜਿਸ ’ਚ ਪੂਰੇ ਭਾਰਤ ਤੋਂ ਬਹੁਤ ਸਾਰੇ ਕਿਸਾਨ ਆਗੂਆਂ ਨੇ ਹਿੱਸਾ ਲਿਆ। ਯੁੱਧਵੀਰ ਸਿੰਘ ਨੇ ਕਿਹਾ ਕਿ ਆਮ ਲੋਕਾਂ ਦੀ ਸ਼ਮੂਲੀਅਤ ਕਾਰਨ ਕਿਸਾਨ ਲੰਬੇ ਸਮੇਂ ਤੱਕ ਪੂਰੀ ਸ਼ਾਂਤੀ ਨਾਲ ਸੰਘਰਸ਼ ਛੇੜਨ ਵਿਚ ਕਾਮਯਾਬ ਰਹੇ ਹੈ। ਇਹ ਉਹ ਨਾਗਰਿਕ ਹਨ, ਜੋ ਸੇਵਾ ਭਾਵਨਾ ਨਾਲ, ਅਣਥੱਕ ਅਤੇ ਨਿਰਸਵਾਰਥ ਸੰਘਰਸ਼ ਦੀ ਹਮਾਇਤ ਕਰਦੇ ਹਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਜਵਾ ਪਰਿਵਾਰ ਜਨਤਕ ਮੁਆਫ਼ੀ ਮੰਗੇ: ਜਾਖੜ
Next articleਗੰਗਾ ਦੇ ਵਧੇ ਪੱਧਰ ਨੇ ਦੱਬੀਆਂ ਲਾਸ਼ਾਂ ਦੇ ਭੇਤ ਖੋਲ੍ਹੇ