ਜਗਰਾਉਂ (ਸਮਾਜ ਵੀਕਲੀ): ਨੇੜਲੇ ਪਿੰਡ ਸਿੱਧਵਾਂ ਕਲਾਂ ’ਚ ਕਿਸਾਨਾਂ ਵੱਲੋਂ ਕਾਂਗਰਸੀ ਉਮੀਦਵਾਰ ਨੂੰ ਘੇਰ ਕੇ ਸਵਾਲ ਪੁੱਛਣ ਅਤੇ ਲਾਜਵਾਬ ਕਰਨ ਤੋਂ ਬਾਅਦ ਅੱਜ ਪਿੰਡ ਸ਼ੇਰਪੁਰ ਕਲਾਂ ’ਚ ਵੀ ਕਿਸਾਨਾਂ ਨੇ ਜਗਤਾਰ ਸਿੰਘ ਜੱਗਾ ਹਿੱਸੋਵਾਲ ਅੱਗੇ ਸਵਾਲਨਾਮਾ ਰੱਖ ਦਿੱਤਾ। ਸਥਾਨਕ ਕਾਂਗਰਸੀ ਆਗੂਆਂ ਨੇ ਵਿੱਚ ਪੈ ਕੇ ਮਾਹੌਲ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਤਣਾਅ ਵਧਦਾ ਦੇਖ ਕੇ ਕਾਂਗਰਸੀ ਉਮੀਦਵਾਰ ਨੇ ਉਥੋਂ ਚਲੇ ਜਾਣ ’ਚ ਵੀ ਭਲਾ ਸਮਝਿਆ। ਇਸ ’ਤੇ ਕਿਸਾਨਾਂ ਨੇ ਨਾਅਰੇਬਾਜ਼ੀ ਕਰਦਿਆਂ ਵਿਰੋਧ ਹੋਰ ਤੇਜ਼ ਕਰ ਦਿੱਤਾ ਅਤੇ ਵਿਧਾਇਕ ਦੀ ਗੱਡੀ ਤੁਰਨ ਤੱਕ ਨਾਅਰੇਬਾਜ਼ੀ ਜਾਰੀ ਰੱਖੀ।
ਕਾਂਗਰਸੀ ਉਮੀਦਵਾਰ ਜੱਗਾ ਹਿੱਸੋਵਾਲ ਅੱਜ ਜਦੋਂ ਪਿੰਡ ਸ਼ੇਰਪੁਰ ’ਚ ਚੋਣ ਜਲਸਾ ਕਰਨ ਪਹੁੰਚੇ ਤਾਂ ਕਿਸਾਨ ਵੀ ਆਪਣਾ ਪੋਰਟੇਬਲ ਮਾਈਕ ਤੇ ਸਪੀਕਰ ਲੈ ਕੇ ਉੱਥੇ ਪਹੁੰਚੇ ਅਤੇ ਵਿਰੋਧ ਸ਼ੁਰੂ ਕਰ ਦਿੱਤਾ। ਬੀਕੇਯੂ ਏਕਤਾ (ਡਕੌਂਦਾ) ਦੇ ਆਗੂ ਅਰਜਨ ਸਿੰਘ ਖੇਲਾ ਦੀ ਅਗਵਾਈ ’ਚ ਨੌਜਵਾਨ ਕਿਸਾਨ ਜਗਵਿੰਦਰ ਸਿੰਘ, ਗੁਰਜੀਤ ਸਿੰਘ ਤੂਰ ਆਦਿ ਉਦੋਂ ਦਾਖਲ ਹੋਏ ਜਦੋਂ ਵਿਧਾਇਕ ਹਿੱਸੋਵਾਲ ਨੇ ਜਲਸੇ ਨੂੰ ਸੰਬੋਧਨ ਕਰਨਾ ਸ਼ੁਰੂ ਕੀਤਾ। ਪਿੰਡ ਦੀ ਮਹਿਲਾ ਸਰਪੰਚ ਰਮਨਦੀਪ ਕੌਰ ਖਹਿਰਾ ਦੇ ਪਤੀ ਤੇ ਪੰਚ ਸਰਬਜੀਤ ਸਿੰਘ ਖਹਿਰਾ ਅਤੇ ਸਰਪੰਚ ਨਵਦੀਪ ਸਿੰਘ ਗਰੇਵਾਲ ਨੇ ਵਿਰੋਧ ਕਰ ਰਹੇ ਕਿਸਾਨਾਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ ਪਰ ਕਿਸਾਨ ਸਵਾਲਾਂ ਦੇ ਜਵਾਬ ਲੈਣ ’ਤੇ ਅੜੇ ਰਹੇ। ਉਨ੍ਹਾਂ ਪਹਿਲਾ ਸਵਾਲ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸੀਆਂ ਨੇ ਗੁਟਕਾ ਸਾਹਿਬ ਹੱਥ ’ਚ ਫੜ ਕੇ ਚਾਰ ਹਫ਼ਤੇ ’ਚ ਨਸ਼ੇ ਖ਼ਤਮ ਕਰਨ ਦੀ ਸਹੁੰ ਖਾਧੀ ਸੀ ਪਰ ਨਸ਼ੇ ਖ਼ਤਮ ਨਹੀਂ ਹੋਏ। ਇਸ ਤੋਂ ਇਲਾਵਾ ਕਾਂਗਰਸ ਦੀ ਪੰਜ ਸਾਲ ਦੀ ਕਾਰਗੁਜ਼ਾਰੀ ਨੂੰ ਲੈ ਕੇ ਅਤੇ ਕੀਤੇ ਵਾਅਦਿਆਂ ਬਾਰੇ ਸਵਾਲ ਪੁੱਛੇ ਗਏ। ਇਸ ’ਤੇ ਜੱਗਾ ਹਿੱਸੋਵਾਲ ਨੇ ਕਿਹਾ ਕਿ ਉਹ ਤਾਂ ‘ਆਪ’ ਵੱਲੋਂ ਰਾਏਕੋਟ ਤੋਂ ਵਿਧਾਇਕ ਬਣੇ ਸਨ ਅਤੇ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਹੀ ਕਾਂਗਰਸ ’ਚ ਆਏ ਹਨ। ਇਸ ’ਤੇ ਕਿਸਾਨਾਂ ਨੇ ਉਨ੍ਹਾਂ ਨੂੰ ਦਲ-ਬਦਲੀ ਦਾ ਕਾਰਨ ਪੁੱਛਿਆ, ਜਿਸ ਦਾ ਉਹ ਜਵਾਬ ਨਾ ਦੇ ਸਕੇ। ਕਿਸਾਨਾਂ ਨੇ ਸ਼ੇਰਪੁਰ ਕਲਾਂ ਲਈ ਸੰਸਦ ਮੈਂਬਰ ਰਵਨੀਤ ਬਿੱਟੂ ਵੱਲੋਂ ਪਿੰਡ ਨੂੰ ਡੇਢ ਕਰੋੜ ਦੀ ਐਲਾਨੀ ਗਰਾਂਟ ਨਾ ਮਿਲਣ ਸਬੰਧੀ ਵੀ ਸਵਾਲ ਕੀਤਾ। ਜੱਗਾ ਹਿੱਸੋਵਾਲ ਨੇ ਇਕ ਦੋ ਸਵਾਲਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਪਰ ਤਸੱਲੀ ਨਾ ਕਰਵਾ ਸਕੇ, ਜਿਸ ’ਤੇ ਹੰਗਾਮਾ ਖੜ੍ਹਾ ਹੋ ਗਿਆ ਤੇ ਕਾਂਗਰਸੀ ਵਰਕਰਾਂ ਨੂੰ ਪ੍ਰੋਗਰਾਮ ਛੱਡ ਕੇ ਜਾਣਾ ਪਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly