HOME ਕਿਸਾਨ ਜਥੇਬੰਦੀਆਂ ਵੱਲੋਂ ਮਹਿਤਪੁਰ ਥਾਣੇ ਅੱਗੇ ਧਰਨਾ , ਕਿਸਾਨ ਆਗੂ ਕਸ਼ਮੀਰ ਸਿੰਘ...

ਕਿਸਾਨ ਜਥੇਬੰਦੀਆਂ ਵੱਲੋਂ ਮਹਿਤਪੁਰ ਥਾਣੇ ਅੱਗੇ ਧਰਨਾ , ਕਿਸਾਨ ਆਗੂ ਕਸ਼ਮੀਰ ਸਿੰਘ ਪੰਨੂ ਪੁਲਿਸ ਵੱਲੋਂ ਰਿਹਾਅ

ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਹੋਈ ਕਾਰਵਾਈ – ਡੀ ਐਸ ਪੀ ਬਰਾੜ 

ਮਹਿਤਪੁਰ,    (ਸਮਾਜ ਵੀਕਲੀ)    ( ਹਰਜਿੰਦਰ ਸਿੰਘ ਚੰਦੀ)– ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਅਮਲ ਕਰਦਿਆਂ ਮਹਿਤਪੁਰ ਪੁਲਿਸ ਪ੍ਰਸ਼ਾਸਨ ਵਲੋਂ ਬੀਕੇਯੂ ਦੁਆਬਾ ਦੇ ਪ੍ਰਧਾਨ ਕਸ਼ਮੀਰ ਸਿੰਘ ਪੰਨੂ ਤੰਦਾਉਰਾ ਨੂੰ ਪੁਲਿਸ ਵੱਲੋਂ ਉਸ ਵਖ਼ਤ ਹਿਰਾਸਤ ਵਿਚ ਲੈ ਲਿਆ ਜਦੋਂ ਕਸ਼ਮੀਰ ਸਿੰਘ ਪੰਨੂ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਸ਼ੰਭੂ ਬਾਰਡਰ ਤੇ ਲਗਾਏ ਜਾ ਰਹੇ ਧਰਨੇ ਦੀ ਤਿਆਰੀ ਕਰ ਰਹੇ ਸਨ। ਪੁਲਿਸ ਵੱਲੋਂ ਪੰਨੂ ਉਨ੍ਹਾਂ ਦੇ ਘਰ ਤੰਦਾਉਰਾ ਵਿਖੇ ਨਜਰਬੰਦ ਕਰਨ ਤੋਂ ਬਾਅਦ ਥਾਣਾ ਮਹਿਤਪੁਰ ਵਿਖੇ ਲਿਆਂਦਾ ਤਾਂ ਇਸ ਦੀ ਭਿਣਕ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਨੂੰ ਲਗਦੇ ਸਾਰ ਜਥੇਬੰਦੀਆਂ ਵੱਲੋਂ ਥਾਣਾ ਮਹਿਤਪੁਰ ਅੱਗੇ ਦਰੀਆਂ ਵਿਛਾ ਕੇ ਵਿਸ਼ਾਲ ਧਰਨਾ ਲਗਾ ਦਿੱਤਾ ਅਤੇ ਗਿਰਫ਼ਤਾਰ ਕੀਤੇ ਸਾਥੀ ਦੀ ਤੁਰੰਤ ਰਿਹਾਈ ਲਈ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਮੌਕੇ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਸ਼ਮੀਰ ਸਿੰਘ ਪੰਨੂ ਨੂੰ ਪੁਲਿਸ ਵੱਲੋਂ ਘਰ ਤੋਂ ਹਿਰਾਸਤ ਵਿਚ ਲਿਆ ਗਿਆ ਹੈ ਉਨ੍ਹਾਂ ਕਿਹਾ ਕਿ ਪੰਨੂ ਨਾ ਤਾਂ ਕਿਸੇ ਧਰਨੇ ਨੂੰ ਸੰਬੋਧਨ ਕਰ ਰਹੇ ਸਨ ਅਤੇ ਨਾ ਹੀ ਰਸਤਾ ਰੋਕ ਕੇ ਕਿਸੇ ਕਨੂੰਨ ਦੀ ਉਲੰਘਣਾ ਕਰ ਰਹੇ ਸਨ। ਆਗੂਆਂ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਨੂੰ ਪੁਛਣਾ ਚਾਹੁੰਦੇ ਹਾਂ ਕਿ ਕਿਸਾਨ ਆਗੂ ਨੂੰ ਘਰ ਤੋਂ ਹਿਰਾਸਤ ਵਿਚ ਲੈ ਕੇ ਕਿਸ ਕਨੂੰਨ ਤਹਿਸੀਲ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਸ਼ਾਹਕੋਟ ਤੋਂ ਉਚੇਚੇ ਤੌਰ ਤੇ ਪੁੱਜੇ ਡੀ ਐਸ ਪੀ ਓਂਕਾਰ ਸਿੰਘ ਬਰਾੜ ਵੱਲੋਂ ਕਿਸਾਨ ਆਗੂਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਕਿਸਾਨ ਆਗੂ ਕਸ਼ਮੀਰ ਸਿੰਘ ਪੰਨੂ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਵਿਭਾਗੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਉਨ੍ਹਾਂ ਕਿਹਾ ਕਿ ਸਾਰੇ ਪੰਜਾਬ ਵਿੱਚ ਕਿਸਾਨ ਆਗੂਆਂ ਦੀਆਂ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਕੀਮਤ ਤੇ ਰੋਡ ਜਾਮ ਕਰਕੇ ਜੰਨਤਾਂ ਨੂੰ ਪ੍ਰੇਸ਼ਾਨ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਜਥੇਬੰਦੀਆਂ ਨੂੰ ਅਨੁਸ਼ਾਸਨ ਵਿਚ ਰਹਿ ਕੇ ਆਪਣੀਆਂ ਮੰਗਾਂ ਲਈ ਸੰਘਰਸ਼ ਕਰਨਾ ਚਾਹੀਦਾ ਹੈ ਰਾਹਗੀਰਾਂ ਨੂੰ ਰੁਕਾਵਟਾਂ ਪਾ ਕੇ ਕਿਸੇ ਕੀਮਤ ਤੇ ਜਨਤਾਂ ਦੀ ਹਮਦਰਦੀ ਨਹੀਂ ਮਿਲ ਸਕਦੀ। ਇਸ ਮੌਕੇ ਬਣਦੀ ਵਿਭਾਗੀ ਕਾਰਵਾਈ ਤੋਂ ਬਾਅਦ ਬੀਕੇਯੂ ਪੰਜਾਬ ਦੇ ਬਲਾਕ ਪ੍ਰਧਾਨ ਕਸ਼ਮੀਰ ਸਿੰਘ ਪੰਨੂ ਨੂੰ ਰਿਹਾਅ ਕਰ ਦਿੱਤਾ ਗਿਆ। ਸਾਥੀ ਦੀ ਰਿਹਾਈ ਮੌਕੇ ਕਿਸਾਨ ਆਗੂਆਂ ਵੱਲੋਂ ਜੈਕਾਰਿਆਂ ਨਾਲ ਸਵਾਗਤ ਕਰਦਿਆਂ ਆਖਿਆ ਕਿ ਸੰਘਰਸ਼ ਸਾਡਾ ਹੱਕ ਹੈ ਹਰ ਨਾਗਰਿਕ ਆਪਣੇ ਨਾਲ ਹੋ ਰਹੀ ਜ਼ਿਆਦਤੀ ਲਈ ਸੰਘਰਸ਼ ਕਰ ਸਕਦਾ ਹੈ ਇਨਕਲਾਬ ਦਾ ਜਨਮ ਸੰਘਰਸ਼ ਤੋਂ ਬਿਨਾਂ ਨਹੀਂ ਹੋ ਸਕਦਾ। ਸੰਘਰਸ਼ ਸਾਡਾ ਜਨਮ ਸਿੱਧ ਅਧਿਕਾਰ ਹੈ ਅਤੇ ਅਧਿਕਾਰਾ ਦੀ ਰਾਖੀ ਲਈ ਸੰਘਰਸ਼ ਸਦਾ ਜਾਰੀ ਰਹੇਗਾ। ਇਸ ਨੂੰ ਨਾ ਅੱਜ ਤੱਕ ਕੋਈ ਸਰਕਾਰ ਦਬਾ ਸਕੀ ਹੈ ਅਤੇ ਨਾ ਦਬਾ ਸਕੇਗੀ। ਇਸ ਮੌਕੇ ਬੀਕੇਯੂ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ, ਬੀਕੇਯੂ ਪੰਜਾਬ ਦੇ ਕੌਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ, ਬੀਕੇਯੂ ਪੰਜਾਬ ਦੇ ਤਹਿਸੀਲ ਪ੍ਰਧਾਨ ਗੁਰਦੀਪ ਸਿੰਘ, ਬੀਕੇਯੂ ਦੁਆਬਾ ਦੇ ਨਰਿੰਦਰ ਸਿੰਘ ਮੰਡਿਆਲਾ, ਕੁਲ ਹਿੰਦ ਕਿਸਾਨ ਆਗੂ ਸੰਦੀਪ ਅਰੋੜਾ, ਦਿਲਬਾਗ ਸਿੰਘ ਚੰਦੀ, ਕਿਸਾਨ ਆਗੂ ਮਹਿੰਦਰ ਪਾਲ ਸਿੰਘ ਟੁਰਨਾ, ਰਛਪਾਲ ਸਿੰਘ ਥੰਝੂ, ਸਾਬਕਾ ਸਰਪੰਚ ਕਸ਼ਮੀਰ ਸਿੰਘ ਰੋਲੀ ਆਦਿ ਕਿਸਾਨ ਬੁਲਾਰਿਆਂ ਵੱਲੋਂ ਸੰਬੋਧਨ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਠਿੰਡਾ ਦੇ ਬੱਸ ਸਟੈਂਡ ਦਾਰੱਫੜ।
Next articleਆਲ ਪਾਕਿਸਤਾਨ ਫੈਡਰੇਸ਼ਨ ਆਫ਼ ਯੂਨਾਇਟਿਡ ਟ੍ਰੇਡ ਯੂਨੀਅਨਜ਼ ਵੱਲੋਂ ਪਹਿਲਗਾਮ ਹਮਲੇ ਦੀ ਨਿਖੇਧੀ ਸ਼ਲਾਘਾਯੋਗ: ਸੀਟੂ