HOME ਕਿਸਾਨ ਪੁੱਤਰ

ਕਿਸਾਨ ਪੁੱਤਰ

3
ਗੁਰਦੀਪ ਸਿੰਘ ਮੁਕੱਦਮ

   (ਸਮਾਜ ਵੀਕਲੀ)  ਇਤਿਹਾਸ ਗਵਾਹ ਹੈ ਕਿ ਸਾਰੀਆਂ ਲੜਾਈਆਂ/ਜੰਗਾਂ ਜ਼ਰ, ਜੋਰੂ ਜਾਂ ਜ਼ਮੀਨ ਖਾਤਿਰ ਹੀ ਲੜੀਆਂ ਗਈਆਂ ਸਨ। ਮੈਂ ਤਾਂ ਕਹਾਂ ਗਾ ਕਿ ਹਰ ਜੰਗ ਜ਼ਮੀਨ ਖਾਤਿਰ ਹੀ ਲੜੀ ਗਈ ਸੀ। ਮੇਰਾ ਵਿਚਾਰ ਹੈ ਕਿ ਮਹਾਂਭਾਰਤ ਦੇ ਯੁੱਧ ਦਾ ਅਸਲ ਕਾਰਨ ਜ਼ਮੀਨ ਹੀ ਸੀ, ਬੇਸ਼ਕ ਬਾਅਦ ਵਿੱਚ ਇਸ ਯੁੱਧ ਦਾ ਇੱਕ ਕਾਰਨ ਔਰਤ ਦੀ ਬੇਪੱਤੀ ਵੀ ਬਣ ਗਿਆ ਸੀ। ਜਿਸ ਰਾਜੇ ਦਾ ਜਿੰਨਾ ਲੰਬਾ ਚੌੜਾ ਰਾਜ ਹੁੰਦਾ ਸੀ, ਉਸ ਦੀ ਪੱਦਵੀ ਵੀ ਉੱਨੀ ਹੀ ਉੱਚੀ ਗਿਣੀ ਜਾਂਦੀ ਸੀ। ਹੋਰ ਰਾਜਿਆਂ ਚ ਉਸ ਦਾ ਮਾਣ ਸਨਮਾਨ ਤੇ ਡਰ ਭੈ ਹੋਇਆ ਕਰਦਾ ਸੀ। ਰਾਜ ਦੀਆਂ ਸੀਮਾਂਵਾਂ ਨਾਲ ਹੀ ਰਾਜਾ, ਮਹਾਰਾਜਾ ਤੇ ਚੱਕਰਵਰਤੀ ਰਾਜਾ ਤਹਿ ਹੁੰਦਾ ਸੀ। ਇਸੇ ਕਾਰਨ ਰਾਜੇ, ਮਹਾਰਾਜੇ ਆਪਣੇ ਰਾਜ ਦੀਆਂ ਸੀਮਾਂਵਾਂ ਵਧਾਉਣ ਲਈ ਜੰਗਾਂ ਲੜਦੇ ਸਨ। ਹਰ ਰਾਜੇ ਨੇ, ਆਪਣਾਂ ਰਾਜ ਭਾਗ ਚਲਾਉਣ ਲਈ,ਆਪਣੇ ਰਾਜ ਵਿੱਚੋਂ ਮਾਲੀਆ ਇਕੱਠਾ ਕਰਨ ਲਈ ਗਵਰਨਰ, ਜਗੀਰਦਾਰ, ਨਵਾਬ ਤੇ ਮੁਕੱਦਮ ਆਦਿ ਅਹਿਲਕਾਰ ਰੱਖੇ ਹੰਦੇ ਸਨ।ਰਾਜ ਭਾਗ ਆਉਦੇ ਜਾਂਦੇ ਰਹਿੰਦੇ ਸਨ। ਰਾਜੇ ਤੇ ਉਸ ਦੇ ਅਹਿਲਕਾਰ ਬਦਲਦੇ ਰਹਿੰਦੇ ਸਨ। ਪਰ ਕਿਸਾਨਾਂ ਨੂੰ ਉਨ੍ਹਾਂ ਦੇ ਬਦਲਣ ਨਾਲ ਬਹੁਤਾ ਫ਼ਰਕ ਨਹੀਂ ਸੀ ਪੈਦਾ।ਹਾਲਾਂਕਿ ਉਸ ਸਮੇਂ ਕਿਸਾਨ, ਜਮੀਨਾਂ ਦੇ ਮਾਲਕ ਨਹੀ, ਜਗੀਰਦਾਰਾਂ, ਨਵਾਬਾਂ ਜਾਂ ਮੁਕੱਦਮਾਂ ਦੀਆਂ ਜ਼ਮੀਨਾਂ ਚ ਮਰੂਸੀ / ਮੁਜਾਰੇ ਹੀ ਹੋਇਆ ਕਰਦੇ ਸਨ।ਫਿਰ ਵੀ ਜ਼ਮੀਨ ਮਾਲਕ ਇਹਨਾਂ ਕਿਸਾਨਾਂ ਨੂੰ ਕਦੇ ਜ਼ਮੀਨ ਤੋਂ ਬੇਦਖਲ ਨਹੀਂ ਕਰਿਆ ਕਰਦੇ ਸਨ। ਹਾਂ ਇੰਨਾ ਜਰੂਰ ਸੀ ਕਿ ਕੋਈ ਮਾੜਾ ਸ਼ਾਸਕ ਜਾਂ ਅਹਿਲਕਾਰ ਆ ਜਾਂਦਾ ਸੀ ਤਾਂ ਉਹ ਮਾਲੀਆ/ਟੈਕਸ ਵਧਾ ਕੇ ਕਿਸਾਨਾਂ ਨਾਲ ਜਿਆਦਤੀਆਂ ਕਰਦਾ ਸੀ। ਉਨ੍ਹਾਂ ਦੀ ਉਪਜ ਦਾ ਵੱਡਾ ਹਿੱਸਾ ਹੜੱਪ ਕਰ ਜਾਇਆ ਕਰਦਾ ਸੀ। ਫਿਰ ਵੀ ਉਹਨਾਂ ਦੀ ਜਿੰਦਗੀ ਉਸੇ ਲੀਹੇ ਚਲਦੀ ਰਹਿੰਦੀ ਸੀ। ਸਮਾਂ ਬਦਲਿਆ,ਦੇਸ਼ ਚ ਅੰਗਰੇਜ਼ਾਂ ਦਾ ਰਾਜ ਹੋ ਗਿਆ।ਪਰ ਜ਼ਮੀਨ ਦਾ ਬੰਦੋਬਸਤ ਉਸੇ ਤਰ੍ਹਾਂ ਚਲਦਾ ਰਿਹਾ। ਬੇਸ਼ਕ ਅੰਗਰੇਜ਼ਾਂ ਦੇ ਅਹਿਲਕਾਰ ਰਾਏ ਸਾਹਿਬ, ਜਗੀਰਦਾਰ ਤੇ ਜੈਲਦਾਰ ਆਦਿ ਹੋ ਗਏ ਸਨ। ਅੰਗਰੇਜ਼ਾਂ ਨੇ ਵੀ ਪਿੰਡਾਂ ਦੇ ਪਿੰਡ ਰਾਏ ਸਾਹਿਬਾਂ, ਜਗੀਰਦਾਰਾਂ ਤੇ ਜੈਲਦਾਰਾਂ ਨੂੰ ਬਖਸ਼ੀਸ਼ ਦੇ ਤੌਰ ਤੇ ਵੰਡ ਦਿੱਤੇ ਸਨ । ਮਤਲਬ ਆਪਣੇ ਚਹੇਤਿਆਂ ਨੂੰ ਵੰਡ ਦਿੱਤੇ ਸਨ। ਪਰ ਇੱਥੇ ਵੀ ਸਰਕਾਰੀ ਅਹਿਲਕਾਰ (ਮਾਲਕ) ਬਦਲ ਗਏ ਸਨ, ਮਾਲੀਏ ਦੀਆਂ ਦਰਾਂ ਬਦਲ ਗਈਆਂ ਸਨ, ਪਰ ਕਿਸਾਨ ਆਪਣੀਆਂ ਜ਼ਮੀਨਾਂ ਚ ਖੇਤੀ ਕਰਦੇ ਰਹੇ ਸਨ। ਅੰਗਰੇਜ਼ਾਂ ਨੇ ਫੌਜੀ ਛਾਉਣੀਆਂ ਬਣਾਉਣ ਲਈ ਜੇ ਪਿੰਡ ਖਾਲੀ (ਐਕਵਾਇਰ ਕੀਤੇ) ਕਰਵਾਏ ਤਾਂ ਉਹਨਾਂ ਲੋਕਾਂ ਨੂੰ ਦੂਸਰੀ ਥਾਂ ਵਸਾ ਦਿੱਤਾ ਸੀ। ਅੰਗਰੇਜ਼ਾਂ ਨੇ ਬੇਅਬਾਦ ਪਈ ਜ਼ਮੀਨ ਚ ਜਦੋਂ ਬਾਰ ਵਸਾਏ ਤਾਂ ਮੁਰੱਬਿਆਂ ਦੇ ਹਿਸਾਬ ਨਾਲ ਕਿਸਾਨਾਂ ਨੂੰ ਜ਼ਮੀਨ ਦੀ ਵੀ ਮਾਲਕੀ ਦਿੱਤੀ ਸੀ। ਅੰਗਰੇਜ਼ ਚਲੇ ਗਏ। ਦੇਸ਼ ਅਜ਼ਾਦ ਹੋ ਗਿਆ। ਦੇਸ਼ ਚ ਲੋਕਰਾਜ ਆ ਗਿਆ। ਮਤਲਬ ਦੇਸ਼ ਵਿੱਚ ਦੇਸ਼ ਦੇ ਲੋਕਾਂ ਦਾ ਰਾਜ ਹੋ ਗਿਆ। ਰਾਜੇ ਤੇ ਅੰਗਰੇਜ਼ ਸਰਕਾਰ ਦੇ ਅਹਿਲਕਾਰ ਗਵਰਨਰ, ਜਗੀਰਦਾਰ,ਨਵਾਬ, ਜੈਲਦਾਰ ਤੇ ਮੁਕੱਦਮ ਆਦਿ ਸੱਭ ਬੀਤੇ ਸਮੇਂ ਦੀ ਗੱਲ ਹੋ ਗਏ ਸਨ। ਸਮੇਂ ਦੀ ਸਰਕਾਰ ਨੇ 1952/53 ਚ ਬਕਾਇਦਾ ਕਾਨੂੰਨ ਬਣਾਂ ਕੇ ਮਰੂਸੀ/ਮੁਜਾਰਾ  ਪ੍ਥਾ ਨੂੰ ਖਤਮ ਕਰ ਕੇ ਕਿਸਾਨਾਂ ਨੂੰ ਜ਼ਮੀਨ ਮਾਲਕੀ ਦੇ ਹੱਕ ਦਿੱਤੇ ਸਨ।ਸਮੇਂ ਸਮੇਂ ਸਰਕਾਰਾਂ ਵਲੋਂ ਕਿਸਾਨ ਭਲਾਈ ਸਕੀਮਾਂ ਵੀ ਚਲਾਈਆਂ ਜਾਂਦੀਆਂ ਰਹੀਆਂ ਹਨ। ਪਰ ਕੁਝ ਸਾਲਾਂ ਤੋਂ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਲਈ,ਜਗੀਰਦਾਰਾਂ, ਨਵਾਬਾਂ, ਜੈਲਦਾਰਾਂ ਤੇ ਮੁਕੱਦਮਾ ਦਾ ਇੱਕ ਨਵਾਂ ਰੂਪ ਉਭਾਰਿਆ ਹੈ, ” ਕਾਰਪੋਰੇਟ ਘਰਾਣੇ “। ਸਾਡੀਆਂ ਸਰਕਾਰਾਂ ਪਿੰਡਾਂ ਦੇ ਪਿੰਡ ਉਜਾੜ ਕੇ, ਹਰ ਹੀਲੇ ਸਾਰੀ ਜ਼ਮੀਨ ਇਨ੍ਹਾਂ ਕਾਰਪੋਰੇਟ ਘਰਾਣਿਆਂ ਨੂੰ ਦੇਣ ਲਈ ਤੁਲੀਆਂ ਹੋਈਆਂ ਹਨ। ਸਰਕਾਰਾਂ ਦਾ ਸਿਤਮ ਦੇਖੋ, ਕਿਸਾਨਾਂ ਦੀ ਭਲਾਈ ਦੇ ਨਾਂ ਹੀ ਕਿਸਾਨਾਂ ਦੀ ਜ਼ਮੀਨ ਖੋਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਜਦੋਂ ਸਰਕਾਰਾਂ ਆਪਣੇ ਇਸ ਮਕਸਦ ਚ ਕਾਮਯਾਬ ਨਹੀਂ ਹੁੰਦੀਆਂ ਤਾਂ ਕਿਸਾਨ ਹਿਤੈਸ਼ੀ ਹੋਣ ਦਾ ਨਾਟਕ ਕਰ ਕੇ, ਜ਼ਮੀਨ ਨਾ ਖੋਹਣ ਤੋਂ ਪਿੱਛੇ ਹਟਦੀਆਂ ਹਨ। ਫਿਰ ਹਰ ਨੇਤਾ,ਕਿਸਾਨ ਦਾ ਪੁੱਤ ਹੋਣ ਦਾ ਦੱਮ ਭਰਨ ਲਗਦਾ ਹੈ। ਹੋ ਸਕਦਾ ਕਿ ਬਹੁਤੇ ਲੋਕ ਮੇਰੇ ਨਾਲ ਸਹਿਮਤ ਨਾ ਹੋਣ, ਫਿਰ ਵੀ ਮੇਰਾ ਮੰਨਣਾ ਹੈ ਆਪਣੀ ਜ਼ਮੀਨ/ਕਿੱਤੇ ਨਾਲ ਜਿੰਨਾ ਮੋਹ – ਪਿਆਰ ਜਿਸ ਕਿਸਾਨ ਨੇ ਆਪਣੀ ਜ਼ਮੀਨ ਚ ਹਲ ਵਾਹਿਆ,ਟਰੈਕਟਰ ਚਲਾਇਆ, ਪਰਿਵਾਰ ਪਾਲਿਆ, ਨੂੰ ਹੈ,ਉਸ ਜ਼ਮੀਨ ਨਾਲ ਉਨ੍ਹਾਂ ਮੋਹ – ਪਿਆਰ ਕਿਸਾਨ ਦੇ ਉਸ ਪੁੱਤਰ ਨੂੰ ਨਹੀਂ ਹੋ ਸਕਦਾ ਜਿਸ ਨੇ ਕਦੇ ਖੇਤਾਂ ਚ ਜਾ ਕੇ ਪਾਣੀ ਦਾ ਨੱਕਾ ਤੱਕ ਨਾਂ ਮੋੜਿਆ ਹੋਵੇ। ਐਸੇ ਕਿਸਾਨ ਪੁੱਤਰਾਂ ਲਈ ਇਹ ਜ਼ਮੀਨ, ਹੋਰ ਜਾਇਦਾਦ ਦੀ ਤਰ੍ਹਾਂ ਇੱਕ ਜਾਇਦਾਦ ਭਰ ਹੈ, ਆਮ ਕਿਸਾਨ ਦੀ ਤਰ੍ਹਾਂ ਇਹ ਜ਼ਮੀਨ ਉਸ ਲਈ ਮਾਂ ਬਰਾਬਰ ਨਹੀਂ ਹੈ। ਜੇ ਇਹ ਅਖੋਤੀ ਕਿਸਾਨ ਪੁੱਤਰ, ਭਾਵਨਾਤਮਕ ਤੌਰ ਤੇ ਆਪਣੀ ਜ਼ਮੀਨ ਨਾਲ ਜੁੜੇ ਹੁੰਦੇ ਤਾਂ ਇਹ ਕਦੇ ਵੀ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀਆਂ ਕੋਸ਼ਿਸ਼ਾਂ ਨਾਂ ਕਰਦੇ।ਕਿਸਾਨ ਹਿਤੈਸ਼ੀ ਹੋਣ ਦਾ ਢੰਡੋਰਾ ਪਿੱਟਣ ਵਾਲੇ ਨੇਤਾਵਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪੰਜਾਬ ਦੀ ਖੁਸ਼ਹਾਲੀ, ਇੱਥੋਂ ਦੀ ਉਪਜਾਊ ਮਿੱਟੀ-ਜ਼ਮੀਨ ਨਾਲ ਹੈ, ਤੇ ਜੇ ਇਹ ਜ਼ਮੀਨ ਹੀ ਨਾ ਰਹੀ ਤਾਂ ਪੰਜਾਬ ਦੀ ਆਪਣੀ ਨਿਵੇਕਲੀ ਸ਼ਾਨ ਵੀ ਨਹੀਂ ਰਹੇ ਗੀ।
ਗੁਰਦੀਪ ਸਿੰਘ ਮੁਕੱਦਮ
ਪਿੰਡ ਲਧਾਣਾ ਝਿੱਕਾ
9878160133

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਏਕਮ ਪਬਲਿਕ ਸਕੂਲ ਮਹਿਤਪੁਰ ਵਿਚ ਮਨਾਈ ਗਈ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ
Next article1857 ਦੀ ਲੋਕ ਕ੍ਰਾਂਤੀ ਵਿੱਚ ਹਰਿਆਣਾ ਦੇ ਮਸ਼ਹੂਰ ਇਨਕਲਾਬੀ ਬੱਲਾ ਪਿੰਡ ਦੀਆਂ ਕੁਰਬਾਨੀਆਂ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਕਹਾਣੀ: ਇੱਕ ਇਤਿਹਾਸਕ ਪੁਨਰ-ਮੁਲਾਂਕਣ