(ਸਮਾਜ ਵੀਕਲੀ) ਪਿਛਲੇ ਕਾਫੀ ਸਮੇਂ ਤੋਂ ਬਠਿੰਡਾ ਦੇ ਬੱਸ ਅੱਡੇ ਨੂੰ ਉਸਦੇ ਮੌਜੂਦਾ ਸਥਾਨ ਤੋਂ ਤਬਦੀਲ ਕਰਨ ਦੀ ਚਰਚਾ ਚੱਲ ਰਹੀ ਸੀ। ਪਰ ਕੋਈਂ ਜਗ੍ਹਾ ਫਾਈਨਲ ਨਹੀਂ ਹੋ ਰਹੀ ਸੀ। ਹੁਣ ਇਸ ਨੂੰ ਮਲੋਟ ਰੋਡ ਤੇ ਲ਼ੈਜਾਣ ਲਈ ਸਰਕਾਰ ਅਤੇ ਪ੍ਰਸ਼ਾਸ਼ਨ ਜੋਰ ਲਗਾ ਰਿਹਾ ਹੈ। ਪ੍ਰੰਤੂ ਇਸਦੇ ਨਾਲ ਹੀ ਇਸ ਦੇ ਵਿਰੋਧ ਵਿੱਚ ਇੱਕ ਜਨਅੰਦੋਲਨ ਸ਼ੁਰੂ ਹੋ ਗਿਆ ਹੈ। ਜਿਸ ਵਿੱਚ ਜਨਸਾਧਾਰਨ ਆਦਮੀ (ਆਮ ਆਦਮੀ ਇਸ ਲਈ ਨਹੀਂ ਲਿਖਿਆ ਕਿਉਂਕਿ ਆਮ ਆਦਮੀ ਖਾਸ ਲੋਕਾਂ ਦੇ ਹੱਥਠੋਕੇ ਬਣ ਚੁੱਕੇ ਹਨ) ਤੋਂ ਲੈਕੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ, ਸਮਾਜ ਸੇਵੀ ਸੰਸਥਾਵਾਂ, ਮਜਦੂਰ, ਕਿਸਾਨ ਯੂਨੀਅਨਾਂ, ਵਿਦਿਆਰਥੀ ਜਥੇਬੰਦੀਆਂ ਅਤੇ ਕੁਝ ਹੋਰ ਸੰਸਥਾਵਾਂ ਸ਼ਾਮਿਲ ਹਨ। ਅੱਜ ਇਸ ਧਰਨੇ ਦਾ ਤੇਰਵਾਂ ਦਿਨ ਹੈ। ਭਾਵੇਂ ਇਹ ਅੰਦੋਲਨ ਫਿਲਹਾਲ ਸ਼ਾਂਤਮਈ ਤਰੀਕੇ ਨਾਲ ਚੱਲ ਰਿਹਾ ਹੈ ਤੇ ਸਰਕਾਰਾਂ ਸ਼ੁਰੂ ਸ਼ੁਰੂ ਵਿੱਚ ਇਹੋ ਜਿਹੇ ਧਰਨੇ ਅੰਦੋਲਨਾਂ ਦੀ ਪਰਵਾਹ ਨਹੀਂ ਕਰਿਆ ਕਰਦੀਆਂ। ਪ੍ਰੰਤੂ ਜਦੋਂ ਕਹਾਣੀ ਵਿਸਫੋਟਕ ਹੋ ਜਾਂਦੀ ਹੈ ਤਾਂ ਵੱਡੀਆਂ ਵੱਡੀਆਂ ਕੁਰਸੀਆਂ ਹਿਲ ਜਾਂਦੀਆਂ ਹਨ। ਚੁਣੇ ਹੋਏ ਨੁਮਾਇੰਦਿਆਂ ਦਾ ਭਵਿੱਖ ਖਤਮ ਹੋ ਜਾਂਦਾ ਹੈ।
ਇਸ ਅੰਦੋਲਨ ਵਿੱਚ ਦੋ ਧਿਰਾਂ ਆਮਨੇ ਸਾਹਮਣੇ ਹਨ ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਨਾ ਅੱਡਾ ਬਦਲਣ ਵਾਲਿਆਂ ਨੇ ਬੱਸਾਂ ਤੇ ਚੜ੍ਹਨਾ ਹੈ ਨਾ ਬਹੁਤੇ ਰੋਕਣ ਵਾਲਿਆਂ ਨੇ। ਬੱਸ ਚ ਚੜ੍ਹਨ ਵਾਲੇ ਜਾਂ ਬੱਸ ਅੱਡਾ ਬਦਲਣ ਤੇ ਮੁਸੀਬਤ ਝੱਲਣ ਵਾਲੇ ਲੋਕ ਉਹ ਗਰੀਬ ਮਜਦੂਰ ਕਿਸਾਨ ਵਿਦਿਆਰਥੀ ਜਾਂ ਦੁਕਾਨਦਾਰ ਹਨ। ਜੋ ਖੁੱਲ੍ਹ ਕੇ ਅੰਦੋਲਨ ਨਹੀਂ ਕਰ ਸਕਦੇ। ਕਿਉਂਕਿ ਇਹ ਤਾਜ਼ੀ ਕਮਾਕੇ ਖਾਣ ਵਾਲੇ ਹਨ। ਇਹ੍ਹਨਾਂ ਨੂੰ ਹਮੇਸ਼ਾ ਮਾਰ ਪੈਂਦੀ ਆਈ ਹੈ। ਇਹ ਗਰੀਬ ਸਨ ਤੇ ਗਰੀਬੀ ਵਿੱਚ ਵਿਚਰਦੇ ਰਹਿਣਗੇ। ਕੋਈਂ ਸਰਕਾਰ ਆ ਜਾਵੇ ਬੱਸ ਅੱਡਾ ਜਿੱਥੇ ਮਰਜੀ ਸਿਫਟ ਹੋ ਜਾਂਵੇ ਇਹ੍ਹਨਾਂ ਦਾ ਹੱਥ ਤੰਗ ਹੀ ਰਹੇਗਾ। ਜੇ ਸਰਕਾਰਾਂ ਇਹ੍ਹਨਾਂ ਦਾ ਭਲਾ ਨਹੀਂ ਕਰ ਸਕਦੀਆਂ ਤਾਂ ਇਹ੍ਹਨਾਂ ਤੋਂ ਰੋਟੀ ਖੋਹਣ ਬਾਰੇ ਵੀ ਨਹੀਂ ਸੋਚਣਾ ਚਾਹੀਦਾ।
ਇਹ ਠੀਕ ਹੈ ਕਿ ਵਰਤਮਾਨ ਬੱਸ ਅੱਡੇ ਨਾਲ ਟਰੈਫਿਕ ਦੀ ਸਮੱਸਿਆ ਹੁੰਦੀ ਹੈ। ਬਦਲਣ ਨਾਲ ਹੋਰ ਵੀ ਵਧੇਗ਼ੀ। ਪਰ ਇਹ ਅੱਡਾ ਸ਼ਹਿਰ ਦੇ ਕੇਂਦਰ ਵਿੱਚ ਹੋਣ ਕਰਕੇ ਆਮ ਲੋਕਾਂ ਦੀ ਪਾਹੁੰਚ ਵਿੱਚ ਹੈ। ਇਸ ਨਾਲ ਸਹਿਰੀਆਂ ਅਤੇ ਪਿੰਡਾਂ ਵਿਚੋਂ ਆਉਣ ਵਾਲੇ ਕਿਸਾਨਾਂ, ਮਜ਼ਦੂਰਾਂ ਵਿਦਿਆਰਥੀਆਂ ਨੂੰ, ਕਚਿਹਰੀਆਂ, ਮਿੰਨੀ ਸੈਕਟਰੀਏਟ, ਸਰਕਾਰੀ ਹਸਪਤਾਲ ਮੈਕਸ ਹਸਪਤਾਲ, ਪ੍ਰਾਈਵੇਟ ਹਸਪਤਾਲ, ਸਰਕਾਰੀ ਕਾਲਜ ਸਕੂਲ ਮੁੱਖ ਬਜ਼ਾਰ, ਰੇਲਵੇ ਸਟੇਸ਼ਨ ਅਤੇ ਹੋਰ ਕਿੰਨੇ ਅਦਾਰਿਆਂ ਵਿੱਚ ਜਾਣਾ ਕਿੰਨਾ ਸੌਖਾ ਹੈ। ਕੀ ਅਸੀਂ ਕਦੇ ਇਹ੍ਹਨਾਂ ਲੋਕਾਂ ਬਾਰੇ ਸੋਚਿਆ ਹੈ। ਬੱਸ ਅੱਡੇ ਨੂੰ ਇੱਥੇ ਹੀ ਨਵਾਂ ਬਣਾਕੇ ਸੜਕਾਂ ਚ ਸੁਧਾਰ ਕਰਕੇ ਟਰੈਫਿਕ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਅੱਡਾ ਸਿਫਟ ਹੋਣ ਨਾਲ ਆਟੋ ਈ ਰਿਕਸ਼ਾ ਅਤੇ ਲੋਕਲ ਬੱਸਾਂ ਦੀ ਭਰਮਾਰ ਵਧੇਗ਼ੀ। ਬਾਹਰੋਂ ਆਈਆਂ ਸਵਾਰੀਆਂ ਨੂੰ ਭਾਰੀ ਸਮਾਨ ਦੂਜੀ ਬੱਸ ਵਹੀਕਲ ਵਿੱਚ ਸਿਫਟ ਕਰਨ ਵਿੱਚ ਮੁਸ਼ਕਿਲ ਆਵੇਗੀ। ਜੋ ਲੋਕ ਬੱਸ ਅੱਡਾ ਨਾ ਬਦਲਣ ਲਈ ਅੰਦੋਲਨ ਕਰ ਰਹੇ ਹਨ। ਉਹਨਾਂ ਵਿਚੋਂ ਕਿਸੇ ਦੇ ਵੀ ਆਪਣੀ ਨਿੱਜੀ ਹਿੱਤ ਨਹੀਂ। ਇਹ੍ਹਨਾਂ ਵਿੱਚ ਵੀ ਬਹੁਤੇ ਉਹ ਲੋਕ ਹਨ ਜਿੰਨ੍ਹਾਂ ਕੋਲ੍ਹ ਆਪਣੀਆਂ ਕਾਰਾਂ ਜਾਂ ਹੋਰ ਸਾਧਨ ਹਨ। ਪਰ ਓਹ ਗਰੀਬ ਮਜਦੂਰ ਬਾਹਰੋਂ ਆਉਣ ਵਾਲੇ ਕਿਸਾਨਾਂ ਵਿਦਿਆਰਥੀਆਂ ਬਾਰੇ ਸੋਚਕੇ ਸਰਕਾਰ ਨਾਲ ਟੱਕਰ ਲ਼ੈ ਰਹੇ ਹਨ। ਇਹ ਸਮੇਂ ਦੇ ਗਰਭ ਵਿੱਚ ਹੈ ਕਿ ਉਹ ਕਾਮਜਾਬ ਹੁੰਦੇ ਹਨ ਜਾਂ ਨਹੀਂ। ਪ੍ਰੰਤੂ ਉਹਨਾਂ ਦੇ ਹੌਸਲੇ ਬੁਲੰਦ ਹਨ। ਉਹ ਸਚਾਈ ਅਤੇ ਹੱਕ ਦੀ ਲੜਾਈ ਨਿਸਵਾਰਥ ਭਾਵ ਨਾਲ ਲੜ੍ਹ ਰਹੇ ਹਨ। ਇੱਥੇ ਇੱਕ ਵੱਡੀ ਗੱਲ ਹੋਰ ਵੀ ਹੈ ਕਿ ਬਠਿੰਡਾ ਨਗਰ ਪ੍ਰੀਸ਼ਦ ਇਹ੍ਹਨਾਂ ਦੇ ਨਾਲ ਹੈ ਜਿਸ ਅੰਡਰ ਇਹ ਸ਼ਹਿਰ ਅਤੇ ਉਸਦੇ ਵਿਕਾਸ ਦਾ ਜਿੰਮਾ ਆਉਂਦਾ ਹੈ।
ਦੂਜੇ ਪਾਸੇ ਬੱਸ ਅੱਡੇ ਨੂੰ ਬਾਹਰ ਲ਼ੈਜਾਣ ਵਾਲਿਆਂ ਵਿੱਚ ਪੂਰਾ ਪ੍ਰਸ਼ਾਸ਼ਨ, ਬਠਿੰਡਾ ਸ਼ਹਿਰੀ ਵਿਧਾਇਕ ਅਤੇ ਉਹ ਬਿਲਡਰ ਹਨ ਜਿੰਨਾਂ ਨੇ ਬਠਿੰਡਾ ਦੇ ਚਾਰੇ ਪਾਸੇ ਪ੍ਰਾਈਵੇਟ ਕਲੋਨੀਆਂ ਦਾ ਜਾਲ ਬੁਣ ਦਿੱਤਾ। ਬਠਿੰਡਾ ਪਲਾਟਾਂ ਦੇ ਭਾਅ ਚੰਡੀਗੜ੍ਹ ਨੋਇਡਾ ਦੇ ਮੁਕਾਬਲੇ ਤੇ ਪਾਹੁੰਚ ਗਏ। ਕੀ ਪ੍ਰਾਈਵੇਟ ਕਲੋਨੀਆਂ ਉਸਾਰਨਾ ਹੀ ਵਿਕਾਸ ਹੈ। ਡੱਬਵਾਲੀ ਰੋਡ ਅਤੇ ਬਾਦਲ ਰੋਡ ਬਿਨਾਂ ਬੱਸ ਅੱਡੇ ਤੋਂ ਹੀ ਵਿਕਸਤ ਹੋ ਗਈ। ਹੁਣ ਮਲੋਟ ਰੋਡ ਤੇ ਬੱਸ ਅੱਡੇ ਦਾ ਬੋਰਡ ਲਗਾਕੇ ਇਹ੍ਹਨਾਂ ਨੇ ਕੌਡੀਆਂ ਦੇ ਭਾਅ ਖਰੀਦੀ ਜਮੀਨ ਨੂੰ ਸੋਨੇ ਦੇ ਭਾਅ ਵੇਚਣਾ ਹੈ। ਜੇ ਪ੍ਰਸ਼ਾਸ਼ਨ ਵਿਕਾਸ ਹੀ ਕਰਨਾ ਚਾਹੁੰਦਾ ਹੈ ਤਾਂ ਪੂਡਾ, ਬੀਂ ਡੀ ਏ, ਨਗਰ ਸੁਧਾਰ ਮੰਡਲ ਅਤੇ ਹੋਰ ਸਰਕਾਰੀ ਅਦਾਰੇ ਕਲੋਨੀਆਂ ਕੱਟਣ। ਇਹ ਕੰਮ ਪ੍ਰਾਈਵੇਟ ਬਿਲਡਰਾਂ ਨੂੰ ਕਿਉਂ ਸੌਂਪ ਰੱਖਿਆ ਹੈ।
ਮੈਂ ਖੁਦ ਸ਼ੀਸ਼ ਮਹਿਲ ਨਾਮਕ ਪ੍ਰਾਈਵੇਟ ਕਲੋਂਨੀ ਵਿੱਚ ਰਹਿੰਦਾ ਹਾਂ। ਮੈਨੂੰ ਬੱਸ ਅੱਡੇ ਦੇ ਬਦਲਣ ਜਾਂ ਨਾ ਬਦਲਣ ਨਾਲ ਕੋਈਂ ਫਰਕ ਨਹੀਂ ਪੈਂਦਾ। ਮੈਂ ਬੱਸ ਤੇ ਨਹੀਂ ਜਾਂਦਾ ਮੇਰੇ ਕੋਲ ਆਪਣੀ ਕਾਰ ਹੈ। ਫਿਰ ਵੀ ਗਰੀਬਾਂ ਮਜ਼ਦੂਰਾਂ ਅਤੇ ਨਾਲਦੇ ਪਿੰਡਾਂ ਵਾਲਿਆਂ ਦੇ ਹੱਕ ਵਿੱਚ ਬੋਲਣ ਨੂੰ ਦਿਲ ਕਰਦਾ ਹੈ। ਕਿਉਂਕਿ ਮੇਰੇ ਕੋਲ੍ਹ ਭਾਵੇਂ ਜਮੀਨ ਨਹੀਂ ਹੈ ਪਰ ਜ਼ਮੀਰ ਹੈਗੀ ਹੈ।
ਰਮੇਸ਼ ਸੇਠੀ ਬਾਦਲ
9876627233
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



