ਗੰਗਾ ਦੇ ਵਧੇ ਪੱਧਰ ਨੇ ਦੱਬੀਆਂ ਲਾਸ਼ਾਂ ਦੇ ਭੇਤ ਖੋਲ੍ਹੇ

ਪ੍ਰਯਾਗਰਾਜ (ਸਮਾਜ ਵੀਕਲੀ):ਉੱਤਰ ਪ੍ਰਦੇਸ਼ ’ਚ ਮੋਹਲੇਧਾਰ ਮੀਂਹ ਨੇ ਕਰੋਨਾ ਦੀ ਦੂਜੀ ਲਹਿਰ ਦੌਰਾਨ ਮਾਰੇ ਗਏ ਲੋਕਾਂ ਦੀ ਗਿਣਤੀ ਛਿਪਾਉਣ ਦੇ ਸਾਰੇ ਯਤਨਾਂ ਨੂੰ ਖੋਲ੍ਹ ਕੇ ਰੱਖ ਦਿੱਤਾ ਹੈ। ਗੰਗਾ ਦਰਿਆ ’ਚ ਪਾਣੀ ਚੜ੍ਹਨ ਨਾਲ ਉਸ ਦੇ ਕੰਢਿਆਂ ’ਤੇ ਦੱਬੀਆਂ ਲਾਸ਼ਾਂ ਬਾਹਰ ਨਿਕਲ ਆਈਆਂ ਹਨ। ਸੀਨੀਅਰ ਮਿਉਂਸਿਪਲ ਅਧਿਕਾਰੀ ਨੇ ਕਿਹਾ ਕਿ ਇਸ ਮਹੀਨੇ ਕਰੋਨਾ ਦੇ ਕੇਸਾਂ ’ਚ ਵੱਡੇ ਪੱਧਰ ’ਤੇ ਗਿਰਾਵਟ  ਦਰਜ ਹੋਈ ਹੈ ਪਰ ਪਿਛਲੇ ਤਿੰਨ ਹਫ਼ਤਿਆਂ ਦੌਰਾਨ ਇਕੱਲੇ ਪ੍ਰਯਾਗਰਾਜ ’ਚ ਗੰਗਾ ’ਚੋਂ ਮਿਲੀਆਂ 108 ਲਾਸ਼ਾਂ ਦੇ ਅੰਤਿਮ ਸਸਕਾਰ ਕੀਤੇ ਗਏ ਹਨ।

ਨੀਰਜ ਕੁਮਾਰ ਸਿੰਘ ਨੇ ਖ਼ਬਰ ਏਜੰਸੀ ਰਾਇਟਰਜ਼ ਨੂੰ ਦੱਸਿਆ,‘‘ਇਹ ਉਹ ਲਾਸ਼ਾਂ ਸਨ, ਜੋ ਗੰਗਾ ਦੇ ਕੰਢੇ ’ਤੇ ਦੱਬੀਆਂ ਗਈਆਂ ਸਨ ਅਤੇ ਪਾਣੀ ਦਾ ਪੱਧਰ ਵਧਣ ਕਾਰਨ ਇਹ ਦਰਿਆ ’ਚ ਤੈਰਨ ਲੱਗ ਪਈਆਂ ਸਨ। ਮਿਉਂਸਿਪਲ ਕਾਰਪੋਰੇਸ਼ਨ ਨੇ 25 ਵਿਅਕਤੀਆਂ ਦੀ ਟੀਮ ਤਾਇਨਾਤ ਕੀਤੀ ਹੈ ਜੋ ਦਿਨ-ਰਾਤ ਗੰਗਾ ’ਚ ਰੁੜ੍ਹਨ ਵਾਲੀਆਂ ਲਾਸ਼ਾਂ ’ਤੇ ਨਜ਼ਰ ਰੱਖ ਰਹੀ ਹੈ।’’ ਖ਼ਬਰ ਏਜੰਸੀ ਦੇ ਪੱਤਰਕਾਰ ਨੇ ਪ੍ਰਯਾਗਰਾਜ ਤੋਂ ਕੁਝ ਮੀਲ ਦੂਰ ਗੰਗਾ ਦੇ ਆਸ-ਪਾਸ ਦਰਜਨ ਤੋਂ ਜ਼ਿਆਦਾ ਥਾਵਾਂ ’ਤੇ ਚਿਖਾ ਬਲਦੀਆਂ ਦੇਖੀਆਂ ਹਨ।

ਉੱਤਰ ਪ੍ਰਦੇਸ਼ ਸਰਕਾਰ ਨੇ ਮਈ ’ਚ ਮੰਨਿਆ ਸੀ ਕਿ ਕੋਵਿਡ-19 ਕਾਰਨ ਮਾਰੇ ਗਏ ਵਿਅਕਤੀਆਂ ਦੀਆਂ ਲਾਸ਼ਾਂ ਗਰੀਬੀ ਕਾਰਨ ਗੰਗਾ ’ਚ ਵਹਾਈਆਂ ਗਈਆਂ ਹਨ। ਉੱਤਰ ਪ੍ਰਦੇਸ਼ ਸਰਕਾਰ ਦੇ ਤਰਜਮਾਨ ਨਵਨੀਤ ਸਹਿਗਲ ਨੇ ਕਿਹਾ ਕਿ ਹਰੇਕ ਜ਼ਿਲ੍ਹਾ ਮੈਜਿਸਟਰੇਟ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਲਾਸ਼ਾਂ ਦਾ ਪੂਰੀ ਮਰਿਆਦਾ ਨਾਲ ਸਸਕਾਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਥਾਨਕ ਰੀਤੀ-ਰਿਵਾਜ ਕਾਰਨ ਦਰਿਆ ਦੇ ਕੰਢਿਆਂ ’ਤੇ ਲਾਸ਼ਾਂ ਨੂੰ ਦੱਬਿਆ    ਗਿਆ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨ ਅੱਜ ਮਨਾਉਣਗੇ ‘ਖੇਤੀ ਬਚਾਓ-ਲੋਕਤੰਤਰ ਬਚਾਓ’ ਦਿਵਸ
Next articleਦੇਸ਼ਧ੍ਰੋਹ ਮਾਮਲੇ ’ਚ ਆਇਸ਼ਾ ਸੁਲਤਾਨਾ ਦੀ ਅਗਾਊਂ ਜ਼ਮਾਨਤ